ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਫਿੱਕੀ ਪਈ ''ਕੈਪਟਨ ਅਮਰਿੰਦਰ ਸਿੰਘ'' ਦੀ ਚਮਕ

Sunday, Jan 30, 2022 - 10:12 AM (IST)

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਫਿੱਕੀ ਪਈ ''ਕੈਪਟਨ ਅਮਰਿੰਦਰ ਸਿੰਘ'' ਦੀ ਚਮਕ

ਚੰਡੀਗੜ੍ਹ : ਚੋਣ ਮੌਸਮ ਵਿਚ ਜਦੋਂ ਦੂਸ਼ਣਬਾਜ਼ੀ ਦਾ ਦੌਰ ਚੋਟੀ ’ਤੇ ਹੁੰਦਾ ਹੈ, ਕਈ ਅਜਿਹੇ ਵੀ ਹੁੰਦੇ ਹਨ, ਜੋ ਕਿ ‘ਸੈਲਫ ਗੋਲ’ ਕਰ ਲੈਂਦੇ ਹਨ। ਹਾਲ ਹੀ ਵਿਚ ਕਈ ਵਾਰ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਮਕ ਫਿੱਕੀ ਪੈ ਗਈ। ਭਾਵੇਂ ਕੈਪਟਨ ਨੇ ਸਾਰੇ ਅਸਹਿਜ ਕਰਨ ਵਾਲੇ ਸਵਾਲਾਂ ਦਾ ਜਵਾਬ ਪੂਰੀ ਸਹਿਜਤਾ ਅਤੇ ਚਾਲਾਕੀ ਨਾਲ ਦਿੱਤਾ, ਫਿਰ ਵੀ ਉਨ੍ਹਾਂ ਨੂੰ ਤਸੱਲੀਬਖਸ਼ ਨਹੀਂ ਪਾਇਆ ਗਿਆ। ਰੇਤ ਘਪਲੇ ਵਿਚ ਕਥਿਤ ਸ਼ਮੂਲੀਅਤ ਲਈ ਜਦੋਂ ਉਹ ਆਪਣੇ ਉੱਤਰਾਧਿਕਾਰੀ ਚਰਨਜੀਤ ਸਿੰਘ ਚੰਨੀ ਨੂੰ ਸਖ਼ਤ ਹੱਥੀਂ ਲੈ ਰਹੇ ਸਨ ਤਾਂ ਇਕ ਰਿਪੋਰਟਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਜਦੋਂ ਉਹ ਖ਼ੁਦ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਇਸ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਕੈਪਟਨ ਨੇ ਆਪਣੀ ਗਲਤੀ ਸਵੀਕਾਰ ਕੀਤੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਪੁੱਜਣ ਵਾਲਿਆਂ ਦੀ ਦੌੜ 'ਚ 'ਸੰਸਦ ਮੈਂਬਰ' ਵੀ ਪਿੱਛੇ ਨਹੀਂ

ਉਨ੍ਹਾਂ ਚੰਨੀ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ ਖ਼ੁਦ ’ਤੇ ਲਿਆ ਪਰ ਉਹ ਇਸ ਦਾ ਕਾਰਨ ਸਮਝਾਉਣ ਵਿਚ ਅਸਫਲ ਰਹੇ। ਇਸ ਦੀ ਬਜਾਏ ਉਨ੍ਹਾਂ ਇਹ ਖ਼ੁਲਾਸਾ ਕੀਤਾ ਕਿ ਉਨ੍ਹਾਂ ਇਸ ਮਾਮਲੇ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਧਿਆਨ ਵਿਚ ਲਿਆਂਦਾ ਸੀ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਸੋਨੀਆਂ ਗਾਂਧੀ ਦੀ ਪ੍ਰਤੀਕਿਰਿਆ ਕੀ ਸੀ। ਉਹ ਇੰਨੇ ’ਤੇ ਹੀ ਰੁਕ ਗਏ। ਫਿਰ ਚੰਨੀ ਦੀ ਕਥਿਤ ਸ਼ਮੂਲੀਅਤ ਵਾਲੇ ‘ਮੀ ਟੂ’ ਮਾਮਲੇ ਵਿਚ ਕੈਪਟਨ ਅਮਰਿੰਦਰ ਨੇ ਖ਼ੁਲਾਸਾ ਕੀਤਾ ਕਿ ਇਕ ਨੌਕਰਸ਼ਾਹ ਜੋੜਾ ਰਾਤ ਨੂੰ ਉਨ੍ਹਾਂ ਕੋਲ ਆਇਆ ਅਤੇ ਸ਼ਿਕਾਇਤ ਕੀਤੀ। ਇਸ ਸੰਬੰਧੀ ਜਦੋਂ ਉਨ੍ਹਾਂ ਚੰਨੀ ਨੂੰ ਤਲਬ ਕੀਤਾ ਤਾਂ ਉਨ੍ਹਾਂ ਮੁਆਫ਼ੀ ਮੰਗੀ। ਕੈਪਟਨ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਉਣ ਜਾਂ ਜਾਂਚ ਕਰਵਾਉਣ ਦੀ ਬਜਾਏ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ। ਇੱਥੇ ਵੀ ਕੈਪਟਨ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਇਸ ਮਾਮਲੇ ਨੂੰ ਸੋਨੀਆਂ ਗਾਂਧੀ ਦੇ ਨੋਟਿਸ ਵਿਚ ਲਿਆਂਦਾ ਸੀ। ਇਹ ਇਕ ਗੰਭੀਰ ਮੁੱਦਾ ਸੀ ਪਰ ਇਸ ਨੇ ਕੈਪਟਨ ਨੂੰ ਇਕ ਸੱਚੇ ਨੇਤਾ ਦੇ ਰੂਪ ਵਿਚ ਨਹੀਂ ਦਿਖਾਇਆ ਜੋ ਇਕ ਤੋਂ ਬਾਅਦ ਇਕ ਮਾਮਲੇ ਨੂੰ ਦਬਾਉਂਦੇ ਗਏ।

