ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ, ਛੋਟੇ ਉਦਯੋਗਾਂ ਲਈ ਕੀਤੀ ਇਹ ਅਪੀਲ

05/04/2020 9:50:44 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੋਟੇ, ਸੂਖਮ, ਘਰੇਲੂ ਅਤੇ ਲਘੂ ਉਦਯੋਗਾਂ ਦੀ ਹਾਲਤ 'ਤੇ ਚਿੰਤਾ ਜ਼ਾਹਰ ਕਰਦਿਆਂ ਸੋਮਵਾਰ ਨੂੰ ਕੇਂਦਰ ਕੋਲ ਅਪੀਲ ਕੀਤੀ ਕਿ ਉਹ ਇਨ੍ਹਾਂ ਉਦਯੋਗਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਗੁਆਂਢ ਵਿਚ ਰਹਿੰਦੇ ਮਜ਼ਦੂਰਾਂ ਨੂੰ ਲੈ ਕੇ ਕੰਮ ਕਰਨ ਦੀ ਆਗਿਆ ਦੇਣ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸੀਮਤ ਜ਼ੋਨਾਂ ਤੋਂ ਬਾਹਰ ਸ਼ਹਿਰੀ ਖੇਤਰ ਵਿਚ ਪੈਂਦੇ ਅਜਿਹੇ ਉਦਯੋਗਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਬਸ਼ਰਤੇ ਇਹ ਕੋਵਿਡ ਰੋਕਥਾਮ ਉਪਾਵਾਂ ਅਤੇ ਇਸ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਲਘੂ, ਛੋਟੇ ਤੇ ਦਰਮਿਆਨੇ ਉਦਮੀਆਂ (ਐੱਮ.ਐੱਸ.ਐੱਮ.ਈ.) ਦੇ ਖੇਤਰ ਨੂੰ ਕਾਇਮ ਰੱਖਣ ਦੇ ਨਾਲ ਮਜ਼ਦੂਰਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਫਾਇਦੇਮੰਦ ਸਾਬਤ ਹੋਵੇਗਾ।

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਮੁੱਖ ਤੌਰ 'ਤੇ ਦੂਸਰੇ ਸੂਬਿਆਂ ਤੋਂ ਆਏ ਲੋਕਾਂ ਕਰਕੇ ਪੰਜਾਬ ਦੇ ਬਹੁਤੇ ਉਦਯੋਗਿਕ ਸ਼ਹਿਰ ਹਾਲ ਹੀ ਵਿਚ ਰੈੱਡ ਜ਼ੋਨ ਵਿਚ ਆਏ ਹਨ,  ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਪਾਬੰਦੀਆਂ ਕਰਕੇ ਉਦਯੋਗਾਂ ਨੂੰ ਮੁੜ ਤੋਂ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿਚ ਬਹੁਤ ਸਾਰੇ ਲਘੂ, ਸੂਖਮ ਅਤੇ ਛੋਟੇ ਉਦਯੋਗ 2 ਤੋਂ 5 ਵਿਅਕਤੀਆਂ ਨਾਲ ਕੰਮ ਕਰ ਰਹੇ ਹਨ ਜੋ ਉਥੇ ਆਸ-ਪਾਸ ਹੀ ਰਹਿੰਦੇ ਹਨ ਅਤੇ ਬਹੁਤ ਸਾਰੇ ਮਾਮਲਿਆਂ ਵਿਚ ਬਿਨਾਂ ਕਿਸੇ ਬਾਹਰੀ ਕਾਮਿਆਂ ਤੋਂ ਸਿਰਫ਼ ਪਰਿਵਾਰਕ ਮੈਂਬਰ ਹੀ ਇਨ੍ਹਾਂ ਉਦਯੋਗਾਂ ਨੂੰ ਚਲਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਸਰ ਇਹ ਛੋਟੇ ਯੂਨਿਟ, ਵੱਡੇ ਯੂਨਿਟਾਂ ਦੇ ਵਿਕਰੇਤਾ ਹੁੰਦੇ ਹਨ ਅਤੇ ਇਨ੍ਹਾਂ ਨੂੰ ਕੁਝ ਜ਼ਰੂਰ ਸਾਜ਼ੋ-ਸਾਮਾਨ ਦੀ ਸਪਲਾਈ ਕਰਦੇ ਹਨ। ਜੇਕਰ ਇਹ ਸਾਮਾਨ ਹੀ ਸਪਲਾਈ ਨਹੀਂ ਹੁੰਦਾ ਤਾਂ ਵੱਡੇ ਯੂਨਿਟਾਂ ਨੂੰ ਇਜਾਜ਼ਤ ਦਿੱਤੇ ਜਾਣ 'ਤੇ ਵੀ ਉਹ ਚੱਲ ਨਹੀਂ ਸਕਦੇ। ਉਨ੍ਹਾਂ ਆਫਤ ਪ੍ਰਬੰਧਨ ਐਕਟ-2005 ਦੀ ਧਾਰਾ 10 (2) (9) ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ/ਹਦਾਇਤਾਂ ਵਿਚ ਸੋਧ ਕਰਨ ਦੀ ਮੰਗ ਕੀਤੀ ਜਿਸ ਤਹਿਤ ਸੀਮਤ ਖੇਤਰਾਂ ਨੂੰ ਛੱਡ ਕੇ ਸ਼ਹਿਰੀ ਇਲਾਕਿਆਂ ਵਿਚ ਵੱਖ-ਵੱਖ ਉਦਯੋਗਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪੈਰਾ ਨੰਬਰ 7 (2) (ਬੀ) ਤਹਿਤ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕਰਨ ਲਈ ਆਪਣੇ ਮੰਤਰਾਲੇ ਨੂੰ ਹਦਾਇਤ ਕਰਨ ਲਈ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ।


Gurminder Singh

Content Editor

Related News