ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਪੰਜਾਬ ’ਚ ਬਦਲਣਗੇ ਸਿਆਸੀ ਸਮੀਕਰਣ, ਬਾਦਲਾਂ ਦੀ ਥਾਂ ਲੈਣਗੇ ਕੈਪਟਨ

Friday, Nov 19, 2021 - 06:27 PM (IST)

ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਪੰਜਾਬ ’ਚ ਬਦਲਣਗੇ ਸਿਆਸੀ ਸਮੀਕਰਣ, ਬਾਦਲਾਂ ਦੀ ਥਾਂ ਲੈਣਗੇ ਕੈਪਟਨ

ਚੰਡੀਗੜ੍ਹ (ਵੈੱਬ ਡੈਸਕ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਨਵੇਂ ਸਮੀਕਰਣ ਦੇਖਣ ਨੂੰ ਮਿਲਣੇ ਲਾਜ਼ਮੀ ਹਨ। ਕੇਂਦਰ ਦੀ ਭਾਜਪਾ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਅਕਾਲੀ ਦਲ ਵੀ ਬੈਕਫੁੱਟ ’ਤੇ ਆ ਗਿਆ ਹੈ। ਹੁਣ ਅਕਾਲੀ ਦਲ ਦੀ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਲੈ ਸਕਦੇ ਹਨ। ਪ੍ਰਧਾਨ ਮੰਤਰੀ ਦੇ ਖੇਤੀ ਕਾਨੂੰਨਾਂ ’ਤੇ ਫ਼ੈਸਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਜਾਣ ਦਾ ਖੁੱਲ੍ਹ ਕੇ ਐਲਾਨ ਵੀ ਕਰ ਦਿੱਤਾ ਹੈ। ਦਰਅਸਲ ਪੰਜਾਬ ਦੇ ਹਾਲਾਤ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨੂੰ ਲੱਗਦਾ ਸੀ ਕਿ ਭਾਜਪਾ ਕਦੇ ਵੀ ਖੇਤੀ ਕਾਨੂੰਨ ਰੱਦ ਨਹੀਂ ਕਰੇਗੀ ਜਿਸ ਕਾਰਣ ਉਸ ਨੇ ਸਾਫ ਕਰ ਦਿੱਤਾ ਕਿ ਉਹ ਹੁਣ ਕਦੇ ਵੀ ਭਾਜਪਾ ਨਾਲ ਰਿਸ਼ਤਾ ਨਹੀਂ ਰੱਖੇਗੀ।

ਇਹ ਵੀ ਪੜ੍ਹੋ : ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ’ਤੇ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ, ਮੋਰਚੇ ’ਤੇ ਲਿਆ ਇਹ ਫ਼ੈਸਲਾ

ਭਾਜਪਾ ਵੱਲ ਵਧਿਆ ਕੈਪਟਨ ਦਾ ਝੁਕਾਅ

ਉਧਰ ਕਾਂਗਰਸ ਨਾਲੋਂ ਵੱਖ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਝੁਕਾਅ ਲਗਾਤਾਰ ਭਾਜਪਾ ਵੱਲ ਦੇਖਣ ਨੂੰ ਮਿਲਿਆ। ਕੈਪਟਨ ਨੇ ਸਾਫ ਕਰ ਦਿੱਤਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਇਨ੍ਹਾਂ ਚੋਣਾਂ ਵਿਚ ਭਾਜਪਾ ਨਾਲ ਗਠਜੋੜ ਵੀ ਕਰ ਸਕਦੇ ਹਨ। ਇਸ ਲਈ ਉਨ੍ਹਾਂ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਸ਼ਰਤ ਰੱਖੀ ਸੀ। ਅਜਿਹੇ ਵਿਚ ਭਾਜਪਾ ਦੇ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਉਬਾਲ ਆਉਣਾ ਸੁਭਾਵਕ ਹੈ। ਕਿਉਂਕਿ ਇਸ ਫ਼ੈਸਲੇ ਨਾਲ ਭਾਜਪਾ ਹਮਦਰਦੀ ਦਾ ਵੋਟ ਹਾਸਲ ਕਰਨ ਦਾ ਯਤਨ ਵੀ ਕਰੇਗੀ। ਕੈਪਟਨ ਅਮਰਿੰਦਰ ਸਿੰਘ ਵੀ ਖੇਤੀ ਕਾਨੂੰਨਾਂ ਦੇ ਹੱਲ ਲਈ ਲਗਾਤਾਰ ਭਾਜਪਾ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਸਨ।

ਇਹ ਵੀ ਪੜ੍ਹੋ : ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਖੀ ਵੱਡੀ ਗੱਲ

ਬੀਤੇ ਵਰ੍ਹੇ ਸਤੰਬਰ ਵਿਚ ਟੁੱਟਿਆ ਸੀ ਗਠਜੋੜ
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 1996 ਵਿਚ ਬਹੁਜਨ ਸਮਾਜ ਪਾਰਟੀ ਨਾਲੋਂ ਆਪਣਾ ਗਠਜੋੜ ਤੋੜ ਕੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਇਆ ਸੀ। ਉਦੋਂ ਤੋਂ ਅਕਾਲੀ ਦਲ ਭਾਜਪਾ ਨਾਲ ਮਿਲ ਕੇ ਚੋਣਾਂ ਲੜਦਾ ਆ ਰਿਹਾ ਸੀ। ਸਤੰਬਰ 2020 ਵਿਚ ਅਕਾਲੀ ਦਲ ਨੇ ਇਸ ਗਠਜੋੜ ਨੂੰ ਤੋੜ ਦਿੱਤਾ ਅਤੇ ਫਿਰ ਤੋਂ ਬਸਪਾ ਨਾਲ ਹੱਥ ਮਿਲਾ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਸੀਟਾਂ ਦੀ ਵੰਡ ਵੀ ਕਰ ਲਈ ਹੈ ਅਤੇ ਟਿਕਟਾਂ ਦਾ ਐਲਾਨ ਵੀ ਕਰ ਦਿੱਤਾ ਹੈ। ਹੁਣ ਜਦੋਂ ਭਾਜਪਾ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਵੀ ਕਰ ਦਿੱਤਾ ਹੈ ਤਾਂ ਅਕਾਲੀ ਦਲ ਕੋਲ ਕੋਈ ਬਦਲ ਬਚਦਾ ਨਜ਼ਰ ਵੀ ਨਹੀਂ ਆ ਰਿਹਾ। ਦੂਜੇ ਪਾਸੇ ਭਾਜਪਾ ਦਾ ਇਕੱਲਿਆਂ ਪੰਜਾਬ ਦੀਆਂ ਚੋਣਾਂ ਵਿਚ ਉਤਰਨਾ ਇੰਨਾ ਸੌਖਾ ਨਹੀਂ ਹੈ, ਅਜਿਹੇ ਵਿਚ ਭਾਜਪਾ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾ ਕੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਜ਼ੋਰ ਅਜ਼ਮਾਇਸ਼ ਕਰ ਸਕਦੀ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ’ਤੇ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ

ਨੋਟ - ਕੇਂਦਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News