ਜਲੰਧਰ: ਕੈਪਟਨ ਦੇ ਸੁਰੱਖਿਆ ਕਰਮਚਾਰੀ ਨਾਲ ਉਲਝਿਆ ਕਾਂਗਰਸੀ ਵਰਕਰ
Monday, Apr 22, 2019 - 06:46 PM (IST)
ਜਲੰਧਰ (ਵੈੱਬ ਡੈਸਕ) — ਜਲੰਧਰ ਵਿਖੇ ਅੱਜ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਮਹਿੰਦਰ ਸਿੰਘ ਕੇ.ਪੀ. ਨੂੰ ਮਨਾਉਣ ਪੁੱਜੇ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਕਰਮਚਾਰੀ ਦੇ ਨਾਲ ਕਾਂਗਰਸੀ ਵਰਕਰ ਦੀ ਝੜਪ ਹੋ ਗਈ। ਦਰਅਸਲ ਕਾਂਗਰਸੀ ਵਰਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਚਾਹੁੰਦਾ ਸੀ, ਜਿਸ ਕਰਕੇ ਉਹ ਕੈਪਟਨ ਨੂੰ ਮਿਲਣ ਲਈ ਅੱਗੇ ਵੱਧ ਰਿਹਾ ਸੀ ਕਿ ਇਸੇ ਦੌਰਾਨ ਸੁਰੱਖਿਆ ਕਰਮਚਾਰੀ ਦੇ ਨਾਲ ਉਸ ਦੀ ਝੜਪ ਹੋ ਗਈ।
ਇਹ ਸਭ ਮਹਿੰਦਰ ਸਿੰਘ ਕੇ. ਪੀ. ਦੇ ਘਰ ਦੇ ਬਾਹਰ ਵਾਪਰਿਆ। ਇਸ ਝੜਪ ਦੀਆਂ ਤਸਵੀਰਾਂ ਵੀ ਕੈਮਰੇ 'ਚ ਕੈਦ ਹੋ ਗਈਆਂ ਹਨ। ਹਾਲਾਂਕਿ ਮਾਮਲਾ ਮੌਕੇ 'ਤੇ ਸੁਲਝਾ ਲਿਆ ਗਿਆ। ਦਰਅਸਲ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇ. ਪੀ. ਨੂੰ ਮਨਾਉਣ ਅਤੇ ਸੰਤੋਖ ਸਿੰਘ ਚੌਧਰੀ ਦੇ ਹੱਕ 'ਚ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਨ ਲਈ ਜਲੰਧਰ ਪਹੁੰਚੇ ਸਨ, ਜਿੱਥੇ ਉਹ ਨਾਰਾਜ਼ ਚੱਲ ਰਹੇ ਕੇ. ਪੀ. ਨੂੰ ਵੀ ਮਨਾਉਣ 'ਚ ਕਾਮਯਾਬ ਰਹੇ।