ਕੈਪਟਨ ਦੀ ਨਵਜੋਤ ਸਿੱਧੂ ਨੂੰ ''ਫੌਜ'' ''ਚ ਭਰਤੀ ਹੋਣ ਦੀ ਸਲਾਹ
Thursday, May 02, 2019 - 02:01 PM (IST)

ਜਲੰਧਰ (ਰਮਨਦੀਪ ਸੋਢੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਫੌਜ 'ਚ ਭਰਤੀ ਹੋਣ ਦੀ ਸਲਾਹ ਦਿੱਤੀ ਹੈ। ਅਸਲ 'ਚ ਜਦੋਂ 'ਜਗਬਾਣੀ' ਵਲੋਂ ਨਵਜੋਤ ਸਿੱਧੂ ਦੀ ਫੌਜੀ ਬਣਨ ਦੀ ਇੱਛਾ ਬਾਰੇ ਕੈਪਟਨ ਨੂੰ ਸਵਾਲ ਪੁੱਛਿਆ ਗਿਆ ਤਾਂ ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਹੁਣ ਵੀ ਜਾ ਕੇ ਫੌਜ 'ਚ ਭਰਤੀ ਹੋ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਥੋੜ੍ਹੇ ਦਿਨ ਫੌਜ 'ਚ ਲਾ ਲਵੇਗਾ ਤਾਂ ਬਹੁਤ ਕੁਝ ਸਿੱਖ ਜਾਵੇਗਾ। ਕੈਪਟਨ ਨੇ ਸਿੱਧੂ ਦੇ ਜਨਰਲ ਬਾਜਵਾ ਨੂੰ ਜੱਫੀ ਪਾਉਣ ਬਾਰੇ ਬੋਲਦਿਆਂ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਸੀ ਅਤੇ ਸਿੱਧੂ ਨੂੰ ਸਮਝਣਾ ਚਾਹੀਦਾ ਸੀ ਕਿ ਪਾਕਿਸਤਾਨ ਜਦੋਂ ਤੋਂ ਬਣਿਆ ਹੈ, ਉਹ ਭਾਰਤ ਨਾਲ ਲੜਾਈ ਦੀ ਹਾਲਤ 'ਚ ਹੈ।
ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਰੋਜ਼ਾਨਾ ਗੋਲਾਬਾਰੀ ਹੋ ਰਹੀ ਹੈ ਅਤੇ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜਵਾਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਵਲੋਂ ਪਾਕਿ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਉਣਾ ਗਲਤ ਸੀ। ਉੁਨ੍ਹਾਂ ਕਿਹਾ ਕਿ ਜੇਕਰ ਬਾਜਵਾ ਨੂੰ ਜੱਫੀ ਪਾਵਾਂਗੇ ਤਾਂ ਸਰਹੱਦ 'ਤੇ ਤਾਇਨਾਤ ਸਾਡੇ ਜਵਾਨ ਕੀ ਸੋਚਣਗੇ। ਕੈਪਟਨ ਨੇ ਕਿਹਾ ਕਿ ਉਹ ਫੌਜੀਆਂ ਦਾ ਮਨੋਬਲ ਹੇਠਾਂ ਡਿਗਦਾ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਉਹ ਫੌਜ 'ਚ ਰਹੇ ਹਨ ਅਤੇ ਉਨ੍ਹਾਂ ਦੀ ਆਪਣੀ ਸੋਚ ਹੈ।