ਅਕਾਲੀਆਂ ਨੂੰ ਕਲੀਨ ਚਿੱਟ ਤੇ ਸਿੱਧੂ ਨਾਲ ਨਿੱਜੀ ਟਕਰਾਅ ਬਾਰੇ ਕੈਪਟਨ ਨੇ ਕੀਤੇ ਵੱਡੇ ਖੁਲਾਸੇ (ਵੀਡੀਓ)

05/02/2019 6:48:18 PM

ਜਲੰਧਰ— ਬਰਗਾੜੀ ਮਾਮਲੇ 'ਚ ਸਿੱਟ ਵੱਲੋਂ ਅਕਾਲੀਆਂ ਨੂੰ ਕਲੀਨ ਚਿੱਟ ਦੇਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਅਕਾਲੀਆਂ ਨੂੰ ਕੋਈ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ ਅਤੇ ਅਕਾਲੀ ਝੂਠ ਬੋਲ ਰਹੇ ਹਨ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਦਿੱਤੇ ਗਏ ਇੰਟਰਵਿਊ 'ਚ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕਰਦੇ ਕਿਹਾ ਕਿ ਅਜੇ ਇਸ ਮਾਮਲੇ 'ਚ ਇਕ ਚਾਰਜਸ਼ੀਟ ਫਾਈਲ ਹੋਈ ਹੈ ਅਤੇ ਕਈ ਚਾਰਜਸ਼ੀਟਾਂ ਫਾਈਲ ਹੋਣੀਆਂ ਬਾਕੀ ਹੈ। ਇਸ ਤੋਂ ਇਲਾਵਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨਾਲ ਨਿੱਜੀ ਟਕਰਾਅ ਅਤੇ ਪੰਜਾਬ 'ਚ ਭੱਖਦੇ ਮਸਲਿਆਂ 'ਤੇ ਵੀ ਖੁੱਲ੍ਹ ਕੇ ਚਰਚਾ ਕੀਤੀ। 
ਸ : ਬਰਗਾੜੀ ਮਾਮਲੇ 'ਚ ਐੱਸ. ਆਈ. ਟੀ. ਵੱਲੋਂ ਦਿੱਤੀ ਗਈ ਕਲੀਨ ਚਿੱਟ ਕਾਰਨ ਅਕਾਲੀ ਨੇਤਾ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਤੁਸੀਂ ਇਸ ਸਬੰਧੀ ਕੀ ਕਹੋਗੇ?
ਜ :
ਅਕਾਲੀਆਂ ਨੂੰ ਕੋਈ ਕਲੀਨ ਚਿੱਟ ਨਹੀਂ ਮਿਲੀ। ਉਹ ਝੂਠ ਬੋਲ ਰਹੇ ਹਨ। ਅਗਲੇ ਹੀ ਦਿਨ ਐੱਸ. ਆਈ. ਟੀ. ਨੇ ਇਸ ਦਾ ਜਵਾਬ ਵੀ ਦੇ ਦਿੱਤਾ। ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਅਕਾਲੀ ਦੋਸ਼ੀ ਹਨ। ਅਜੇ ਇਸ ਮਾਮਲੇ 'ਚ ਇਕ ਚਾਰਜਸ਼ੀਟ ਫਾਈਲ ਹੋਈ ਹੈ। ਕਈ ਚਾਰਜਸ਼ੀਟਾਂ ਫਾਈਲ ਹੋਣੀਆਂ ਬਾਕੀ ਹਨ। ਹੋਰ ਚਾਰਜਸ਼ੀਟਾਂ ਪੂਰੀ ਪੜਤਾਲ ਤੋਂ ਬਾਅਦ ਫਾਈਲ ਹੋਣਗੀਆਂ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਰਹਿੰਦਿਆਂ ਪੰਜਾਬ 'ਚ ਗੋਲੀ ਕਿਵੇਂ ਚੱਲ ਗਈ। ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੀ ਕਰ ਰਹੇ ਸਨ? ਇਸ ਮਾਮਲੇ 'ਚ 600 ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕੀਤੀ ਗਈ ਹੈ। ਇਹ ਜਾਂਚ ਦਾ ਵਿਸ਼ਾ ਹੈ। ਜਾਂਚ ਕਦੋਂ ਮੁਕੰਮਲ ਹੋਵੇਗੀ, ਇਸ ਸਬੰਧੀ ਮੈਂ ਕੋਈ ਟਾਈਮ ਲਾਈਨ ਨਹੀਂ ਦੇ ਸਕਦਾ। ਇਸ ਦੇ ਪੂਰਾ ਹੋਣ ਪਿੱਛੋਂ ਰਿਪੋਰਟ ਮੇਰੇ ਕੋਲ ਨਹੀਂ ਆਏਗੀ, ਸਗੋਂ ਇਹ ਅਦਾਲਤ 'ਚ ਜਾਏਗੀ। ਅਦਾਲਤ ਹੀ ਇਸ ਦਾ ਫੈਸਲਾ ਕਰੇਗੀ।
ਸ : ਕੀ ਤੁਸੀਂ ਮੰਨਦੇ ਹੋ ਕਿ ਅਕਾਲੀ ਦਲ ਇਸ 'ਚ ਸ਼ਾਮਲ ਸੀ?
