550ਵੇਂ ਪ੍ਰਕਾਸ਼ ਪੁਰਬ ਮੌਕੇ ਆਏ ਪ੍ਰਵਾਸੀਆਂ ਨੂੰ ਕੈਪਟਨ ਤੇ ਪ੍ਰਨੀਤ ਨੇ ਦਿੱਤਾ ਰਾਤ ਦਾ ਖਾਣਾ

Tuesday, Nov 12, 2019 - 09:44 AM (IST)

550ਵੇਂ ਪ੍ਰਕਾਸ਼ ਪੁਰਬ ਮੌਕੇ ਆਏ ਪ੍ਰਵਾਸੀਆਂ ਨੂੰ ਕੈਪਟਨ ਤੇ ਪ੍ਰਨੀਤ ਨੇ ਦਿੱਤਾ ਰਾਤ ਦਾ ਖਾਣਾ

ਜਲੰਧਰ (ਧਵਨ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਆਏ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਰਾਤ ਦਾ ਖਾਣਾ ਦਿੱਤਾ। ਰਾਤ ਦੇ ਖਾਣੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਦੇ ਨਾਲ ਖੁੱਲ੍ਹ ਕੇ ਪੰਜਾਬ ਦੇ ਮਾਮਲਿਆਂ ਦੀ ਚਰਚਾ ਕੀਤੀ ਅਤੇ ਨਾਲ ਹੀ ਪ੍ਰਵਾਸੀਆਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਵਿਦੇਸ਼ਾਂ 'ਚ ਰਹਿੰਦੇ ਹੋਏ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਾਰੇ ਪ੍ਰਵਾਸੀ ਸ੍ਰੀ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰੇ 'ਚ ਨਤਮਸਤਕ ਹੋਣ ਲਈ ਆਏ ਸਨ। ਉਨ੍ਹਾਂ ਨੇ ਕੈਪਟਨ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਸ੍ਰੀ ਸੁਲਤਾਨਪੁਰ ਲੋਧੀ ਵਿਚ ਸੰਗਤਾਂ ਲਈ ਜੋ ਪ੍ਰਬੰਧ ਕੀਤੇ ਹਨ, ਉਨ੍ਹਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਸ੍ਰੀ ਸੁਲਤਾਨਪੁਰ ਲੋਧੀ ਵਿਖੇ ਬਣਾਇਆ ਗਿਆ ਟੈਂਟ ਸਿਟੀ ਅਸਲ 'ਚ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆ ਕੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।

PunjabKesari

ਕੈਪਟਨ ਨੇ ਇਸ ਮੌਕੇ ਪ੍ਰਵਾਸੀ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਵਿਚਾਰਧਾਰਾ ਤੋਂ ਸਬੰਧਿਤ ਤੋਹਫੇ ਦੇ ਕੇ ਸਨਮਾਨਤ ਕੀਤਾ। ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ ਦੀ ਸਰਾਹਣਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕਾਂਗਰਸ ਦਾ ਸਾਥ ਦਿੱਤਾ ਹੈ ਅਤੇ ਸੂਬੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਪ੍ਰਵਾਸੀਆਂ ਦੀ ਸਮੱਸਿਆ ਦਾ ਹਲ ਕਰ ਰਹੀ ਹੈ। ਇਸ ਮੌਕੇ ਪੁਲਸ ਕਮਿਸ਼ਨਰ ਜੀ.ਐੱਸ. ਭੁੱਲਰ ਸਮੇਤ ਕਈ ਹੋਰ ਪੁਲਸ ਮੁਲਾਜ਼ਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਪ੍ਰਵਾਸੀ ਪੰਜਾਬੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਆਉਣ ਵਾਲੇ ਪ੍ਰਵਾਸੀ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇ ਅਤੇ ਪ੍ਰਵਾਸੀ ਵੀ ਸੂਬੇ 'ਚ ਨਿਵੇਸ਼ ਕਰਨ ਲਈ ਤਿਆਰ ਹਨ।


author

rajwinder kaur

Content Editor

Related News