ਕੈਪਟਨ ਵਲੋਂ ਮੋਦੀ ਨੂੰ 3 ਦਰਿਆਵਾਂ ਦੇ ਕਿਨਾਰੇ ਪੱਕੇ ਕਰਨ ਦੀ ਅਪੀਲ
Friday, Oct 04, 2019 - 10:01 AM (IST)
ਨਵੀਂ ਦਿੱਲੀ/ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਿੰਧ ਜਲ ਪ੍ਰਬੰਧ ਦੇ 3 ਪੂਰਬੀ ਦਰਿਆਵਾਂ ਨੂੰ ਨਹਿਰਾਂ ਦੀ ਤਰਜ਼ 'ਤੇ ਪੱਕੇ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਜਲ ਸਰੋਤਾਂ ਦੀ ਸੰਭਾਲ ਅਤੇ ਖੇਤਰੀ ਆਰਥਿਕ ਵਿਕਾਸ ਨੂੰ ਮਜ਼ਬੂਤ ਕੀਤਾ ਜਾ ਸਕੇ। ਮੁੱਖ ਮੰਤਰੀ ਵਲੋਂ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਦੌਰਾਨ ਇਸ ਸਬੰਧੀ ਪ੍ਰਸਤਾਵ ਸੌਂਪਿਆ ਗਿਆ।
ਕੈਪਟਨ ਨੇ ਪੰਜਾਬ 'ਚ ਪਾਣੀ ਦੀ ਸ਼ਕਤੀ ਨੂੰ ਵਧਾਉਣ ਲਈ 985 ਕਿਲੋਮੀਟਰ ਲੰਬੇ ਦਰਿਆ ਦੇ ਕਿਨਾਰਿਆਂ 'ਤੇ ਤੇਜ਼ ਰਫਤਾਰ ਆਰਥਿਕ ਗਲਿਆਰੇ ਬਣਉਣ, ਹੜ੍ਹਾਂ ਤੋਂ ਬਚਾਅ ਦੇ ਉਪਾਅ ਅਤੇ ਸਤਲੁਜ, ਰਾਵੀ ਤੇ ਬਿਆਸ ਦਰਿਆ ਦੇ ਅੰਦਰੂਨੀ ਪਾਸੇ ਢਲਾਣ ਦੀ ਲਾਈਨਿੰਗ ਕਰਨ ਦੇ ਸੁਝਾਅ ਦਿੱਤੇ। ਕੈਪਟਨ ਨੇ ਕਿਹਾ ਕਿ ਇਸ ਨਾਲ ਖੇਤੀਬਾੜੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ ਅਤੇ ਉਦਯੋਗਿਤਾ 'ਚ ਤੇਜ਼ੀ ਆਵੇਗੀ।