ਇਜ਼ਰਾਈਲ ''ਚ ਧਾਰਮਿਕ ਸਮਾਰੋਹ ਸਬੰਧੀ ਪੰਜਾਬੀਆਂ ਨੇ ਕੈਪਟਨ ਤੋਂ ਮੰਗੀ ਮਦਦ

10/26/2018 9:28:30 AM

ਤਲ ਅਵੀਵ, ਚੰਡੀਗੜ੍ਹ : ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਦੇ ਇਕ ਵਫ਼ਦ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਧਾਰਮਿਕ ਸਮਾਗਮ ਕਰਵਾਉਣ ਲਈ ਸਥਾਨਕ ਅਥਾਰਟੀਆਂ ਪਾਸੋਂ ਪ੍ਰਵਾਨਗੀ ਲੈਣ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਜ਼ਮੀਨ ਹਾਸਲ ਕਰਨ ਵਾਸਤੇ ਉਨ੍ਹਾਂ ਦੀ ਮਦਦ ਮੰਗੀ। ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਇਜ਼ਰਾਈਲ 'ਚ ਭਾਰਤੀ ਰਾਜਦੂਤ ਪਵਨ ਕਪੂਰ ਨੂੰ ਉਨ੍ਹਾਂ ਦੀ ਮਦਦ ਲਈ ਕਹਿਣਗੇ। ਕੈਪਟਨ ਅਮਰਿੰਦਰ ਸਿੰਘ ਨੇ ਵਫ਼ਦ ਨੂੰ ਵੀ ਰਾਜਦੂਤ ਨਾਲ ਮਿਲਣ ਦੀ ਸਲਾਹ ਦਿੱਤੀ।

ਮੁੱਖ ਮੰਤਰੀ ਨੇ ਵਫ਼ਦ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਮੁੱਦਿਆਂ 'ਤੇ ਸਥਾਨਕ ਪ੍ਰਸ਼ਾਸਨ ਦੇ ਬਹੁਤ ਸਖ਼ਤ ਦਿਸ਼ਾ-ਨਿਰਦੇਸ਼ ਹਨ। ਉਨ੍ਹਾਂ ਕਿਹਾ,''ਇਸ ਬਾਰੇ ਦੂਤਘਰ ਦੇਖੇਗਾ ਕਿ ਕੀ ਕੀਤਾ ਜਾ ਸਕਦਾ ਹੈ।'' ਵਫ਼ਦ ਨੇ ਗੈਰ-ਕਾਨੂੰਨੀ ਏਜੰਟਾਂ ਵੱਲੋਂ ਇਜ਼ਰਾਈਲ ਦੌਰੇ ਲਈ ਵੀਜ਼ਾ ਮੰਗਣ ਵਾਲੇ ਪੰਜਾਬੀ ਨੌਜਵਾਨਾਂ ਨਾਲ ਠੱਗੀਆਂ ਮਾਰਨ ਦਾ ਮਾਮਲਾ ਵੀ ਚੁੱਕਿਆ। ਇਸ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹੇ ਏਜੰਟਾਂ ਵਿਰੁੱਧ ਪਹਿਲਾਂ ਹੀ ਕਾਰਵਾਈ ਆਰੰਭੀ ਹੋਈ ਹੈ ਅਤੇ ਸੂਬੇ 'ਚ ਇਸ ਦੇ ਪਾਸਾਰ ਨੂੰ ਠੱਲ•ਪਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਉਹ ਇਸ ਮਸਲੇ ਪ੍ਰਤੀ ਚਿਤੰਤ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਗਏ ਹਨ। ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਪਹਿਲੇ ਵਿਸ਼ਵ ਯੁੱਧ 'ਚ ਭਾਰਤੀ ਸੈਨਿਕਾਂ ਖਾਸ ਕਰਕੇ ਸਿੱਖਾਂ ਦੇ ਯੋਗਦਾਨ ਬਾਰੇ ਗੱਲਬਾਤ ਕੀਤੀ, ਜਿਨ੍ਹਾਂ 'ਚੋਂ ਬਹੁਤ ਸਾਰੇ ਸੈਨਿਕਾਂ ਨੇ ਦੁਸ਼ਮਣ ਦੇ ਹਮਲਿਆਂ ਤੋਂ ਇਜ਼ਰਾਈਲ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਾਸ਼ਟਰਮੰਡਲ ਯਾਦਗਾਰ ਦੀ ਫੇਰੀ ਨੂੰ ਵੀ ਚੇਤੇ ਕੀਤਾ, ਜਿੱਥੇ ਉਨ੍ਹਾਂ ਨੇ ਸ਼ਹੀਦ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ।

ਆਪਣੀ ਇਜ਼ਰਾਈਲ ਫੇਰੀ ਦੇ ਆਖਰੀ ਦਿਨ ਮੌਕੇ ਮੁੱਖ ਮੰਤਰੀ ਨੇ ਹੌਫ ਹਾਸ਼ਰੋਨ ਵਿਖੇ ਅਫਿਕਿਮ ਡੇਅਰੀ ਫਾਰਮ ਦਾ ਵੀ ਦੌਰਾ ਕੀਤਾ ਜਿੱਥੇ ਉਨਾਂ ਨੇ ਡੇਅਰੀ ਫਾਰਮਿੰਗ ਦੀ ਗੁਣਵੱਤਾ ਵਧਾਉਣ ਲਈ ਵਰਤੀਆਂ ਜਾ ਰਹੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨਾਲ ਚਾਰੇ ਦੀਆਂ ਵੱਖ-ਵੱਖ ਕਿਸਮਾਂ ਦੇ ਨਾਲ-ਨਾਲ ਫਾਰਮ ਦੇ ਪਸ਼ੂਆਂ ਦੀ ਸੰਭਾਲ ਤੇ ਸਾਫ-ਸਫਾਈ ਬਾਰੇ ਵੀ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਕ ਗਾਂ ਦੇ ਰੋਜ਼ਾਨਾ 10-15 ਲੀਟਰ ਦੁੱਧ ਦੇਣ ਦੀ ਬਜਾਏ ਇਸ ਫਾਰਮ ਵਿੱਚ ਇਕ ਗਾਂ 40 ਲੀਟਰ ਦੁੱਧ ਦਿੰਦੀ ਹੈ। ਇਸ ਦੁੱਧ ਦੀ ਫੈਟ ਫੀਸਦੀ ਵੀ ਜ਼ਿਆਦਾ ਹੈ, ਜੋ ਪੰਜਾਬ 'ਚ 2.5 ਫੀਸਦੀ ਦੇ ਮੁਕਾਬਲੇ 4 ਫੀਸਦੀ ਹੈ।

ਇਜ਼ਰਾਈਲ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਫਾਈ, ਸੰਭਾਲ ਅਤੇ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਪੀਣ ਵਾਲੇ ਸਾਫ ਪਾਣੀ ਸਦਕਾ ਦੁੱਧ ਦੀ ਪੈਦਾਵਾਰ ਵੱਧ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹਰੇਕ ਗਾਂ ਨੂੰ ਪ੍ਰਤੀ ਦਿਨ 120 ਲੀਟਰ ਪਾਣੀ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੱਖਿਆਂ ਦੇ ਨਾਲ-ਨਾਲ ਫੁਹਾਰਾਨੁਮਾ ਪੱਖਿਆਂ ਰਾਹੀਂ ਸਾਰੇ ਸ਼ੈੱਡਾਂ ਦੀ ਆਬੋ-ਹਵਾ ਨੂੰ ਕਾਬੂ 'ਚ ਰੱਖਿਆ ਜਾਂਦਾ ਹੈ।


Related News