ਇਸ਼ਕ-ਏ-ਸਿਸਵਾਂ ਲੈ ਡੁੱਬਾ ''ਕੈਪਟਨ'' ਨੂੰ, ਹੁਣ ਕੀ ਕਰਨਗੇ
Friday, Mar 11, 2022 - 09:45 AM (IST)
ਜਲੰਧਰ (ਪੰਜਾਬ ਕੇਸਰੀ ਟੀਮ) : ਪੰਜਾਬ ’ਚ ਪਿਛਲੇ ਪੰਜ ਸਾਲਾਂ ’ਚ ਕਾਂਗਰਸ ਦੀ ਸਰਕਾਰ ਰਹੀ ਅਤੇ ਪਹਿਲੇ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਰਹੇ। ਬਾਅਦ ’ਚ ਕੈਪਟਨ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਪੰਜਾਬ ’ਚ ਕਾਂਗਰਸ ਦੀ ਹਾਰ ਦਾ ਇਕ ਵੱਡਾ ਕਾਰਨ ਕੈਪਟਨ ਨੂੰ ਵੀ ਮੰਨਿਆ ਜਾਂਦਾ ਹੈ, ਕਿਉਂਕਿ ਪਹਿਲੇ ਸਾਢੇ ਚਾਰ ਸਾਲ ਕੁੱਝ ਨਹੀਂ ਹੋਇਆ। ਕੈਪਟਨ ਨੇ ਉਦੋਂ ਵੀ ਸਿਸਵਾਂ ਫ਼ਾਰਮ ਦੇ ਨਾਲ ਆਪਣਾ ‘ਇਸ਼ਕ’ ਨਹੀਂ ਛੱਡਿਆ ਅਤੇ ਜਦੋਂ ਕਾਂਗਰਸ ਤੋਂ ਬਾਹਰ ਹੋ ਗਏ ਅਤੇ ਭਾਜਪਾ ਦਾ ਪੱਲਾ ਫੜ੍ਹ ਲਿਆ ਤਾਂ ਵੀ ਉਹ ਸਿਸਵਾਂ ਫ਼ਾਰਮ ਤੋਂ ਬਾਹਰ ਨਹੀਂ ਨਿਕਲੇ। ਕਿੱਥੇ ਵੱਡੀਆਂ ਸਿਆਸੀ ਪਾਰਟੀਆਂ ਦੇ ਵੱਡੇ-ਵੱਡੇ ਆਗੂ ਲੋਕਾਂ ’ਚ ਜਾ ਕੇ ਵੋਟਾਂ ਮੰਗ ਰਹੇ ਸਨ ਅਤੇ ਕਿੱਥੇ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫ਼ਾਰਮ ’ਚ ਆਰਾਮ ਫਰਮਾਉਂਦੇ ਜਾਂ ਆਪਣੇ ਕਰੀਬੀ ਲੋਕਾਂ ਦੇ ਨਾਲ ਵਿਚਾਰ-ਵਟਾਂਦਰੇ ਕਰਦੇ ਰਹਿੰਦੇ। ਇਹ ਸਭ ਫ਼ਾਰਮ ਹਾਊਸ ’ਚ ਚੱਲਦਾ ਰਹਿੰਦਾ। ਜੇਕਰ ਕਾਂਗਰਸ ਤੋਂ ਬਾਹਰ ਆ ਕੇ ਕੈਪਟਨ ਨੇ ਥੋੜ੍ਹੀ ਮਿਹਨਤ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਹਾਰ ਦਾ ਮੂੰਹ ਨਾ ਵੇਖਣਾ ਪੈਂਦਾ।
ਇਹ ਵੀ ਪੜ੍ਹੋ : 25 ਸਾਲਾਂ ਤੋਂ ਲੰਬੀ 'ਚ ਜਿੱਤਦੇ ਆ ਰਹੇ 'ਪ੍ਰਕਾਸ਼ ਸਿੰਘ ਬਾਦਲ' ਬੁਰੀ ਤਰ੍ਹਾਂ ਹਾਰੇ, 'ਆਪ' ਦੇ ਗੁਰਮੀਤ ਖੁੱਡੀਆਂ ਜੇਤੂ
ਪੂਰੀ ਹੋਈ ਇੱਛਾ
ਕੈਪਟਨ ਅਮਰਿੰਦਰ ਸਿੰਘ ਖ਼ੁਦ ਤਾਂ ਚੋਣ ਹਾਰ ਗਏ ਪਰ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਦੀ ਉਨ੍ਹਾਂ ਦੀ ਇੱਛਾ ਜ਼ਰੂਰ ਪੂਰੀ ਹੋ ਗਈ। ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਸਿੱਧੂ ਨੂੰ ਚੋਣ ਜਿੱਤਣ ਨਹੀਂ ਦੇਣਗੇ। ਹੁਣ ਸਿੱਧੂ ਨੂੰ ਹਰਾਉਣ ’ਚ ਕੈਪਟਨ ਦਾ ਕੋਈ ਹੱਥ ਤਾਂ ਨਹੀਂ ਪਰ ਉਨ੍ਹਾਂ ਦੀ ਇੱਛਾ ਜ਼ਰੂਰ ਪੂਰੀ ਹੋ ਗਈ। ਕੈਪਟਨ ਨੇ 2017 ’ਚ ਇਹ ਵੀ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੋਵੇਗੀ ਪਰ ਸ਼ਾਇਦ ਉਹ ਉਨ੍ਹਾਂ ਦੀ ਆਖ਼ਰੀ ਜਿੱਤ ਸੀ।
ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਨਹੀਂ 'ਖੁੱਲ੍ਹਿਆ' ਕਾਂਗਰਸ ਦਾ ਖਾਤਾ, ਜਾਣੋ 14 ਵਿਧਾਨ ਸਭਾ ਹਲਕਿਆਂ ਦਾ ਨਤੀਜਾ
ਹੁਣ ਕੀ ਕਰਨਗੇ ਕੈਪਟਨ
ਪੰਜਾਬ ’ਚ ਕਦੇ ਮੁੱਖ ਮੰਤਰੀ ਵਰਗੇ ਅਹਿਮ ਅਹੁਦੇ ’ਤੇ ਰਹੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ’ਚ ਹੁਣ ਕੀ ਕਰਨਗੇ, ਇਹ ਵੱਡਾ ਸਵਾਲ ਹੈ। ਪੰਜਾਬ ਲੋਕ ਕਾਂਗਰਸ ਨਾਂ ਦੀ ਪਾਰਟੀ ਖੜ੍ਹੀ ਕਰਨ ਤੋਂ ਬਾਅਦ ਭਾਜਪਾ ਨਾਲ ਗਠਜੋੜ ਤਾਂ ਕਰ ਲਿਆ ਪਰ ਮੈਦਾਨ ’ਚ ਉਤਾਰਣ ਲਈ ਉਮੀਦਵਾਰ ਬੜੀ ਮੁਸ਼ਕਲ ਨਾਲ ਮਿਲੇ। ਹੁਣ ਕੈਪਟਨ ਦੀ ਸਿਆਸਤ ਕੀ ਰਹੇਗੀ, ਇਹ ਵੱਡਾ ਸਵਾਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