ਚੋਣ ਲੜਨ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਨਹੀਂ ਸਨ ਪੈਸੇ, ਕਰਜ਼ਾ ਚੁੱਕ ਕੇ ਉਤਰੇ ਸੀ ਮੈਦਾਨ ’ਚ

Wednesday, May 11, 2022 - 10:24 PM (IST)

ਚੋਣ ਲੜਨ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਨਹੀਂ ਸਨ ਪੈਸੇ, ਕਰਜ਼ਾ ਚੁੱਕ ਕੇ ਉਤਰੇ ਸੀ ਮੈਦਾਨ ’ਚ

ਚੰਡੀਗੜ੍ਹ : ਦੋ ਵਾਰ ਪੰਜਾਬ ਦੀ ਸੱਤਾ ’ਤੇ ਬਤੌਰ ਮੁੱਖ ਮੰਤਰੀ ਰਾਜ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਪੈਸਾ ਹੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਚੋਣ ਲੜਨ ਲਈ ਸ਼ਰਾਬ ਕਾਰੋਬਾਰੀ ਤੋਂ 25 ਲੱਖ ਰੁਪਏ ਦਾ ਕਰਜ਼ਾ ਤੱਕ ਲੈਣਾ ਪਿਆ। ਸ਼ਰਾਬ ਕਾਰੋਬਾਰੀ ਤੋਂ ਕਰਜ਼ਾ ਲੈਣ ਤੋਂ ਬਾਅਦ ਹੀ ਉਹ ਆਪਣੇ ਚੋਣ ਖ਼ਰਚੇ ਕਰ ਸਕੇ ਅਤੇ ਕਰਜ਼ ਲੈ ਕੇ ਹੀ ਅਮਰਿੰਦਰ ਸਿੰਘ ਵੱਲੋਂ ਅਦਾਇਗੀਆਂ ਤੱਕ ਕੀਤੀਆਂ ਗਈਆਂ। ਇਹ ਵੀ ਪਹਿਲੀ ਵਾਰ ਹੋਇਆ ਹੈ, ਜਦੋਂ ਵਿਧਾਨ ਸਭਾ ਚੋਣਾਂ ਵਿਚ ਅਮਰਿੰਦਰ ਸਿੰਘ ਨੂੰ ਚੋਣ ਲੜਨ ਲਈ ਕਿਸੇ ਵੀ ਵਿਅਕਤੀ ਨੇ ਇਕ ਵੀ ਨਵੇਂ ਪੈਸੇ ਦੀ ਮਦਦ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਕਰਜ਼ ਲੈਣ ਤੱਕ ਜਾਣਾ ਪਿਆ। ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੇ ਦਿੱਗਜ਼ ਲੀਡਰਾਂ ਵਿਚ ਸ਼ੁਮਾਰ ਰਹਿਣ ਵਾਲੇ ਅਤੇ ਪੰਜਾਬ ਵਿਚ 2 ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿਚ ਸਿੱਕਾ ਬੋਲਦਾ ਹੈ।

ਇਹ ਵੀ ਪੜ੍ਹੋ : ਨਿਜ਼ਾਮਪੁਰ ਗੁਰਦੁਆਰਾ ਸਾਹਿਬ ਕਤਲ ਕਾਂਡ ’ਚ ਨਵਾਂ ਮੋੜ, ਬਰਜਿੰਦਰ ਸਿੰਘ ਪਰਵਾਨਾ ਦਾ ਨਾਮ ਆਇਆ ਸਾਹਮਣੇ

