ਸਿੱਧੂ ਨੂੰ ਕੈਬਨਿਟ ''ਚੋਂ ''ਆਊਟ'' ਕਰਨ ਲਈ ਕਾਹਲੇ ਕੈਪਟਨ ਨੇ 5 ਦਿਨਾਂ ''ਚ ਸੁਣਾਇਆ ਫੈਸਲਾ

Saturday, Jul 20, 2019 - 06:40 PM (IST)

ਸਿੱਧੂ ਨੂੰ ਕੈਬਨਿਟ ''ਚੋਂ ''ਆਊਟ'' ਕਰਨ ਲਈ ਕਾਹਲੇ ਕੈਪਟਨ ਨੇ 5 ਦਿਨਾਂ ''ਚ ਸੁਣਾਇਆ ਫੈਸਲਾ

ਜਲੰਧਰ/ਚੰਡੀਗੜ੍ਹ (ਗੁਰਮਿੰਦਰ ਸਿੰਘ) : ਨਵਜੋਤ ਸਿੱਧੂ ਵਲੋਂ ਦਿੱਤਾ ਗਿਆ ਅਸਤੀਫਾ ਪੰਜ ਦਿਨਾਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰ ਕਰ ਲਿਆ ਗਿਆ। ਉਂਝ ਨਵਜੋਤ ਸਿੱਧੂ ਦੀ ਪੰਜਾਬ ਕੈਬਨਿਟ 'ਚੋਂ ਛੁੱਟੀ ਲਗਭਗ ਤੈਅ ਮੰਨੀ ਜਾ ਰਹੀ ਸੀ ਸਿਰਫ ਰਸਮੀ ਐਲਾਨ ਹੋਣਾ ਬਾਕੀ ਸੀ, ਜੋ ਸ਼ਨੀਵਾਰ ਸਵੇਰੇ ਮੁੱਖ ਮੰਤਰੀ ਦਫਤਰ ਵਲੋਂ ਕਰ ਦਿੱਤਾ ਗਿਆ। ਸੀ. ਐੱਮ. ਓ. ਵਲੋਂ ਜਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਨੇ ਇਹ ਫੈਸਲਾ ਅਸਤੀਫੇ ਦੀ ਲਿਖਤ ਪੜ੍ਹਨ ਤੋਂ ਬਾਅਦ ਹੀ ਲਿਆ ਹੈ। ਉਂਝ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਖਤ ਫੈਸਲੇ ਨਾਲ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦਾ ਅਸਲ ਕੈਪਟਨ ਕੌਣ ਹੈ। 

PunjabKesari
ਕਦੋਂ ਪੈਦਾ ਹੋਇਆ ਕੈਪਟਨ-ਸਿੱਧੂ ਵਿਚਾਲੇ ਕਲੇਸ਼
ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤਿਆਂ ਵਿਚ ਕੁੜੱਤਣ ਉਦੋਂ ਸ਼ੁਰੂ ਹੋਈ ਜਦੋਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਨੇ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸਿਆ। ਇਸ ਬਿਆਨ ਤੋਂ ਬਾਅਦ ਅਜਿਹਾ ਸਿਆਸੀ ਭੂਚਾਲ ਆਇਆ ਜਿਸ ਨਾਲ ਕੈਪਟਨ-ਸਿੱਧੂ ਵਿਚਾਲੇ ਦੂਰੀਆਂ ਲਗਾਤਾਰ ਵੱਧਦੀਆਂ ਗਈਆਂ। ਇਸ ਤੋਂ ਬਾਅਦ ਇਹ ਵਿਵਾਦ ਉਦੋਂ ਹੋਰ ਵੀ ਭੱਖ ਗਿਆ ਜਦੋਂ ਲੋਕ ਸਭਾ ਚੋਣਾਂ ਦੌਰਾਨ ਸਿੱਧੂ ਨੇ ਬਠਿੰਡਾ ਦੀ ਸਿਆਸੀ ਸਟੇਜ 'ਤੇ 'ਫਰੈਂਡਲੀ ਮੈਚ' ਦਾ ਬਿਆਨ ਦਿੱਤਾ। ਇਸ ਬਿਆਨ ਤੋਂ ਬਾਅਦ ਕੈਪਟਨ ਧੜੇ ਨੇ ਸਿੱਧੂ ਖਿਲਾਫ ਖੁੱਲ੍ਹ ਕੇ ਮੋਰਚਾ ਖੋਲ੍ਹ ਦਿੱਤਾ। ਜਿਸ ਤੋਂ ਬਾਅਦ ਕੈਪਟਨ ਵਲੋਂ ਪੰਜਾਬ ਦੀਆਂ 13 'ਚੋਂ 5 ਸੀਟਾਂ 'ਤੇ ਮਿਲੀ ਹਾਰ ਦਾ ਠਿੱਕਰਾ ਵੀ ਸਿੱਧੂ ਸਿਰ ਭੰਨ੍ਹ ਦਿੱਤਾ। 

