ਮੁੱਖ ਮੰਤਰੀ ਵਲੋਂ ਰਾਣਾ ਗੁਰਜੀਤ ਖਿਲਾਫ ਦਿੱਤੇ ਜਾਂਚ ਦੇ ਹੁਕਮਾਂ ''ਤੇ ਅਕਾਲੀ ਦਲ ਦਾ ਖੁਲਾਸਾ

05/31/2017 11:52:07 AM

ਚੰਡੀਗੜ੍ਹ (ਪਰਾਸ਼ਰ) : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਬੇਨਾਮੀ ਸੌਦਿਆਂ ''ਚ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ ਵਾਲੀ ਧਿਰ ਕਿਉਂ ਬਣਿਆ? ਉਸ ਨੇ ਰਾਣਾ ਗੁਰਜੀਤ ਦੇ ਖਾਨਸਾਮੇ ਅਤੇ ਕਰਮਚਾਰੀਆਂ ਵਲੋਂ ਹਾਸਿਲ ਕੀਤੀਆਂ ਰੇਤਾ-ਬੱਜਰੀ ਦੀਆਂ ਖੱਡਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦਾ ਮੁਖੀ ਮੰਤਰੀ ਦੇ ਖਾਸ ਤੇ ਨੇੜਲੇ ਜੱਜ ਨੂੰ ਕਿਉਂ ਲਾਇਆ ਹੈ?
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਰਾਜ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਰਾਣਾ ਗੁਰਜੀਤ ਦੇ ਰਿਟਾਇਰਡ ਜੱਜ ਜੇ. ਐੱਸ. ਨਾਰੰਗ ਨਾਲ ਬਹੁਤ ਹੀ ਨੇੜਲੇ ਸੰਬੰਧ ਹਨ। ਇਹ ਗੱਲ ਹੁਣ ਸਪੱਸ਼ਟ ਹੋ ਗਈ ਹੈ ਕਿ ਕੱਲ ਰਾਣਾ ਗੁਰਜੀਤ ਕੈਪਟਨ ਅਮਰਿੰਦਰ ਨੂੰ ਆਪਣਾ ਅਸਤੀਫਾ ਦੇਣ ਨਹੀਂ ਸੀ ਗਿਆ, ਸਗੋਂ ਇਕ ਦੋਸਤਾਨਾ ਕਮਿਸ਼ਨ ਦੀ ਨਿਯੁਕਤੀ ਵਾਸਤੇ ਸਲਾਹ ਦੇਣ ਗਿਆ ਸੀ, ਜਿਹੜਾ ਕਿ ਉਸ ਨੂੰ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਤੇ ਹਾਲ ਹੀ ''ਚ ਰੇਤ ਤੇ ਬੱਜਰੀ ਦੀਆਂ ਖੱਡਾਂ ਦੀ ਈ-ਨੀਲਾਮੀ ਦੌਰਾਨ ਕੀਤੇ ਬੇਨਾਮੀ ਸੌਦਿਆਂ ਦੇ ਦੋਸ਼ਾਂ ਤੋਂ ਮੁਕਤ ਕਰ ਦੇਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਰਾਣਾ ਗੁਰਜੀਤ ਨੇ ਆਪਣੇ ਖਾਨਸਾਮੇ ਅਮਿਤ ਬਹਾਦਰ ਨੂੰ ਖੜ੍ਹਾ ਕੀਤਾ ਸੀ, ਜਿਸ ਨੇ 26 ਕਰੋੜ ਦੀ ਰੇਤੇ ਦੀ ਖੱਡ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਉਹ ਤਿੰਨ ਹੋਰ ਕਰਮਚਾਰੀਆਂ ਨੂੰ ਅੱਗੇ ਕਰ ਚੁੱਕਾ ਹੈ, ਜਿਨ੍ਹਾਂ ਨੇ ਮਿਲ ਕੇ 50 ਕਰੋੜ ਰੁਪਏ ਦੀਆਂ ਬੋਲੀਆਂ ਲਾਈਆਂ ਸਨ। ਹੁਣ ਉਸ ਨੇ ਆਪਣੇ ਇਕ ਕਾਰੋਬਾਰੀ ਦੋਸਤ ਕੈਪਟਨ ਜੇ. ਐੱਸ. ਰੰਧਾਵਾ ਦੇ ਲੜਕੇ ਦਾ ਨਾਂ ਪੇਸ਼ ਕਰਕੇ ਦਾਅਵਾ ਕੀਤਾ ਹੈ ਕਿ ਰੰਧਾਵਾ ਦੀਆਂ ਕੰਪਨੀਆਂ ਨੇ ਇਨ੍ਹਾਂ ਨਿਲਾਮੀਆਂ ਵਾਸਤੇ ਪੈਸਾ ਲਾਇਆ ਸੀ ਤੇ ਉਸ ਦਾ ਖਾਨਸਾਮਾ ਤੇ ਦੂਜੇ ਕਰਮਚਾਰੀ ਇਨ੍ਹਾਂ ਕੰਪਨੀਆਂ ਦੇ ਮਹਿਜ ਕੰਮਕਾਜੀ ਹਿੱਸੇਦਾਰ ਹਨ।
ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਵੀ ਮੰਨਣਯੋਗ ਨਹੀਂ ਹੈ, ਕਿਉਂਕਿ ਕੈਪਟਨ ਰੰਧਾਵਾ ਦੇ ਘਰ ''ਚ ਰਹਿੰਦਾ ਸੀ। ਇਹ ਬਿਲਕੁਲ ਸਾਫ ਬੇਨਾਮੀ ਸੌਦਿਆਂ ਦਾ ਮਾਮਲਾ ਹੈ। ਇਸ ਬਾਰੇ ਇਹ ਜਾਂਚ ਕਰਨ ਦੀ ਲੋੜ ਹੈ ਕਿ ਪੈਸਾ ਕਿੱਥੋਂ ਆਇਆ, ਕਿਸ ਨੇ ਲਾਇਆ? ਇਸ ਤੋਂ ਇਲਾਵਾ ਹਵਾਲਾ ਲੈਣ ਦੇਣ ਬਾਰੇ ਵੀ ਜਾਂਚ ਕੀਤੇ ਜਾਣ ਦੀ ਲੋੜ ਹੈ। ਇਹ ਸਾਰੇ ਕੰਮ ਸਿਰਫ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਇਨਕਮ ਟੈਕਸ ਅਧਿਕਾਰੀ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਨ।
ਢੀਂਡਸਾ ਨੇ ਕਿਹਾ ਕਿ ਰਾਣਾ ਗੁਰਜੀਤ ਖਿਲਾਫ ਢੇਰਾਂ ਸਬੂਤ ਹੋਣ ਦੇ ਬਾਵਜੂਦ ਵੀ ਜੇਕਰ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਇਹ ਮੁੱਦਾ ਲੋਕਾਂ ''ਚ ਲੈ ਕੇ ਜਾਵੇਗਾ ਤੇ ਮੰਤਰੀ ਨੂੰ ਬਰਖਾਸਤ ਕਰਵਾਉਣ ਲਈ ਵੱਡਾ ਅੰਦੋਲਨ ਸ਼ੁਰੂ ਕਰੇਗਾ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਵਿੱਢੇਗਾ।


Gurminder Singh

Content Editor

Related News