ਕੋਵਿਡ ਰਿਵਿਊ ਬੈਠਕ ਖ਼ਤਮ, ਕੈਪਟਨ ਨੇ ਸੰਪੂਰਨ ਲਾਕਡਾਊਨ ਤੋਂ ਕੀਤਾ ਸਾਫ਼ ਇਨਕਾਰ (ਵੀਡੀਓ)

Friday, Apr 30, 2021 - 06:56 PM (IST)

ਜਲੰਧਰ/ਚੰਡੀਗੜ੍ਹ : ਪੰਜਾਬ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਰਿਵਿਊ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਪੰਜਾਬ 'ਚ ਤਾਲਾਬੰਦੀ ਸਬੰਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੇਂ ਆਦੇਸ਼ ਇਹ ਜਾਰੀ ਕੀਤੇ ਗਏ ਹਨ ਕਿ ਪੰਜਾਬ ਵਿਚ ਕੋਈ ਸੰਪੂਰਨ ਤਾਲਾਬੰਦੀ ਨਹੀਂ ਲੱਗੇਗੀ ਜਦਕਿ ਵੀਕੈਂਡ ਲਾਕਡਾਊਨ ਜਾਰੀ ਰਹੇਗਾ। ਸ਼ੁੱਕਰਵਾਰ ਨੂੰ ਨਵੇਂ ਹੁਕਮ ਜਾਰੀ ਕਰਦੇ ਹੋਏ ਸਰਕਾਰ ਵੱਲੋਂ ਨਾਈਟ ਕਰਫ਼ਿਊ ਦੀ ਮਿਆਦ ਨੂੰ 2 ਹਫ਼ਤਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ 30 ਅਪ੍ਰੈਲ ਤੱਕ ਨਾਈਟ ਕਰਫ਼ਿਊ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਨੂੰ ਦੇਖਦੇ ਹੋਏ ਅੱਜ ਇਹ ਫ਼ੈਸਲਾ ਲਿਆ ਗਿਆ ਹੈ। ਕੋਵਿਡ ਰਿਵਿਊ ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਸੰਪੂਰਨ ਤਾਲਾਬੰਦੀ ਲਗਾਉਣੀ ਕੋਈ ਹੱਲ ਨਹੀਂ ਹੋਵੇਗਾ ਸਗੋਂ ਇਹ ਮਜਦੂਰਾਂ ਦੇ ਪਲਾਇਨ ਵਿਚ ਹੋਰ ਵਾਧਾ ਕਰੇਗੀ। 

ਇਹ ਵੀ ਪੜ੍ਹੋ : ਜਲੰਧਰ ’ਚ ਕਰਫ਼ਿਊ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਮਿਲੀ ਇਜਾਜ਼ਤ, ਪੜ੍ਹੋ ਨਵੇਂ ਆਦੇਸ਼

ਮੁੱਖ ਮੰਤਰੀ ਨੇ ਸਭ ਤੋਂ ਜ਼ਿਆਦਾ ਕੋਵਿਡ ਪ੍ਰਭਾਵਿਤ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮਾਈਕਰੋ ਕੰਟੇਨਮੈਂਟ ਰਣਨੀਤੀ ਹੋਰ ਪੁਖਤਾ ਕਰਨ ਅਤੇ 100 ਫ਼ੀਸਦੀ ਟੈਸਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਪਾਬੰਦੀਆਂ ਸਖ਼ਤੀ ਨਾਲ ਲਾਗੂ ਕੀਤੀਆਂ ਜਾਣ ਅਤੇ ਜ਼ਿਆਦਾ ਪਾਜ਼ੇਟਿਵ ਮਾਮਲਿਆਂ ਵਾਲੇ ਸਾਰੇ ਖੇਤਰਾਂ ਦੇ ਹੋਟਲਾਂ ਵਿਚ ਬੈਠ ਕੇ ਖਾਣ ’ਤੇ ਰੋਕ ਲਾਈ ਜਾਵੇ ਅਤੇ ਸਿਹਤ ਵਿਭਾਗ ਵੱਲੋਂ ਰੈਸਟੋਰੈਂਟਾਂ ਦੇ ਸਟਾਫ ਦੀ ਕੋਵਿਡ ਜਾਂਚ ਕੀਤੀ ਜਾਵੇ। ਉਦਯੋਗ ਜਗਤ ਨੂੰ ਹਲਕੇ ਲੱਛਣਾਂ ਵਾਲੇ ਕਿਰਤੀਆਂ ਦੇ ਇਲਾਜ ਲਈ ਖੁਦ ਦੇ ਕੋਵਿਡ ਇਲਾਜ ਕੇਂਦਰ ਸਥਾਪਤ ਕਰਨ ਅਤੇ ਅਸਥਾਈ ਹਸਪਤਾਲ ਤਿਆਰ ਕਰਨ ਲਈ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕੋਵਿਡ ਖਿਲਾਫ ਜੰਗ ਮਿਲਕੇ ਲੜਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਇਹ ਸੁਝਾਅ ਦਿੱਤਾ ਕਿ ਜਿਮਨੇਜੀਅਮ ਹਾਲਜ਼ ਵਿਚ ਅਸਥਾਈ ਤੌਰ ’ਤੇ ਸਿਹਤ ਸੰਭਾਲ ਕੇਂਦਰ ਸਥਾਪਤ ਕੀਤੇ ਜਾਣ। ਮੁੱਖ ਮੰਤਰੀ ਅੱਜ 6 ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲਿਆਂ ਲੁਧਿਆਣਾ, ਐੱਸ. ਏ. ਐੱਸ. ਨਗਰ (ਮੋਹਾਲੀ), ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਵਿਚ ਕੋਵਿਡ ਸਥਿਤੀ ਦੀ ਸਮੀਖਿਆ ਸਬੰਧੀ ਇਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