PunjabKesari
ਸਿੱਧੂ ਨੂੰ ਲਾਂਬੂ ਲਾਉਣ ਦੀ ਤਾਕ 'ਚ ਬੈਠੇ ਕੈਪਟਨ ਅਮਰਿੰਦਰ ਸਿੰਘ ਨੇ 6 ਜੂਨ ਨੂੰ ਗੁੱਗਲੀ ਸੁੱਟੀ ਜਿਸ ਵਿਚ ਨਵਜੋਤ ਸਿੱਧੂ ਕਲੀਨ ਬੋਲਡ ਹੋ ਗਏ। ਕੈਪਟਨ ਵਲੋਂ 18 'ਚੋਂ 14 ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਗਏ। ਇਸ ਦੌਰਾਨ ਹੋਰਾਂ ਦੇ ਨਾਲ-ਨਾਲ ਸਿੱਧੂ ਦਾ ਵਿਭਾਗ ਵੀ ਬਦਲ ਦਿੱਤਾ ਗਿਆ। ਪਹਿਲਾਂ ਤੋਂ ਨਾਰਾਜ਼ ਨਵਜੋਤ ਸਿੱਧੂ ਨੇ ਨਵਾਂ ਵਿਭਾਗ ਸਾਂਭਣ ਲਈ ਹਾਮੀ ਨਾ ਭਰੀ ਅਤੇ ਦਿੱਲੀ ਦਰਬਾਰ ਵਿਚ ਕੈਪਟਨ ਦੀ ਸ਼ਿਕਾਇਤ ਲੈ ਕੇ ਪਹੁੰਚ ਗਏ। ਦਿੱਲੀ ਹਾਈ ਕਮਾਂਡ ਨੇ ਇਸ ਵਿਵਾਦ ਨੂੰ ਸੁਲਝਾਉਣ ਲਈ ਅਹਿਮਦ ਪਟੇਲ ਦੀ ਡਿਊਟੀ ਲਾ ਦਿੱਤੀ ਪਰ ਇਕ ਮਹੀਨੇ ਤੋਂ ਵਧੇਰੇ ਦਾ ਵਕਫ਼ਾ ਬੀਤਣ ਤੋਂ ਬਾਅਦ ਵੀ ਇਸ ਮਾਮਲੇ ਦਾ ਕੋਈ ਢੁਕਵਾਂ ਹੱਲ ਨਾ ਨਿਕਲਦਾ ਦੇਖ ਆਖਿਰ ਸਿੱਧੂ ਨੇ 15 ਜੁਲਾਈ ਨੂੰ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ।

PunjabKesari

ਭਾਵੇਂ ਸਿੱਧੂ ਨੇ ਇਹ ਅਸਤੀਫਾ ਰਾਹੁਲ ਗਾਂਧੀ ਨੂੰ ਆਪਣੀ ਦਿੱਲੀ ਫੇਰੀ ਦੌਰਾਨ 10 ਜੂਨ ਨੂੰ ਹੀ ਸੌਂਪ ਦਿੱਤਾ ਸੀ ਪਰ 34 ਦਿਨਾਂ ਦੇ ਲੰਮੇ ਵਕਫੇ ਤੋਂ ਬਾਅਦ ਸਿੱਧੂ ਨੇ ਖੁਦ ਅਸਤੀਫੇ 'ਤੇ ਚੁੱਪ ਤੋੜੀ ਅਤੇ ਜਨਤਕ ਕੀਤਾ। ਹੁਣ ਸਿੱਧੂ ਕਾਂਗਰਸ ਦੇ ਮੰਤਰੀ ਨਾ ਹੋ ਕੇ ਮਹਿਜ਼ ਅੰਮ੍ਰਿਤਸਰ ਪੂਰਬ ਹਲਕੇ ਤੋਂ ਵਿਧਾਇਕ ਹਨ। ਹੁਣ ਜਦੋਂ ਸਿੱਧੂ ਦਾ ਅਸਤੀਫਾ ਪ੍ਰਵਾਨ ਵੀ ਹੋ ਗਿਆ ਹੈ ਤਾਂ ਅਜਿਹੇ 'ਚ ਸਿੱਧੂ ਦਾ ਅਗਲਾ ਕਦਮ ਕੀ ਹੋਵੇਗਾ, ਇਸ 'ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ।


author

Gurminder Singh

Content Editor

Related News