ਪੰਜਾਬ ਨੂੰ ਵਿਕਾਸ ਲਈ ਕੇਂਦਰ ਨਾਲ ਮਿਲ ਕੇ ਚੱਲਣਾ ਪਵੇਗਾ : ਕੈਪਟਨ
Sunday, Feb 13, 2022 - 02:49 PM (IST)
ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪਟਿਆਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰਾਂ ਲਈ ਪ੍ਰਚਾਰ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ। ਕੈਪਟਨ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਨੌਜਵਾਨਾਂ ਦੀ ਲੋੜ ਹੈ, ਜਿਨ੍ਹਾਂ ਨਾਲ ਨਵਾਂ ਪੰਜਾਬ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਹੀ ਪੰਜਾਬ ਨੂੰ ਸੰਭਾਲਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਖੀ ਕਰਨਾ ਹਰ ਸੂਬਾ ਵਾਸੀ ਦਾ ਫਰਜ਼ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਸਿਰ ਕਰੋੜਾਂ ਦਾ ਕਰਜ਼ਾ ਹੈ ਅਤੇ ਸੂਬੇ ਨੂੰ ਕੇਂਦਰ ਦੇ ਨਾਲ ਮਿਲ ਕੇ ਹੀ ਚੱਲਣਾ ਪਵੇਗਾ।
ਇਹ ਵੀ ਪੜ੍ਹੋ : 'ਅਮਿਤ ਸ਼ਾਹ' ਦੀ ਲੁਧਿਆਣਾ ਫੇਰੀ ਦੌਰਾਨ ਪੁਲਸ ਅਲਰਟ, ਕੀਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ (ਤਸਵੀਰਾਂ)
ਕੈਪਟਨ ਨੇ ਕਿਹਾ ਕਿ ਜੇਕਰ ਕਿਸੇ ਸੂਬੇ ਨੇ ਅੱਗੇ ਵੱਧਣਾ ਹੈ ਤਾਂ ਜਦੋਂ ਤੱਕ ਕੇਂਦਰ ਅਤੇ ਸੂਬਾ ਇੱਕੋ ਰਾਹ 'ਤੇ ਨਹੀਂ ਚੱਲਦੇ, ਇਹ ਗੱਲ ਸਿਰੇ ਨਹੀਂ ਚੜ੍ਹ ਸਕੀ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਕਰੀਆਂ ਲਈ ਵੱਡੀਆਂ ਇੰਡਸਟਰੀਆਂ ਦੀ ਲੋੜ ਹੈ ਅਤੇ ਇਹ ਇੰਡਸਟਰੀਆਂ ਸਾਡੀ ਕੇਂਦਰ ਦੀ ਸਰਕਾਰ ਹੀ ਦੇ ਸਕਦੀ ਹੈ। ਇਸ ਲਈ ਸੂਬੇ ਅਤੇ ਕੇਂਦਰ ਦਾ ਰਿਸ਼ਤਾ ਗੂੜਾ ਹੋਣਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਸਭ ਤੋਂ ਮਸਰੂਫ਼ ਪ੍ਰਚਾਰਕ ਬਣੇ 'ਚਰਨਜੀਤ ਸਿੰਘ ਚੰਨੀ'
ਕੈਪਟਨ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਕੁੱਝ ਮੰਗਿਆ ਹੈ, ਉਨ੍ਹਾਂ ਨੇ ਕਦੇ ਨਾਂਹ ਨਹੀਂ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਦੇ ਕਿਸੇ ਗੱਲ ਤੋਂ ਇਨਕਾਰ ਨਹੀਂ ਕੀਤਾ। ਕੈਪਟਨ ਨੇ ਕਿਹਾ ਕਿ ਕੇਂਦਰ ਦੀ ਮਦਦ ਨਾਲ ਪੰਜਾਬ ਬਹੁਤ ਅੱਗੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ 'ਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਤਾਂ ਨੌਜਵਾਨਾਂ ਨੂੰ ਰੋਜ਼ੀ-ਰੋਟੀ ਲਈ ਵਿਦੇਸ਼ਾਂ 'ਚ ਨਹੀਂ ਜਾਣਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