5 ਜ਼ਿਲ੍ਹਿਆਂ ਵਿਚ 60 ਫ਼ੀਸਦੀ ਤੋਂ ਜ਼ਿਆਦਾ ਬੈੱਡ ਭਰੇ ਹੋਏ

ਮੁੱਖ ਮੰਤਰੀ ਨੇ ਇਸ ਗੱਲ ’ਤੇ ਚਿੰਤਾ ਵੀ ਪ੍ਰਗਟ ਕੀਤੀ ਕਿ ਰਾਜ ਦੇ 14 ਜ਼ਿਲ੍ਹਿਆਂ ਵਿਚ ਪਾਜ਼ੇਟਿਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ, ਜਦੋਂਕਿ ਪੰਜ ਜ਼ਿਲ੍ਹਿਆਂ ਵਿਚ 60 ਫ਼ੀਸਦੀ ਤੋਂ ਜ਼ਿਆਦਾ ਬੈੱਡ ਭਰੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੋਹਾਲੀ ਵਿਚ 100 ਬਿਸਤਰਿਆਂ ਵਾਲੇ ਅਸਥਾਈ ਹਸਪਤਾਲ ਦਾ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ, ਜਦੋਂ ਕਿ ਬਠਿੰਡਾ ਰਿਫਾਇਨਰੀ ਦੇ ਨਜ਼ਦੀਕ 250 ਬਿਸਤਰਿਆਂ ਵਾਲਾ ਅਸਥਾਈ ਹਸਪਤਾਲ ਬਣਾਇਆ ਜਾ ਰਿਹਾ ਹੈ, ਜਿੱਥੇ ਰਿਫਾਇਨਰੀ ਤੋਂ ਆਕਸੀਜਨ ਦੀ ਸਪਲਾਈ ਹੋਵੇਗੀ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਅਤੇ ਅੰਮ੍ਰਿਤਸਰ ਵਿਚ 600 ਵਾਧੂ ਬਿਸਤਰਿਆਂ ਨਾਲ ਪੰਜਾਬ ਵਿਚ ਹੋਰ 2000 ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਠੀਕ ਹੋਏ ਮਰੀਜ਼ਾਂ ਤੋਂ ਆਕਸੀਮੀਟਰਜ਼ ਵਾਪਸ ਲਵੇਗੀ ਸਰਕਾਰ
ਫਤਿਹ ਕਿੱਟਾਂ ਖਾਸ ਕਰ ਕੇ ਆਕਸੀਮੀਟਰਜ਼ ਦੀ ਕਮੀ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਮੁੱਖ ਸਕੱਤਰ ਦਾ ਸੁਝਾਅ ਮੰਨਦੇ ਹੋਏ ਠੀਕ ਹੋਏ ਮਰੀਜ਼ਾਂ ਕੋਲੋਂ ਆਕਸੀਮੀਟਰ ਵਾਪਸ ਲੈਣ ਦੀ ਗੱਲ ਕਹੀ, ਜੋਕਿ ਚੰਗੀ ਤਰ੍ਹਾਂ ਸੈਨੀਟਾਈਜ਼ ਕਰਨ ਦੇ ਉਪਰੰਤ ਅੱਗੇ ਪ੍ਰਯੋਗ ਲਈ ਦਿੱਤੇ ਜਾਣਗੇ। ਡਾ. ਕੇ. ਕੇ. ਤਲਵਾੜ ਨੇ ਕਿਹਾ ਕਿ ਸਾਰੇ ਹਸਪਤਾਲਾਂ ਨੂੰ ਆਕਸੀਜਨ ਦੀ ਦੁਰਵਰਤੋਂ ਚੈਕ ਕਰਨ ਲਈ ਦਿਸ਼ਾ-ਨਿਰਦੇਸ਼ ਉਪਲੱਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਠੀਕ ਹੋਏ ਮਰੀਜ਼ਾਂ ਨੂੰ ਪੱਧਰ-2 ਤੋਂ ਪੱਧਰ-3 ਦੇ ਖਾਲ੍ਹੀ ਬੈੱਡ ’ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਮੌਜੂਦਾ ਸਮੇਂ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਸਲਾਹ ਦਿੱਤੀ ਗਈ ਹੈ ਕਿ ਸੈਨੇਟ ਚੋਣਾਂ ਫ਼ਿਲਹਾਲ ਨਾ ਕਰਵਾਈਆਂ ਜਾਣ।

