ਕੈਪਟਨ ਦਾ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਨਾ ਹੋਣ ਕਾਰਨ ਕਿਸਾਨ ਹੋਏ ਡਿਫਾਲਟਰ
Tuesday, Apr 19, 2022 - 05:56 PM (IST)
ਮਾਛੀਵਾੜਾ ਸਾਹਿਬ (ਟੱਕਰ) : ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਸਮੇਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਬੈਂਕਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਪਰ ਇਹ ਵਾਅਦਾ ਵਫ਼ਾ ਨਾ ਹੋਇਆ ਜਿਸ ਕਾਰਨ ਅੱਜ ਕਿਸਾਨ ਡਿਫਾਲਟਰ ਹੋ ਗਏ ਹਨ, ਜਿਨ੍ਹਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਹੈ। ਪਿਛਲੀ ਕਾਂਗਰਸ ਸਰਕਾਰ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਤਾਂ ਕੀਤਾ ਸੀ ਕਿ ਸਾਰੇ ਬੈਂਕਾਂ ਦਾ ਕਰਜ਼ਾ ਮੁਆਫ਼ ਕਰਾਂਗੇ ਪਰ ਉਨ੍ਹਾਂ ਵਲੋਂ ਸਿਰਫ ਖੇਤੀਬਾੜੀ ਸਹਿਕਾਰੀ ਸਭਾਵਾਂ ਵਿਚ 5 ਏਕੜ ਤੱਕ ਦੇ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਦਕਿ ਨੈਸ਼ਨਲ ਬੈਂਕਾਂ ’ਚ ਵੀ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਹੋਇਆ। ਪਿਛਲੀ ਕਾਂਗਰਸ ਸਰਕਾਰ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਆਪਣੀ ਪਿੱਠ ਥਾਪੜਦੀ ਰਹੀ ਪਰ ਕੀਤੇ ਵਾਅਦੇ ਮੁਤਾਬਿਕ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਹੋਇਆ ਜਿਸ ਕਾਰਨ ਕਈ ਕਿਸਾਨ ਇਸ ਮੁਆਫ਼ੀ ਦੇ ਚੱਕਰ ਵਿਚ ਡਿਫਾਲਟਰ ਹੋ ਗਏ। ਸਭ ਤੋਂ ਮਾੜੀ ਹਾਲਤ ਇਸ ਸਮੇਂ ਪੰਜਾਬ ਦੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਕਾਂ ਦੀ ਹੈ ਕਿਉਂਕਿ ਪਹਿਲਾਂ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਅਦਾ ਕਰਦੇ ਰਹੇ ਕਿ ਉਹ ਕਰਜ਼ਾ ਮੁਆਫ਼ ਕਰਨਗੇ ਅਤੇ ਫਿਰ ਸਰਕਾਰ ਦੇ ਅਖੀਰਲੇ 4 ਮਹੀਨੇ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੇ ਵੀ ਐਲਾਨ ਕੀਤਾ ਸੀ ਕਿ ਉਹ ਖੇਤੀਬਾੜੀ ਵਿਕਾਸ ਬੈਂਕਾਂ ਤੋਂ ਕਰਜ਼ਾ ਕਣ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਵੇਗਾ ਜਿਸ ਲਈ ਬੈਂਕਾਂ ਦੇ ਕਰਜ਼ਦਾਰਾਂ ਨੇ ਕਿਸ਼ਤਾਂ ਨਾ ਅਦਾ ਕੀਤੀਆਂ ਤਾਂ ਜੋ ਕਦੇ ਵੀ ਇਸ ਮੁਆਫ਼ੀ ਦਾ ਲਾਭ ਲੈ ਸਕਣ।
ਇਹ ਵੀ ਪੜ੍ਹੋ : ਕਿਸਾਨਾਂ ਲਈ ਅਹਿਮ ਖ਼ਬਰ, ਪੀ. ਐੱਸ. ਪੀ. ਸੀ. ਐੱਲ. ਵਲੋਂ ਫਸਲਾਂ ਲਈ ਬਿਜਲੀ ਸਪਲਾਈ ਦਾ ਸ਼ਡਿਊਲ ਜਾਰੀ
