'ਕੈਪਟਨ ਕਿਸਾਨਾਂ ਨੂੰ ਮੈਦਾਨ-ਏ- ਜੰਗ 'ਚ ਇਕੱਲਿਆਂ ਛੱਡ ਕੇ ਭੱਜੇ'
Saturday, Sep 26, 2020 - 02:21 AM (IST)
ਚੰਡੀਗੜ੍ਹ,(ਅਸ਼ਵਨੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਵਜ਼ੀਰ ਤੇ ਕਾਂਗਰਸੀ ਵਿਧਾਇਕ ਅੱਜ ਕਿਸਾਨਾਂ ਨੂੰ ਮੈਦਾਨ-ਏ-ਜੰਗ ਵਿਚ ਇਕੱਲਾ ਛੱਡ ਕੇ ਭੱਜ ਗਏ ਹਨ। ਬਹੁ ਗਿਣਤੀ ਕਾਂਗਰਸੀ ਆਗੂ ਕਿਸਾਨ ਸੰਘਰਸ਼ ਵਿਚ ਕਿਸੇ ਵੀ ਧਰਨੇ 'ਤੇ ਨਜ਼ਰ ਨਹੀਂ ਆਏ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ. ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿਚ ਕਿਸਾਨਾਂ ਨੇ ਆਪਣੇ ਨਾਲ ਹੋ ਰਹੇ ਅਨਿਆਂ ਵਾਸਤੇ ਸੰਘਰਸ਼ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਸੰਘਰਸ਼ ਵਿਚ 'ਚੱਕਾ ਜਾਮ' ਪ੍ਰੋਗਰਾਮ ਰਾਹੀਂ ਹਿੱਸਾ ਪਾਇਆ ਤੇ ਕਿਸਾਨਾਂ ਦੇ ਹੱਕ ਵਿਚ ਡਟਿਆ ਪਰ ਪੰਜਾਬ ਦੇ ਮੁੱਖ ਮੰਤਰੀ, ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀ ਅਤੇ ਕਾਂਗਰਸ ਦੇ ਵਿਧਾਇਕ ਅੱਜ ਦੇ ਕਿਸਾਨ ਧਰਨਿਆਂ ਤੇ ਮੁਜ਼ਾਹਰਿਆਂ ਤੋਂ ਪਾਸੇ ਰਹੇ, ਜੋ ਬੇਹੱਦ ਨਿੰਦਣਯੋਗ ਗੱਲ ਹੈ।
ਡਾ. ਚੀਮਾ ਨੇ ਕਿਹਾ ਕਿ ਮੈਦਾਨ-ਏ-ਜੰਗ ਵਿਚੋਂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਭੱਜਣਾ ਕੋਈ ਹੈਰਾਨੀਜਨਕ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਸੰਸਦ ਵਿਚ ਉਨ੍ਹਾਂ ਦੀ ਕੌਮੀ ਲੀਡਰਸ਼ਿਪ ਤੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਖੇਤੀ ਬਿੱਲਾਂ ਖਿਲਾਫ ਵੋਟਿੰਗ ਤੋਂ ਭੱਜ ਗਏ ਸਨ। ਅੱਜ ਪੰਜਾਬ ਵਿਚ ਵੀ ਕਾਂਗਰਸ ਪਾਰਟੀ ਨੇ ਸਿਰਫ ਅੱਖਾਂ ਵਿਚ ਘੱਟਾ ਪਾਉਣ ਵਾਲਾ ਕੰਮ ਕੀਤਾ ਹੈ ਕਿਉਂਕਿ ਕਾਂਗਰਸ ਦਿਲੋਂ ਖੁਦ ਚਾਹੁੰਦੀ ਸੀ ਕਿ ਇਸ ਤਰ੍ਹਾਂ ਦਾ ਕਾਨੂੰਨ ਬਣੇ। ਕੈਪਟਨ ਸਰਕਾਰ ਨੇ 2017 ਵਿਚ ਏ. ਪੀ. ਐੱਮ. ਸੀ. ਐਕਟ ਵਿਚ ਆਪ ਸੋਧ ਕੀਤੀ ਤੇ 2019 ਵਿਚ ਕੌਮੀ ਪੱਧਰ 'ਤੇ ਚੋਣ ਮਨੋਰਥ ਪੱਤਰ ਵਿਚ ਇਹ ਐਕਟ ਖਤਮ ਕਰਨ ਦੀ ਗੱਲ ਸ਼ਾਮਲ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਸੰਸਦ ਵਿਚ ਖੇਤੀ ਬਿੱਲਾਂ ਖਿਲਾਫ ਵੋਟ ਵੀ ਪਾਈ ਤੇ ਪਾਰਟੀ ਦੇ ਮੰਤਰੀ ਮੰਡਲ ਵਿਚ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਵੀ ਦਿੱਤਾ ਤੇ ਅੱਜ ਪਾਰਟੀ ਕੇਡਰ ਸੜਕਾਂ 'ਤੇ ਵੀ ਉਤਰਿਆ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਵਜ਼ਾਰਤ ਦੇ ਸਾਥੀ ਤੇ ਬਹੁਗਿਣਤੀ ਕਾਂਗਰਸ ਦੇ ਵਿਧਾਇਕ ਤੇ ਸੀਨੀਅਰ ਆਗੂ ਅੱਜ ਦੇ ਰੋਸ ਪ੍ਰਦਰਸ਼ਨਾਂ ਤੋਂ ਲਾਂਭੇ ਰਹੇ ਤੇ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ 'ਤੇ ਇਕੱਲਿਆਂ ਛੱਡ ਦਿੱਤਾ।