ਜ : ਮਨਤਾਰ ਬਰਾੜ ਨੇ ਉਸ ਰਾਤ 125 ਫੋਨ ਕਾਲ ਕੀਤੇ। 20 ਵਾਰ ਸੀ. ਐੱਮ. ਨਾਲ ਗੱਲਬਾਤ ਕੀਤੀ, ਥਾਣੇਦਾਰ ਨਾਲ ਗੱਲਬਾਤ ਕੀਤੀ। ਉਹ ਕੀ ਗੱਲਾਂ ਕਰ ਰਹੇ ਸਨ? ਮਨਤਾਰ ਬਰਾੜ ਪੁਲਸ ਅਤੇ ਸੀ. ਐੱਮ. ਦਰਮਿਆਨ ਵਿਚੋਲੇ ਦੀ ਭੂਮਿਕਾ 'ਚ ਸੀ। ਇਸ ਦੌਰਾਨ ਡੀ. ਜੀ. ਪੀ. ਸੈਣੀ ਨੇ ਵੀ ਸੀ. ਐੱਮ. ਨਾਲ ਗੱਲਬਾਤ ਕੀਤੀ। ਉਨ੍ਹਾਂ ਜ਼ੋਰਾ ਸਿੰਘ ਕਮਿਸ਼ਨ ਬਣਾਇਆ। ਉਸ ਦੀ ਫਾਈਲਿੰਗ ਰੱਦ ਕੀਤੀ। ਰਣਜੀਤ ਸਿੰਘ ਕਮਿਸ਼ਨ ਬੈਠਾ। ਹੁਣ ਫਿਰ ਐੱਸ. ਆਈ. ਟੀ. ਦੀ ਜਾਂਚ ਚੱਲ ਰਹੀ ਹੈ। ਜਾਂਚ ਦੀ ਰਿਪਰਟ ਆਉਣ ਦਿਓ। ਫੈਸਲਾ ਤਾਂ ਅਦਾਲਤ ਨੇ ਕਰਨਾ ਹੈ।
ਸ : ਭਗਵੰਤ ਮਾਨ ਦਾ ਦੋਸ਼ ਹੈ ਕਿ ਤੁਸੀਂ 10-10 ਕਰੋੜ ਰੁਪਏ 'ਚ ਵਿਧਾਇਕ ਖਰੀਦ ਰਹੇ ਹੋ?
