ਮਰਹੂਮ ਪ੍ਰਧਾਨ ਮੰਤਰੀ ਵਾਜਪਾਈ ਜੀ ਦੀ ਪਹਿਲੀ ਬਰਸੀ, ਕੈਪਟਨ ਨੇ ਦਿੱਤੀ ਸ਼ਰਧਾਂਜਲੀ
Friday, Aug 16, 2019 - 10:16 AM (IST)

ਚੰਡੀਗੜ੍ਹ : ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਟਲ ਬਿਹਾਰੀ ਵਾਜਪਾਈ ਜੀ ਦੀ ਸ਼ੁੱਕਰਵਾਰ ਨੂੰ ਪਹਿਲੀ ਬਰਸੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਫੇਸਬੁੱਕ 'ਤੇ ਆਪਣੀ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਕ ਇਨਸਾਨ ਹਮੇਸ਼ਾ ਆਪਣੇ ਚੰਗੇ ਕੰਮਾਂ ਤੇ ਉੱਚੀ ਸੋਚ ਕਰਕੇ ਜਾਣਿਆ ਜਾਂਦਾ ਤੇ ਅਟਲ ਬਿਹਾਰੀ ਵਾਜਪਾਈ ਜੀ ਉਨ੍ਹਾਂ ਲੋਕਾਂ 'ਚੋਂ ਇੱਕ ਸਨ।
ਕੈਪਟਨ ਨੇ ਵਾਜਪਾਈ ਜੀ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਜਦੋਂ 1970 'ਚ ਉਹ 3 ਦਿਨ ਪਟਿਆਲਾ ਰਹੇ ਸਨ ਤਾਂ ਉਦੋਂ ਉਹ ਡਕਾਲਾ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਲੜ ਰਹੇ ਸਨ ਅਤੇ ਵਾਜਪਾਈ ਜੀ ਨੇ ਉਨ੍ਹਾਂ ਲਈ ਪ੍ਰਚਾਰ ਕੀਤਾ ਸੀ। ਕੈਪਟਨ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਬਰਸੀ ਮੌਕੇ ਅਸੀਂ ਉਨ੍ਹਾਂ ਦੀ ਉੱਚੀ ਸੋਚ ਅਤੇ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਅੱਗੇ ਸਿਰ ਝੁਕਾਉਂਦੇ ਹਾਂ ਅਤੇ ਅਟਲ ਜੀ ਹਮੇਸ਼ਾਂ ਸਾਡੀਆਂ ਯਾਦਾਂ ਅਤੇ ਸਾਡੇ ਦਿਲਾਂ 'ਚ ਰਹਿਣਗੇ।