ਅਕਾਲੀ ਦਲ ਦੇ ਮਲਬੇ ਨਾਲ ਕੋਠੀ ਪਾਉਣ ਫਿਰਦੈ ਕੈਪਟਨ ਅਮਰਿੰਦਰ ਸਿੰਘ : ਸੁਖਬੀਰ

12/06/2016 11:37:23 AM

ਚੰਡੀਗੜ੍ਹ (ਪਰਾਸ਼ਰ)— ਮਹਾਰਾਜਾ ਅਮਰਿੰਦਰ ਸਿੰਘ ਉਨ੍ਹਾਂ ਨਿੱਕੇ-ਮੋਟੇ ਇੱਟਾਂ-ਰੋੜਿਆਂ ਨਾਲ ਕਾਂਗਰਸ ਦੀ ਕੋਠੀ ਪਾਉਣ ਨੂੰ ਫਿਰਦਾ ਹੈ, ਜਿਨ੍ਹਾਂ ਨੂੰ ਅਕਾਲੀ ਦਲ ਨੇ ਮਲਬਾ ਸਮਝ ਕੇ ਪਾਰਟੀ ''ਚੋਂ ਬਾਹਰ ਸੁੱਟ ਦਿੱਤਾ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇੱਥੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹ ਅਕਾਲੀ ਦਲ ''ਚੋਂ ਟਿਕਟਾਂ ਨਾ ਮਿਲਣ ''ਤੇ ਨਾਰਾਜ਼ ਹੋਏ ਆਗੂਆਂ ਦੇ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਵਿਚ ਧੜੋਧੜੀ ਕੀਤੇ ਜਾ ਰਹੇ ਰਲੇਵੇਂ ''ਤੇ ਟਿੱਪਣੀ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਇਹ ਗੱਲ ਮੰਨ ਲਈ ਹੈ ਕਿ ਅਕਾਲੀ ਦਲ ਵੱਲੋਂ ਨਕਾਰੇ ਆਗੂ ਵੀ ਕਾਂਗਰਸ ਦੇ ਉਮੀਦਵਾਰਾਂ ਨਾਲੋਂ ਕਿਤੇ ਵੱਧ ਚੰਗੇ ਹਨ। ਜਿਸ ਕਰਕੇ ਉਹ ਮਲੀਆਮੇਟ ਹੋਈ ਕਾਂਗਰਸ ਨੂੰ ਮੁੜ ਖੜ੍ਹੀ ਕਰਨ ਲਈ ਅਕਾਲੀ ਦਲ ਵੱਲੋਂ ਰੱਦ ਕੀਤੇ ਆਗੂਆਂ ਦਾ ਆਸਰਾ ਲੱਭ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਉਮੀਦਵਾਰਾਂ ਦਾ ਐਲਾਨ ਅਜੇ ਕੁੱਝ ਦਿਨ ਲਈ ਟਾਲ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਅਕਾਲੀ ਦਲ ਦੀ ਆਖਰੀ ਸੂਚੀ ਜਾਰੀ ਹੋਣ ਤੋਂ ਬਾਅਦ ਅਮਰਿੰਦਰ ਸਿੰਘ ਨੂੰ ਆਪਣੀ ਪਾਰਟੀ ''ਚ ਸ਼ਾਮਲ ਕਰਨ ਲਈ ਕੁੱਝ ਹੋਰ ''ਰੱਦੀ ਮਾਲ'' ਆਗੂ ਲੱਭ ਜਾਵੇ।
ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਡੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਬਹੁਤ ਹੀ ਸੋਚ ਸਮਝ ਕੇ ਕੀਤੀ ਜਾ ਰਹੀ ਹੈ। ਅਸੀਂ ਵੱਖ ਵੱਖ ਸਰਵੇਖਣਾਂ ਰਾਹੀਂ ਉਮੀਦਵਾਰਾਂ ਦੀ ਜਿੱਤਣ ਦੀ ਯੋਗਤਾ ਨੂੰ ਪਰਖਣ ਮਗਰੋਂ ਹੀ ਟਿਕਟਾਂ ਦੇ ਰਹੇ ਹਾਂ। ਇਹ ਵੇਖ ਕੇ ਸੱਚਮੁੱਚ ਬਹੁਤ ਹੈਰਾਨੀ ਹੁੰਦੀ ਹੈ ਕਿ ਅਕਾਲੀ ਦਲ ਵੱਲੋਂ ਰੱਦ ਕੀਤੇ ਆਗੂਆਂ ਨੂੰ ਅਮਰਿੰਦਰ ਸਿੰਘ ਕਾਂਗਰਸੀ ਹਾਰ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਅਕਾਲੀ ਦਲ ਵੱਲੋਂ ਬਾਹਰ ਸੁੱਟੇ ਗਏ ਮਲਬੇ ਨਾਲ ਅਮਰਿੰਦਰ ਸਿੰਘ ਕੋਠੀ ਪਾਉਣ ਦਾ ਸੁਪਨਾ ਲੈ ਰਿਹਾ ਹੈ।
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਵਾਸਤੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਬਹੁਤ ਹੀ ਸਿਆਣਪ ਅਤੇ ਦਲੇਰੀ ਨਾਲ ਨਿਬੇੜਿਆ ਹੈ। ਉਨ੍ਹਾਂ ਨੇ ਕਿਸਾਨਾਂ ਦੀ ਜ਼ਮੀਨ ਮੁਫਤ ਵਿਚ ਵਾਪਸ ਕਰਕੇ ਇਸ ਐੱਸ.ਵਾਈ.ਐੱਲ. ਦੇ ਕਲੇਸ਼ ਦੀ ਜੜ੍ਹ ਹੀ ਵੱਢ ਦਿੱਤੀ ਹੈ।  ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਸਿਰਫ  ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਅਕਾਲੀ-ਭਾਜਪਾ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਨੇ ਅਥਾਹ ਤਰੱਕੀ ਕੀਤੀ ਹੈ। ਵਪਾਰ, ਉਦਯੋਗ, ਖੇਤੀਬਾੜੀ, ਬੁਨਿਆਦੀ  ਢਾਂਚਾ ਅਤੇ ਪ੍ਰਸ਼ਾਸਕੀ ਸੁਧਾਰ ਆਦਿ ਹਰ ਖੇਤਰ ਵਿਚ ਬੇਮਿਸਾਲ ਵਿਕਾਸ ਵੇਖਣ ਨੂੰ ਮਿਲਿਆ ਹੈ।


Gurminder Singh

Content Editor

Related News