ਇਹ ਵੀ ਪੜ੍ਹੋ : ਸ਼ਾਹਕੋਟ ਤੋਂ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਖ਼ਿਲਾਫ਼ ਹਾਈਕੋਰਟ ’ਚ ਪਟੀਸ਼ਨ ਦਾਖ਼ਲ

ਫਿਰ ਆਇਆ ਸਿੱਧੂ ਦਾ ਮਾਮਲਾ ਅਤੇ ਉਨ੍ਹਾਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਮੰਤਰੀ ਬਣਾਉਣ ਦੀ ਸਿਫਾਰਿਸ਼ ਪਾਕਿਸਤਾਨ ਤੋਂ ਉਨ੍ਹਾਂ ਕੋਲ ਆਈ ਸੀ। ਉਨ੍ਹਾਂ ਸਪੱਸ਼ਟ ਰੂਪ ਵਿਚ ਇਕ ਪਲ ਲਈ ਖਲਬਲੀ ਮਚਾ ਦਿੱਤੀ ਪਰ ਇਹ ਖ਼ੁਲਾਸਾ ਕਰਨ ਵਿਚ ਅਸਫਲ ਰਹੇ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਸੰਦੇਸ਼ ਕਿਸ ਨੇ ਦਿੱਤਾ। ਕਾਂਗਰਸ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਅਤੇ ਸਿੱਧੂ ਨੇ ਇਸ ਦਾਅਵੇ ਦਾ ਮਜ਼ਾਕ ਉਡਾਇਆ। ਕਈ ਲੋਕ ਹੈਰਾਨੀ ਪ੍ਰਗਟਾਉਂਦੇ ਹਨ ਕਿ ਜਦੋਂ ਖ਼ੁਦ ਕੈਪਟਨ ਦੇ ਇਕ ਪਾਕਿਸਤਾਨੀ ਪੱਤਰਕਾਰ ਨਾਲ ਮਜ਼ਬੂਤ ਸਬੰਧ ਸਨ ਤਾਂ ਉਹ ਨੈਤਿਕ ਤੌਰ ’ਤੇ ਅਜਿਹਾ ਦਾਅਵਾ ਕਿਵੇਂ ਕਰ ਸਕਦੇ ਹਨ। ਇਸ ਨਾਲ ਭਾਜਪਾ ਦੇ ਨੇਤਾ ਵੀ ਖ਼ੁਸ਼ ਨਹੀਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕੈਪਟਨ ਨੂੰ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ਅਤੇ ਪੰਜਾਬ ਦੇ ਖ਼ਤਰਿਆਂ ਵੱਲ ਧਿਆਨ ਦੇਣਾ ਚਾਹੀਦਾ ਸੀ। ਆਉਣ ਵਾਲੇ ਦਿਨਾਂ ਵਿਚ ਜਦੋਂ ਚੋਣ ਪ੍ਰਚਾਰ ਸ਼ੁਰੂ ਹੋਵੇਗਾ ਤਾਂ ਦੂਸ਼ਣਬਾਜ਼ੀ ਦਾ ਸਿਲਸਿਲਾ ਹੋਰ ਤੇਜ਼ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News