ਜ :
ਮੇਰੀ ਕਿਹੜੀ ਸਰਕਾਰ ਡਿੱਗ ਰਹੀ ਹੈ ਕਿ ਮੈਂ 10-10 ਕਰੋੜ ਰੁਪਏ 'ਚ ਵਿਧਾਇਕ ਖਰੀਦਾਂਗਾ। ਮੇਰੇ ਕੋਲ 117 'ਚੋਂ 78 ਵਿਧਾਇਕ ਹਨ। ਇਹ ਦੋ ਤਿਹਾਈ ਬਹੁਮਤ ਹੈ। ਜੇ ਕੋਈ ਇਸ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਮੈਂ ਕਿਵੇਂ ਮਨ੍ਹਾ ਕਰ ਸਕਦਾ ਹਾਂ। ਮੈਂ ਸਾਬਕਾ ਫੌਜੀ ਹਾਂ ਅਤੇ ਮੈਨੂੰ ਪਤਾ ਹੈ ਕਿ ਜੰਗ ਵਿਚ ਫੌਜ ਦੀ ਤਾਕਤ ਵਧਣੀ ਚਾਹੀਦੀ ਹੈ। ਮਾਨਸ਼ਾਹੀਆ ਦੇ ਆਉਣ ਨਾਲ ਸਾਡੀ ਤਾਕਤ ਵਧੀ ਹੈ।
ਸ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ?
ਜ :
ਸਾਡੇ ਵੱਲੋਂ ਤਿਆਰੀਆਂ ਮੁਕੰਮਲ ਹਨ। ਇਸ 'ਤੇ 3500 ਕਰੋੜ ਰੁਪਏ ਦਾ ਖਰਚ ਆਏਗਾ। ਤਿਆਰੀਆਂ ਲਈ ਭਾਰਤ ਸਰਕਾਰ ਦੀ ਮਦਦ ਚਾਹੀਦੀ ਹੈ। ਭਾਰਤ ਸਰਕਾਰ ਹਾਂ ਤਾਂ ਕਰਦੀ ਹੈ ਪਰ ਅੱਗੇ ਨਹੀਂ ਵਧਦੀ। ਲਾਂਘੇ ਦੀ ਤਿਆਰੀ ਅਸੀਂ ਖੁਦ ਕਰ ਰਹੇ ਹਾਂ ਪਰ ਸਾਨੂੰ ਮਦਦ ਨਹੀਂ ਮਿਲ ਰਹੀ। ਨਵੰਬਰ ਤੱਕ ਇਹ ਕੰਮ ਮੁਕੰਮਲ ਹੋ ਜਾਏਗਾ। ਤਿਆਰੀ ਲਈ ਜ਼ਮੀਨ ਹਾਸਲ ਕਰਨ ਦਾ ਕੰਮ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।
ਸ : ਨਵਜੋਤ ਸਿੰਘ ਸਿੱਧੂ ਨਾਲ ਤੁਹਾਡਾ ਕੋਈ ਨਿੱਜੀ ਟਕਰਾਅ ਹੈ ਜਾਂ ਇਹ ਵਿਚਾਰਾਂ ਦੀ ਲੜਾਈ ਹੈ?
ਜ :
ਮੈਂ ਤਾਂ ਨਵਜੋਤ ਨੂੰ ਛੋਟੀ ਉਮਰ ਤੋਂ ਜਾਣਦਾ ਹਾਂ। ਜਦੋਂ ਮੈਂ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜੀ ਸੀ ਤਾਂ ਉਸ ਸਮੇਂ ਨਵਜੋਤ ਦੇ ਪਿਤਾ ਜ਼ਿਲਾ ਕਾਂਗਰਸ ਦੇ ਪ੍ਰਧਾਨ ਸਨ। ਮੈਂ ਉਸ ਨਾਲ ਕਿਉਂ ਨਾਰਾਜ਼ ਹੋਵਾਂਗਾ। ਉਹ ਆਪਣਾ ਕੰਮ ਕਰੇ। ਮੇਰੇ ਵਿਚਾਰਕ ਮਤਭੇਦ ਹਨ। ਮੈਂ ਉਥੇ ਖੁੱਲ੍ਹ ਕੇ ਬੋਲਾਂਗਾ। ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ 'ਚ ਜਨਰਲ ਬਾਜਵਾ ਨੂੰ ਜੱਫੀ ਪਾਉਣਾ ਗਲਤ ਸੀ ਕਿਉਂਕਿ ਉਸ ਦੇ ਹੁਕਮਾਂ 'ਤੇ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਬਾਜਵਾ ਨੂੰ ਉਥੇ ਜੱਫੀ ਪਾਵਾਂਗੇ ਤਾਂ ਸਰਹੱਦ 'ਤੇ ਤਾਇਨਾਤ ਸਾਡੇ ਜਵਾਨ ਕੀ ਸੋਚਣਗੇ। ਮੈਂ ਉਨ੍ਹਾਂ ਦਾ ਮਨੋਬਲ ਹੇਠਾਂ ਨਹੀਂ ਵੇਖ ਸਕਦਾ। ਮੈਂ ਫੌਜੀ ਰਿਹਾ ਹਾਂ ਅਤੇ ਮੇਰੀ ਆਪਣੀ ਸੋਚ ਹੈ।
ਸ : ਸਿੱਧੂ ਕਹਿੰਦੇ ਹਨ ਕਿ ਉਹ ਫੌਜੀ ਬਣਨਾ ਚਾਹੁੰਦੇ ਸਨ ਪਰ ਪਿਤਾ ਦੇ ਕਹਿਣ 'ਤੇ ਉਹ ਕ੍ਰਿਕਟਰ ਬਣ ਗਏ।
ਜ :
ਹੁਣ ਵੀ ਜਾ ਕੇ ਭਰਤੀ ਹੋ ਜਾਏ ਅਤੇ ਥੋੜ੍ਹੇ ਦਿਨ ਫੌਜ ਵਿਚ ਲਾ ਲਏ। ਬਹੁਤ ਕੁਝ ਸਿੱਖ ਜਾਏਗਾ। ਇਹ ਬਹੁਤ ਗੰਭੀਰ ਮੁੱਦਾ ਸੀ ਅਤੇ ਉਸ ਨੂੰ ਸਮਝਣਾ ਚਾਹੀਦਾ ਸੀ। ਪਾਕਿਸਤਾਨ ਜਦੋਂ ਤੋਂ ਬਣਿਆ ਹੈ, ਉਹ ਭਾਰਤ ਨਾਲ ਲੜਾਈ ਦੀ ਹਾਲਤ 'ਚ ਹੈ। ਸਰਹੱਦ ਪਾਰ ਤੋਂ ਰੋਜ਼ਾਨਾ ਗੋਲੀਬਾਰੀ ਹੋ ਰਹੀ ਹੈ। ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਸਾਨੂੰ ਆਪਣੇ ਜਵਾਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ।
ਸ. ਇਮਰਾਨ ਖਾਨ ਕਹਿੰਦੇ ਹਨ ਕਿ ਜੇ ਮੋਦੀ ਮੁੜ ਪੀ. ਐੱਮ. ਬਣੇ ਤਾਂ ਪਾਕਿਸਤਾਨ ਨਾਲ ਰਿਸ਼ਤੇ ਸੁਧਰ ਸਕਦੇ ਹਨ। ਤੁਹਾਨੂੰ ਕੀ ਲੱਗਦਾ ਹੈ?
ਜ :
ਉਹ ਕ੍ਰਿਕਟਰ ਤੋਂ ਪੀ. ਐੱਮ. ਬਣਿਆ ਹੈ ਅਤੇ ਉਹ ਕਈ ਵਾਰ ਭਾਰਤ ਆਇਆ ਹੈ। ਹੋ ਸਕਦਾ ਹੈ ਕਿ ਉਸ ਦੀ ਸੋਚ ਪੁਰਾਣੇ ਪ੍ਰਧਾਨ ਮੰਤਰੀਆਂ ਤੋਂ ਵੱਖ ਹੋਵੇ ਪਰ ਉਹ ਪਾਕਿਸਤਾਨ ਦੀ ਫੌਜ ਦੇ ਪ੍ਰਭਾਵ ਹੇਠ ਹੈ ਕਿਉਂਕਿ ਉਸ ਦੀ ਜਿੱਤ 'ਚ ਪਾਕਿਸਤਾਨ ਦੀ ਫੌਜ ਦੀ ਅਹਿਮ ਭੂਮਿਕਾ ਰਹੀ ਹੈ। ਜਦੋਂ ਤੱਕ ਪਾਕਿਸਤਾਨ ਦੀ ਫੌਜ ਨਹੀਂ ਚਾਹੁੰਦੀ, ਉਹ ਭਾਰਤ ਨਾਲ ਸਬੰਧ ਨਹੀਂ ਸੁਧਾਰ ਸਕਦਾ।


shivani attri

Content Editor

Related News