ਕਾਂਗਰਸ ਸਰਕਾਰ ਆਪਣੇ 5 ਸਾਲ ਪੂਰੇ ਕਰ ਗਈ ਪਰ ਖੇਤੀਬਾੜੀ ਵਿਕਾਸ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਧੇਲਾ ਵੀ ਮੁਆਫ਼ ਨਾ ਹੋਇਆ ਜਿਸ ਕਾਰਨ ਹਾਲਾਤ ਇਹ ਹੋ ਗਏ ਹਨ ਕਿ ਕੇਵਲ ਮਾਛੀਵਾੜਾ ਖੇਤੀਬਾੜੀ ਵਿਕਾਸ ਬੈਂਕ ’ਚੋਂ ਹੀ 360 ਕਰਜ਼ਾ ਲੈਣ ਵਾਲੇ ਕਿਸਾਨਾਂ ’ਚੋਂ 240 ਡਿਫਾਲਟਰ ਹੋ ਗਏ ਹਨ। ਮਾਛੀਵਾੜਾ ਖੇਤੀਬਾੜਾ ਵਿਕਾਸ ਬੈਂਕ ਵਲੋਂ ਵੱਖ-ਵੱਖ ਯੋਜਨਾਵਾਂ ਤਹਿਤ 360 ਕਿਸਾਨਾਂ ਨੂੰ 10 ਕਰੋੜ ਦਾ ਕਰਜ਼ਾ ਦਿੱਤਾ ਅਤੇ ਅੱਜ 7 ਕਰੋੜ ਰੁਪਏ ਦੀ ਰਾਸ਼ੀ ਡਿਫਾਲਟਰ ਕਿਸਾਨਾਂ ਵੱਲ ਖੜੀ ਹੋ ਗਈ ਹੈ। ਬੈਂਕ ਅਧਿਕਾਰੀਆਂ ਵਲੋਂ ਡਿਫਾਲਟਰ ਘੋਸ਼ਿਤ ਕੀਤੇ ਗਏ 240 ਕਿਸਾਨਾਂ ਤੋਂ ਰਿਕਵਰੀ ਲਈ ਕਈ ਵਾਰ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ ਪਰ ਅਜੇ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਬੇਸ਼ੱਕ ਹੁਣ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਅਤੇ ਜਿਨ੍ਹਾਂ ਵਲੋਂ ਆਪਣੇ ਚੋਣ ਮੈਨੀਫੈਸਟੋ ’ਚ ਖੇਤੀਬਾੜੀ ਵਿਕਾਸ ਬੈਂਕ ਤੋਂ ਕਰਜ਼ਾ ਚੁੱਕਣ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਜਿਸ ਕਾਰਨ ਹੁਣ ਕਿਸਾਨਾਂ ਨੂੰ ਕਰਜੇ ਦੇ ਨਾਲ-ਨਾਲ ਵਿਆਜ਼ ’ਤੇ ਪਿਆ ਵਿਆਜ਼ ਵੀ ਅਦਾ ਕਰਨਾ ਪਵੇਗਾ ਕਿਉਂਕਿ ਬੈਂਕ ਕੋਲ ਕਿਸਾਨਾਂ ਦੀਆਂ ਜ਼ਮੀਨਾਂ ਗਿਰਵੀ ਹਨ ਅਤੇ ਉਹ ਤਾਂ ਹੀ ਛੁੱਟਣਗੀਆਂ ਜੇਕਰ ਸਾਰਾ ਕਰਜਾ ਅਦਾ ਹੋਵੇਗਾ। ਕੁੱਲ ਮਿਲਾ ਕੇ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਕਿਸਾਨਾਂ ਨਾਲ ਕੀਤੇ ਕਰਜ਼ਾ ਮੁਆਫ਼ੀ ਦੇ ਵਾਅਦੇ ਵਫ਼ਾ ਨਾ ਹੋਣ ਕਾਰਨ ਉਨ੍ਹਾਂ ਨੂੰ ਡਿਫਾਲਟਰ ਤਾਂ ਕਰ ਹੀ ਗਈ ਉੱਥੇ ਹੁਣ ਵਿਆਜ਼ ਉੱਪਰ ਵਿਆਜ਼ ਮੋੜ ਕੇ ਆਪਣੀਆਂ ਜ਼ਮੀਨਾਂ ਨੂੰ ਛੁਡਵਾਉਣਾ ਪਵੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਸਖ਼ਤ ਕਦਮ, ਸੂਬੇ ’ਤੇ ਚੜ੍ਹੇ 3 ਲੱਖ ਕਰੋੜ ਦੇ ਕਰਜ਼ ਦਾ ਆਡਿਟ ਕਰਵਾਏਗੀ ਸਰਕਾਰ
ਕੀ ਕਹਿੰਦੇ ਨੇ ਅਧਿਕਾਰੀ
ਖੇਤੀਬਾੜੀ ਵਿਕਾਸ ਬੈਂਕ ਦੇ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਕਿਸਾਨਾਂ ਕੋਲ ਕਰਜ਼ਾ ਰਿਕਵਰੀ ਲਈ ਜਾਂਦੇ ਸਨ ਤਾਂ ਅੱਗੋਂ ਜਵਾਬ ਇਹ ਹੁੰਦਾ ਸੀ ਕਿ ਸਾਡਾ ਕਰਜ਼ਾ ਸਰਕਾਰ ਨੇ ਮੁਆਫ਼ ਕਰ ਦੇਣਾ ਹੈ ਜਿਸ ਲਈ ਉਹ ਅਦਾਇਗੀ ਨਹੀਂ ਕਰਨਗੇ। ਸਰਕਾਰ ਦੇ ਲਾਰਿਆਂ ਕਾਰਨ ਜਿੱਥੇ ਕਿਸਾਨਾਂ ਡਿਫਾਲਟਰ ਹੋਏ ਉੱਥੇ ਬੈਂਕ ਨੂੰ ਵੀ ਕਾਫ਼ੀ ਆਰਥਿਕ ਘਾਟਾ ਪੈ ਰਿਹਾ ਹੈ ਜਿਸ ਕਾਰਨ ਖੇਤੀਬਾੜੀ ਵਿਕਾਸ ਬੈਂਕ ਹੁਣ ਵੱਖ-ਵੱਖ ਯੋਜਨਾਵਾਂ ਤਹਿਤ ਨਵੇਂ ਕਿਸਾਨਾਂ ਨੂੰ ਕਰਜ਼ਾ ਵੀ ਨਹੀਂ ਦੇ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਜੋ ਉੱਚ ਅਧਿਕਾਰੀ ਨਿਰਦੇਸ਼ ਦੇਣਗੇ ਉਸ ਤਹਿਤ ਕਿਸਾਨਾਂ ਤੋਂ ਕਰਜਾ ਵਸੂਲੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਹੋਣ ਵਾਲੀ ਜ਼ਿਮਨੀ ਅਤੇ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ, ਚੁੱਕਿਆ ਇਹ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?