ਲੋਕ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਮਾਰਟ ਫੋਨ ਵੰਡੇਗੀ ਕੈਪਟਨ ਸਰਕਾਰ
Saturday, Nov 10, 2018 - 01:27 PM (IST)

ਚੰਡੀਗੜ੍ਹ : ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਸਰਕਾਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਨੌਜਵਾਨਾਂ ਨੂੰ 30 ਲੱਖ ਸਮਾਰਟ ਫੋਨ ਵੰਡ ਸਕਦੀ ਹੈ। ਗਲੋਬਲ ਟੈਂਡਰ ਰਾਹੀਂ ਮੁਹੱਈਆ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਰਟਫੋਨਸ ਵਿਚ ਇਕ ਸਾਲ ਲਈ ਫ੍ਰੀ ਡਾਟਾ ਅਤੇ ਕਾਲਿੰਗ ਦੀ ਸਹੂਲਤ ਦਿੱਤੀ ਜਾਵੇਗੀ। ਉਦਯੋਗ ਅਤੇ ਵਪਾਰ ਵਿਭਾਗ ਵਲੋਂ ਇਸ ਸੰਬੰਧੀ ਯੋਜਨਾ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ।
ਸੂਤਰਾਂ ਮੁਤਾਬਕ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣ ਲਈ ਸਾਰੇ ਕੰਮ ਟੈਂਡਰਾਂ ਰਾਹੀਂ ਕੀਤੇ ਜਾਣਗੇ ਅਤੇ ਇਹ ਪ੍ਰਕਿਰਿਆ ਨਵੰਬਰ ਦੇ ਅੰਤ ਤੱਕ ਪੂਰੀ ਹੋ ਜਾਵੇਗੀ। ਵਧੀਕ ਮੁੱਖ ਸਕੱਤਰ ਉਦਯੋਗ ਵਿਨੀ ਮਹਾਜਨ ਨੇ ਕਿਹਾ ਹੈ ਕਿ ਦਸੰਬਰ ਤਕ ਟੈਂਡਰ ਅਲਾਟ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਆਸ ਹੈ ਕਿ ਜਨਵਰੀ ਅਤੇ ਫਰਵਰੀ ਵਿਚ ਸਮਾਰਟਫੋਨ ਮੁਹੱਈਆ ਕਰਵਾ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਦੇ ਪਹਿਲੇ ਬਜਟ ਸੈਸ਼ਨ ਦੌਰਾਨ ਸਮਾਰਟ ਫੋਨ ਲਈ 10 ਕਰੋੜ ਰੁਪਏ ਰਾਖਵੇਂ ਰੱਖਣ ਦੀ ਤਜਵੀਜ ਰੱਖੀ ਸੀ। ਹਾਲਾਂਕਿ ਮੁੱਖ ਮੰਤਰੀ ਨੇ ਸੱਤਾ ਵਿਚ ਆਉਣ ਦੇ 100 ਦਿਨਾਂ ਦੇ ਅੰਦਰ-ਅੰਦਰ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਕਰਨ ਦੀ ਗੱਲ ਆਖੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵਲੋਂ ਮਿੱਥੀਆਂ ਬੋਲੀਆਂ ਦੇ ਆਧਾਰ 'ਤੇ ਇਸ ਯੋਜਨਾ ਲਈ ਨਵਾਂ ਬਜਟ ਮਨਜ਼ੂਰ ਕੀਤਾ ਜਾ ਸਕਦਾ ਹੈ।