ਇਹ ਵੀ ਪੜ੍ਹੋ : ਕੈਪਟਨ ਨੇ ਕੋਵਿਡ ਰੋਗੀਆਂ ਲਈ ਤਿਆਰ ਕਰਵਾਏ 1 ਲੱਖ ਬੈਗ, ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਹੁਕਮ

ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ

ਉਥੇ ਹੀ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਕੱਲ੍ਹ ਯਾਨੀ ਕਿ ਪਹਿਲੀ ਮਈ ਤੋਂ ਪੂਰੇ ਦੇਸ਼ ਭਰ ’ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲੱਗਣੀ ਸ਼ੁਰੂ ਹੋ ਰਹੀ ਹੈ, ਉਥੇ ਹੀ ਪੰਜਾਬ ’ਚ ਅਜੇ ਕੋਰੋਨਾ ਵੈਕਸੀਨ ਦੀ ਕਮੀ ਕਰਕੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋੋਰੋਨਾ ਟੀਕਾਕਰਨ ਨਹੀਂ ਲੱਗੇਗਾ। ਕੋਵਿਡ ਵੈਕਸੀਨ ਦੀ ਘਾਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 18-45 ਸਾਲ ਉਮਰ ਵਰਗ ਦੀ ਤੀਜੇ ਪੜਾਅ ਦੇ ਟੀਕਾਕਰਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਜਿਹੜੀ ਪਹਿਲੀ ਮਈ ਨੂੰ ਸ਼ੁਰੂ ਹੋਣੀ ਸੀ। ਇਸ ਤੋਂ ਇਲਾਵਾ ਭਲਕੇ ਸ਼ਨੀਵਾਰ ਤੋਂ ਪ੍ਰਾਈਵੇਟ ਸਿਹਤ ਸੇਵਾਵਾਂ ਵਿਖੇ ਟੀਕਾਕਰਨ ਮੁਲਤਵੀ ਰਹੇਗਾ। ਮੁੱਖ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਵੈਕਸੀਨ ਉਪਲੱਬਧ ਨਾ ਹੋਣ ਕਾਰਨ 18-45 ਸਾਲ ਉਮਰ ਵਰਗ ਦੀ ਤੀਜੇ ਪੜਾਅ ਦੀ ਟੀਕਾਕਰਨ ਮੁਹਿੰਮ ਆਪਣੇ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਸ਼ੁਰੂ ਨਹੀਂ ਕੀਤੀ ਜਾ ਸਕੇਗੀ। ਕੈਪਟਨ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਸਿਹਤ ਸੰਸਥਾਵਾਂ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਬਕਾਇਆ ਪਈ ਅਣਵਰਤੀ ਵੈਕਸੀਨ ਭਾਰਤ ਸਰਕਾਰ ਨੂੰ ਵਾਪਸ ਕੀਤੇ ਜਾਣ ਨਾਲ ਇਨ੍ਹਾਂ ਸੰਸਥਾਵਾਂ ਕੋਲ ਭਲਕੇ ਤੋਂ 45 ਸਾਲ ਤੋਂ ਵੱਧ ਵਰਗ ਲਈ ਲਗਾਈ ਜਾਣ ਵਾਲੀ ਖ਼ੁਰਾਕ ਨਹੀਂ ਬਚੀ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਨ 18-45 ਸਾਲ ਉਮਰ ਵਰਗ ਦੇ ਵੀ ਟੀਕਾਕਰਨ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੈਕਸੀਨ ਦਾ ਘਾਟ ਦਾ ਮੁੱਦਾ ਕੇਂਦਰ ਕੋਲ ਉਠਾਇਆ ਹੈ ਕਿਉਂਕਿ ਸਥਿਤੀ ਬਹੁਤ ਨਾਜ਼ੁਕ ਹੈ। ਕੋਵਿਡ ਵੈਕਸੀਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ 2 ਲੱਖ ਖੁਰਾਕਾਂ ਮਿਲੀਆਂ ਸਨ ਪਰ ਇਹ 45 ਸਾਲ ਤੋਂ ਵੱਧ ਉਮਰ ਵਰਗ ਦੀਆਂ ਦੋ ਦਿਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਨਾਕਾਫੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪਹਿਲ ਦੇ ਆਧਾਰ ’ਤੇ 45 ਸਾਲ ਤੋਂ ਵੱਧ ਵਾਲਿਆਂ ਵਾਸਤੇ ਕੇਂਦਰ ਤੋਂ ਵੈਕਸੀਨ ਦੀ ਸਪਲਾਈ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਡਾ. ਗਗਨਦੀਪ ਕੰਗ ਦੇ ਮਾਹਿਰਾਂ ਦੇ ਗਰੁੱਪ ਦੀ ਅੰਤਰਿਮ ਰਿਪੋਰਟ ਦੇ ਆਧਾਰ ’ਤੇ ਤੀਜੇ ਪੜਾਅ ਦੇ ਟੀਕਾਕਰਨ ਦੀ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ

