ਏਸ਼ੀਅਨ ਹਾਕੀ ਚੈਂਪੀਅਨਸ਼ਿਪ ਨਾਲ ਜਲੰਧਰ ਦਾ ਮਾਣ ਵਧਿਆ, ਪਰ ਬਰਲਟਨ ਪਾਰਕ ਦੇ ਆਲੇ-ਦੁਆਲੇ ਦੇ ਲੋਕ ਹੋਏ ਕਾਫ਼ੀ ਪ੍ਰੇਸ਼ਾਨ
Wednesday, Oct 28, 2026 - 01:13 PM (IST)
ਜਲੰਧਰ (ਖੁਰਾਣਾ)–ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਲੰਧਰ ਵਰਗੇ ਸ਼ਹਿਰ ਵਿਚ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦਾ ਆਯੋਜਨ ਹੋਣਾ ਮਾਣ ਦੀ ਗੱਲ ਹੈ। ਇਹ ਸ਼ਹਿਰ ਲਈ ਸੁਭਾਗ ਦੀ ਗੱਲ ਹੈ ਕਿ ਇਸ ਅੰਤਰਰਾਸ਼ਟਰੀ ਪ੍ਰਤੀਯੋਗਿਤਾ ਦੇ ਮੁਕਾਬਲੇ ਬਰਲਟਨ ਪਾਰਕ ਸਥਿਤ ਹਾਕੀ ਸਟੇਡੀਅਮ ਵਿਚ ਹੋ ਰਹੇ ਹਨ। ਇਸ ਪ੍ਰਤੀਯੋਗਿਤਾ ਕਾਰਨ ਜਲੰਧਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਮਿਲ ਰਹੀ ਹੈ ਅਤੇ ਦੂਜੇ ਦੇਸ਼ਾਂ ਦੀਆਂ ਟੀਮਾਂ ਵੀ ਇਥੇ ਪਹੁੰਚੀਆਂ ਹੋਈਆਂ ਹਨ ਪਰ ਇਸ ਵੱਡੇ ਆਯੋਜਨ ਕਾਰਨ ਬਰਲਟਨ ਪਾਰਕ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਜਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਵੀ ਪ੍ਰਸ਼ਾਸਨ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਕਾਰਨ ਦੂਜੇ ਦੇਸ਼ਾਂ ਦੀਆਂ ਟੀਮਾਂ ਦੇ ਨਾਲ-ਨਾਲ ਕਈ ਵੀ. ਵੀ. ਆਈ. ਪੀ. ਵੀ ਬਰਲਟਨ ਪਾਰਕ ਪਹੁੰਚ ਰਹੇ ਹਨ। ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਪੂਰੇ ਇਲਾਕੇ ਨੂੰ ਸੰਵੇਦਨਸ਼ੀਲ ਮੰਨਦੇ ਹੋਏ ਟ੍ਰੈਫਿਕ ਡਾਇਵਰਟ ਕਰ ਦਿੱਤਾ। ਇਸ ਕਾਰਨ ਬਰਲਟਨ ਪਾਰਕ ਦੇ ਆਲੇ-ਦੁਆਲੇ ਸਥਿਤ ਵਿੰਡਸਰ ਪਾਰਕ ਕਾਲੋਨੀ, ਰੋਜ਼ ਪਾਰਕ, ਜੈਨ ਕਾਲੋਨੀ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਮਰ ਨਗਰ ਅਤੇ ਆਰਿਆ ਨਗਰ ਸਮੇਤ ਕਈ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ
ਸਕੂਲੀ ਬੱਚਿਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ
ਸਥਾਨਕ ਲੋਕਾਂ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਰਹੀ ਕਿ ਇਸ ਇਲਾਕੇ ਵਿਚ ਸਕੂਲ ਬੱਸਾਂ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕਾਰਨ ਸਕੂਲੀ ਬੱਚਿਆਂ ਨੂੰ ਪ੍ਰੇਸ਼ਾਨੀ ਉਠਾਉਣੀ ਪਈ। ਰੋਜ਼ਾਨਾ ਸਕੂਲ ਆਉਣ-ਜਾਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਸਥਿਤੀ ਮੁਸ਼ਕਿਲ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਤੀਯੋਗਿਤਾ ਦੌਰਾਨ ਸੁਰੱਖਿਆ ਵਿਵਸਥਾ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਆਮ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਬਰਲਟਨ ਪਾਰਕ ਦੇ ਆਲੇ-ਦੁਆਲੇ ਦਾ ਪੂਰਾ ਇਲਾਕਾ ਟ੍ਰੈਫਿਕ ਵਿਵਸਥਾ ਵਿਚ ਬਦਲਾਅ ਕਾਰਨ ਪ੍ਰਭਾਵਿਤ ਰਿਹਾ। ਸਥਾਨਕ ਲੋਕਾਂ ਨੂੰ ਆਪਣੇ ਘਰਾਂ ਤਕ ਆਉਣ-ਜਾਣ ਅਤੇ ਜ਼ਰੂਰੀ ਕੰਮਾਂ ਲਈ ਨਿਕਲਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਚਿੰਤਾ ਹੈ ਕਿ ਜੇਕਰ ਪ੍ਰਤੀਯੋਗਿਤਾ ਦੌਰਾਨ ਇਸੇ ਤਰ੍ਹਾਂ ਟ੍ਰੈਫਿਕ ਬੰਦ ਜਾਂ ਡਾਇਵਰਟ ਰੱਖਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਵੀ ਉਨ੍ਹਾਂ ਨੂੰ ਅਜਿਹੀਆਂ ਹੀ ਮੁਸ਼ਕਿਲਾਂ ਵਿਚੋਂ ਲੰਘਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ! ਸਹਿਮੇ ਲੋਕ
ਸੁਰੱਖਿਆ ਦੇ ਨਾਲ -ਨਾਲ ਆਮ ਲੋਕਾਂ ਦੀ ਸਹੂਲਤ ਦਾ ਵੀ ਰੱਖਿਆ ਜਾਵੇ ਧਿਆਨ
ਸਥਾਨਕ ਲੋਕਾਂ ਦੀ ਮੰਗ ਹੈ ਕਿ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੌਰਾਨ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਰੱਖਦੇ ਹੋਏ ਬਰਲਟਨ ਪਾਰਕ ਦੇ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਵਿਚ ਆਵਾਜਾਈ ਚਾਲੂ ਰੱਖੀ ਜਾਵੇ। ਇਸ ਲਈ ਲੋੜ ਅਨੁਸਾਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਅਤੇ ਸੁਰੱਖਿਆ ਦੇ ਵਾਧੂ ਇੰਤਜ਼ਾਮ ਕੀਤੇ ਜਾਣ ਤਾਂ ਕਿ ਪ੍ਰਤੀਯੋਗਿਤਾ ਵੀ ਸੁਚਾਰੂ ਰੂਪ ਨਾਲ ਚੱਲਦੀ ਰਹੇ ਅਤੇ ਆਮ ਲੋਕਾਂ ਨੂੰ ਵੀ ਬੇਵਜ੍ਹਾ ਪ੍ਰੇਸ਼ਾਨੀ ਨਾ ਉਠਾਉਣੀ ਪਵੇ। ਲੋਕਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ਜਲੰਧਰ ਲਈ ਮਾਣ ਦੀ ਗੱਲ ਹੈ ਅਤੇ ਸਾਰੇ ਸ਼ਹਿਰ ਵਾਸੀ ਚਾਹੁੰਦੇ ਹਨ ਕਿ ਇਹ ਆਯੋਜਨ ਸਫ਼ਲ ਰਹੇ ਪਰ ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਆਲੇ-ਦੁਆਲੇ ਦੀਆਂ ਕਾਲੋਨੀਆਂ ਵਿਚ ਰਹਿਣ ਵਾਲੇ ਲੋਕਾਂ, ਸਕੂਲੀ ਬੱਚਿਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲਿਆਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਕਰਨਾ ਚਾਹੀਦਾ ਹੈ। ਸੁਰੱਖਿਆ ਅਤੇ ਆਮ ਜਨਤਾ ਦੀ ਸਹੂਲਤ ਵਿਚਕਾਰ ਤਾਲਮੇਲ ਬਣਾ ਕੇ ਹੀ ਇਸ ਆਯੋਜਨ ਨੂੰ ਸਾਰਿਆਂ ਲਈ ਬਿਹਤਰ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ NH 'ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ, ਉੱਡੇ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