ਪੰਜਾਬ ਵਿਚ ਅੱਜ ਵੀ ਕੈਪਟਨ ਨੂੰ ਚੋਟੀ ਦੇ ਲੀਡਰਾਂ ਵਿਚ ਮੰਨਿਆ ਜਾਂਦਾ ਹੈ ਪਰ ਕਾਂਗਰਸ ਛੱਡਣ ਅਤੇ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਲਗਾਤਾਰ ਅਮਰਿੰਦਰ ਸਿੰਘ ਦੀ ਹਰਮਨ-ਪਿਆਰਤਾ ਵਿਚ ਗਿਰਾਵਟ ਆਈ ਹੈ ਅਤੇ ਜ਼ਿਆਦਾ ਲੀਡਰਾਂ ਸਣੇ ਆਮ ਲੋਕਾਂ ਵੱਲੋਂ ਉਨ੍ਹਾਂ ਤੋਂ ਕਿਨਾਰਾ ਕੀਤਾ ਗਿਆ ਹੈ। ਇਸ ਦਾ ਅਸਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਦਿਖਾਈ ਦਿੱਤਾ। ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਵਿਚ ਨਾ ਸਿਰਫ਼ ਹਾਰ ਦਾ ਸਾਹਮਣਾ ਕਰਨਾ ਪਿਆ, ਸਗੋਂ ਉਨ੍ਹਾਂ ਨੂੰ ਚੋਣ ਲੜਨ ਲਈ ਕੋਈ ਮਦਦ ਵੀ ਕਰਨ ਲਈ ਤਿਆਰ ਨਹੀਂ ਸੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਭਗਵੰਤ ਮਾਨ ਨਾਲ ਮੁਲਾਕਾਤ ’ਤੇ ਕਾਂਗਰਸ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਦਾ ਵੱਡਾ ਬਿਆਨ

ਅਖ਼ਬਾਰੀ ਰਿਪੋਰਟਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਕੰਪਨੀ ਤਾਂ ਦੂਰ ਆਮ ਵਿਅਕਤੀ ਨੇ ਵੀ ਮਦਦ ਨਹੀਂ ਕੀਤੀ। ਉਨ੍ਹਾਂ ਕੋਲ ਵੀ ਖ਼ੁਦ ਦੀ ਚੋਣ ਲੜਨ ਲਈ ਜ਼ਿਆਦਾ ਪੈਸਾ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਕਰਜ਼ ਤੱਕ ਲੈਣਾ ਪਿਆ। ਸੂਤਰਾਂ ਮੁਤਾਬਕ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਲਈ ਦੁਰਲਾਭ ਸਿੰਘ ਗਰਚਾ ਨਾਂ ਦੇ ਸ਼ਰਾਬ ਕਾਰੋਬਾਰੀ ਤੋਂ 25 ਲੱਖ ਰੁਪਏ ਦਾ ਕਰਜ਼ ਲੈਣਾ ਪਿਆ। ਦੁਰਲਾਭ ਸਿੰਘ ਗਰਚਾ ਵੱਲੋਂ ਇਹ ਕਰਜ਼ ਬਕਾਇਦਾ ਚੁੱਕ ਰਾਹੀਂ ਦਿੱਤਾ ਗਿਆ। ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਧਾਨ ਸਭਾ ਸੀਟ ਤੋਂ 39 ਲੱਖ 67 ਹਜ਼ਾਰ 36 ਰੁਪਏ ਖ਼ਰਚ ਕੀਤੇ ਗਏ ਸਨ। ਅਮਰਿੰਦਰ ਸਿੰਘ ਕੋਲ 15 ਲੱਖ 25 ਹਜ਼ਾਰ ਰੁਪਏ ਹੀ ਸਨ, ਜਿਸ ਕਾਰਨ ਉਨ੍ਹਾਂ ਨੂੰ ਕਰਜ਼ ਲੈਣ ਤੱਕ ਦੀ ਲੋੜ ਪਈ ਅਤੇ ਇਸ 39 ਲੱਖ 67 ਹਜ਼ਾਰ 36 ਰੁਪਏ ਖ਼ਰਚ ਕਰਨ ਲਈ 25 ਲੱਖ ਰੁਪਏ ਕਰਜ਼ ਵਾਲੀ ਰਕਮ ਦੀ ਹੀ ਵਰਤੋਂ ਕੀਤੀ ਗਈ।

ਇਹ ਵੀ ਪੜ੍ਹੋ : ਮੋਹਾਲੀ ਬਲਾਸਟ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਕੀਤਾ ਇਹ ਖ਼ੁਲਾਸਾ

ਨੋਟ- ਇਸ ਖਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News