ਕੈਪਟਨ ਨੇ ਅਮਰੀਕਾ 'ਚ ਪਹਿਲੇ ਸਿੱਖ ਪੁਲਸ ਅਫਸਰ ਦੇ ਕਤਲ 'ਤੇ ਜਤਾਇਆ ਦੁੱਖ

Saturday, Sep 28, 2019 - 12:26 PM (IST)

ਚੰਡੀਗੜ੍ਹ (ਵੈਬ ਡੈਸਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਦੇ ਹਿਊਸਟਨ (ਟੈਕਸਾਸ) ਵਿਖੇ ਪਹਿਲੇ ਦਸਤਾਰਧਾਰੀ ਪੁਲਸ ਅਫਸਰ ਦਾ ਕਤਲ ਕੀਤੇ ਜਾਣ 'ਤੇ ਦੁੱਖ ਪ੍ਰਗਟਾਇਆ ਹੈ। ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਹੈ 'ਸੰਦੀਪ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਸੁਣ ਕੇ ਮਨ ਬਹੁਤ ਦੁਖੀ ਹੋਇਆ। ਕੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਇਹ ਸਜ਼ਾ ਹੁੰਦੀ ਹੈ? ਮੈਂ ਸੰਦੀਪ ਸਿੰਘ ਜੀ ਦੇ ਪਰਿਵਾਰ ਦੇ ਨਾਲ ਹਾਂ ਤੇ ਅਰਦਾਸ ਕਰਦਾ ਹਾਂ ਕਿ ਰੱਬ ਉਨ੍ਹਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਹੈਰਿਸ ਕਾਊਂਟੀ ਵਿਖੇ ਟਰੈਫਿਕ ਸਟਾਪ 'ਤੇ ਆਪਣੀ ਰੂਟੀਨ ਡਿਊਟੀ 'ਤੇ ਸੀ। ਇਸ ਦੌਰਾਨ ਉਨ੍ਹਾਂ ਨੇ ਟਰੈਫਿਕ ਦੀ ਉਲੰਘਣਾ ਕਰਨ 'ਤੇ ਇਕ ਕਾਰ ਨੂੰ ਰੋਕਿਆ। ਗੁੱਸੇ ਵਿਚ ਕਾਰ ਸਵਾਰ ਨੇ ਸੰਦੀਪ ਧਾਲੀਵਾਲ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਧਾਲੀਵਾਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ।

ਦੱਸ ਦੇਈਏ ਕਿ 2015 ਵਿਚ ਸੰਦੀਪ ਧਾਲੀਵਾਲ ਨੇ ਉਸ ਸਮੇਂ ਇਤਿਹਾਸ ਰੱਚ ਦਿੱਤਾ ਸੀ ਜਦੋਂ ਹੈਰਿਸ ਕਾਊਂਟੀ ਸ਼ੈਰਿਫ ਆਫਿਸ ਵੱਲੋਂ ਉਨ੍ਹਾਂ ਨੇ ਦਾੜ੍ਹੀ ਤੇ ਦਸਤਾਰ ਸਮੇਤ ਗਸ਼ਤ ਕਰਨ ਦੀ ਆਗਿਆ ਹਾਸਲ ਕੀਤੀ ਸੀ। ਉਹ ਅਜਿਹਾ ਕਰਨ ਵਾਲੇ ਪਹਿਲੇ ਸਿੱਖ ਡਿਪਟੀ ਸ਼ੈਰਿਫ ਸਨ। ਧਾਲੀਵਾਲ ਅਮਰੀਕਾ ਦੇ ਸਿੱਖ ਨੌਜਵਾਨਾਂ ਲਈ ਰੋਲ ਮਾਡਲ ਸਨ।

ਧਾਲੀਵਾਲ ਤਿੰਨ ਬੱਚੇ ਤੇ ਪਤਨੀ ਛੱਡ ਗਏ ਹਨ। ਧਾਲੀਵਾਲ ਦੇ ਕਤਲ ਦੀ ਖ਼ਬਰ ਨਾਲ ਸਿੱਖ ਜਗਤ ਵਿਚ ਸੋਗ ਦੀ ਲਹਿਰ ਹੈ। ਧਾਲੀਵਾਲ ਇਕ ਬੇਹੱਦ ਬਹਾਦਰ ਪੁਲਸ ਵਾਲੇ ਸਨ, ਜਿਨ੍ਹਾਂ ਨੇ ਆਖਰੀ ਸਮੇਂ ਵਿਚ ਵੀ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਉਨ੍ਹਾਂ ਦੀ ਮੌਤ ਨਾਲ ਅਮਰੀਕੀ ਪੁਲਸ ਨੂੰ ਇਕ ਬਹਾਦਰ ਅਫਸਰ ਦਾ ਘਾਟਾ ਪਿਆ ਹੈ।


cherry

Content Editor

Related News