ਮੀਟਿੰਗ ਵਿੱਚ ਦੱਸਿਆ ਗਿਆ ਕਿ ਸੀਰਮ ਇੰਸਟੀਚਿਊਟ ਕੋਲ 26 ਅਪਰੈਲ ਨੂੰ 18-45 ਸਾਲ ਉਮਰ ਵਰਗ ਲਈ ਕੋਵੀਸ਼ੀਲਡ ਦੀਆਂ 30 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਗਿਆ ਸੀ ਪਰ ਉਨ੍ਹਾਂ ਪਾਸੋਂ ਜਵਾਬ ਆਇਆ ਕਿ ਵੈਕਸੀਨ ਦੀ ਉਪਲੱਬਧਤਾ ਦਾ ਪਤਾ ਚਾਰ ਹਫਤਿਆਂ ਦੇ ਅੰਦਰ ਲੱਗੇਗਾ। ਅੱਗੇ ਦੱਸਿਆ ਗਿਆ ਕਿ ਸੀਰਮ ਇੰਸਟੀਚਿਊਟ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਅਗਲੇ 3-4 ਮਹੀਨਿਆਂ ਲਈ ਮੰਗ ਦੱਸੀ ਜਾਵੇ ਅਤੇ ਇਸ ਲਈ ਐਡਵਾਂਸ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਨੂੰ ਇਹ ਸਪਲਾਈ ਹਰੇਕ ਮਹੀਨੇ ਪੜਾਵਾਂ ਵਿੱਚ ਮਿਲੇਗੀ। ਸਿਹਤ ਮਹਿਕਮੇ ਦੇ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਪ੍ਰਭਾਵਿਤ 6 ਜ਼ਿਲ੍ਹਿਆਂ ਵਿੱਚੋਂ ਮੋਹਾਲੀ, ਜਲੰਧਰ ਅਤੇ ਲੁਧਿਆਣਾ ਵਿਖੇ ਟੀਕਾਕਰਨ ਲਈ ਚੰਗੇ ਯਤਨ ਕੀਤੇ ਜਾ ਰਹੇ ਹਨ ਜਦੋਂਕਿ ਅੰਮਿ੍ਰਤਸਰ, ਬਠਿੰਡਾ ਤੇ ਪਟਿਆਲਾ ਮਿੱਥੇ ਟੀਚਿਆਂ ਤੋਂ ਪਿੱਛੇ ਚੱਲ ਰਹੇ ਹਨ। ਮੁੱਖ ਮੰਤਰੀ ਨੇ ਇਨ੍ਹਾਂ ਤਿੰਨੇ ਜ਼ਿਲ੍ਹਿਆਂ ਨੂੰ ਯਤਨ ਤੇਜ਼ ਕਰਨ ਲਈ ਆਖਿਆ।

ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਲੱਗੀ ਵੀਕੈਂਡ ਤਾਲਾਬੰਦੀ

ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਦੇ 9 ਜ਼ਿਲ੍ਹਿਆਂ ’ਚ ਵੀਕੈਂਡ ਤਾਲਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ, ਪੰਚਕੂਲਾ, ਗੁੜਗਾਓਂ, ਫਰੀਦਾਬਾਦ, ਹਿਸਾਰ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ ਅਤੇ ਫਤਿਹਾਬਾਦ ’ਚ ਸ਼ੁੱਕਰਵਾਰ ਯਾਨੀ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਤਾਲਾਬੰਦੀ ਰਹੇਗੀ। ਇਨ੍ਹਾਂ ਜ਼ਿਲ੍ਹਿਆਂ ’ਚ ਸਿਰਫ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਵੰਡਰਲੈਂਡ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਮਾਲਕ ਖ਼ਿਲਾਫ਼ ਮਾਮਲਾ ਦਰਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News