ਮਜੀਠੀਆ ''ਤੇ FIR ਦਰਜ ਹੋਣ ਨੂੰ ''ਕੈਪਟਨ'' ਨੇ ਦੱਸਿਆ ਗਲਤ, ਪੰਜਾਬ ਸਰਕਾਰ ''ਤੇ ਚੁੱਕੇ ਸਵਾਲ

Wednesday, Dec 22, 2021 - 10:14 AM (IST)

ਚੰਡੀਗੜ੍ਹ/ਰਾਜਪੁਰਾ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਦਰਜ ਕੀਤੀ ਗਈ ਐੱਫ. ਆਈ. ਆਰ. ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮਜੀਠੀਆ ’ਤੇ ਗਲਤ ਤਰੀਕੇ ਨਾਲ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਨਸ਼ੇ ਨਾਲ ਜੁੜੇ ਮਾਮਲੇ ਦੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਸੀਲਬੰਦ ਲਿਫ਼ਾਫ਼ੇ ਵਿਚ ਹੈ, ਇਹ ਲਿਫ਼ਾਫ਼ਾ ਖੁੱਲ੍ਹਾ ਨਹੀਂ ਹੈ ਤਾਂ ਪੰਜਾਬ ਸਰਕਾਰ ਨੇ ਕਿਸ ਆਧਾਰ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ। ਇਸ ਮੁਲਕ ਵਿਚ ਕਾਨੂੰਨ ਹੈ ਜਾਂ ਨਹੀਂ। ਇਹ ਠੀਕ ਨਹੀਂ ਹੈ ਕਿ ਧੱਕਾ ਕਰ ਕੇ ਜਾਂ ਕਿਸੇ ਨਾਲ ਦੁਸ਼ਮਣੀ ਕੱਢਣ ਲਈ ਕਿਸੇ ਦੀ ਬਾਂਹ ਮਰੋੜੀ ਜਾਵੇ। ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਇਹ ਜੋ ਕੁੱਝ ਹੋ ਰਿਹਾ ਹੈ, ਗਲਤ ਹੈ। ਪੰਜਾਬ ਸਰਕਾਰ ਨਾ ਤਾਂ ਕਾਨੂੰਨ ਨੂੰ ਵੇਖ ਰਹੀ ਹੈ ਅਤੇ ਨਹੀਂ ਹੀ ਸੰਵਿਧਾਨ ਨੂੰ ਵੇਖ ਰਹੀ ਹੈ। ਮਜੀਠੀਆ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਕਾਨੂੰਨੀ ਪੜਤਾਲ ਵਿਚ ਕਾਇਮ ਨਹੀਂ ਰਹਿ ਸਕੇਗਾ, ਕਿਉਂਕਿ ਸਰਕਾਰ ਨੇ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ FIR ਦਰਜ
ਬੇਅਦਬੀ ਦੇ ਮੁਲਜ਼ਮਾਂ ਨੂੰ ਪੁਲਸ ਹਵਾਲੇ ਕੀਤਾ ਜਾਣਾ ਚਾਹੀਦਾ ਸੀ
ਰਾਜਪੁਰਾ ਵਿਚ ਸੀਨੀਅਰ ਕਾਂਗਰਸੀ ਨੇਤਾ ਜਗਦੀਸ਼ ਕੁਮਾਰ ਜੱਗਾ ਨੂੰ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਕਰਨ ਤੋਂ ਬਾਅਦ ਇੱਕ ਪ੍ਰੋਗਰਾਮ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ਅਤੇ ਕਪੂਰਥਲਾ ਵਿਚ ਬੇਅਦਬੀ ਦੇ ਮੁਲਜ਼ਮਾਂ ਦੇ ਕਤਲ ਦੀ ਨਿੰਦਾ ਕੀਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਪੁਲਸ ਹਵਾਲੇ ਕੀਤਾ ਜਾਣਾ ਚਾਹੀਦਾ ਸੀ। ਕੋਈ ਵੀ ਸੰਸਕਾਰੀ/ਸੱਭਿਆਚਾਰੀ ਸਮਾਜ ਅਜਿਹੇ ਕਤਲਾਂ ਦੀ ਇਜਾਜ਼ਤ ਨਹੀਂ ਦਿੰਦਾ। ਮੋਬ ਲਿੰਚਿੰਗ ਦੀ ਕਿਤੇ ਵੀ ਆਗਿਆ ਨਹੀਂ ਮਿਲਦੀ, ਜੋ ਵੀ ਹੋਇਆ ਉਹ ਨਿੰਦਣਯੋਗ ਹੈ। ਬਹਿਬਲ ਕਲਾਂ ਬੇਅਦਬੀ ਮਾਮਲੇ ਵਿਚ ਨਿਆਂ ਨਾ ਮਿਲਣ ਨਾਲ ਲੋਕਾਂ ਵਿਚ ਗੁੱਸੇ ਦੇ ਚੱਲਦੇ ਅਜਿਹੇ ਕਤਲ ਹੋਣ ਬਾਰੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਇਸ ਮਾਮਲੇ ’ਤੇ ਕੰਮ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੂਬਾ ਸਰਕਾਰ ਨੂੰ ਸੀ. ਬੀ. ਆਈ. ਤੋਂ ਜਾਂਚ ਵਾਪਸ ਲੈਣ ਲਈ ਲੰਬੀ ਲੜਾਈ ਲੜਨੀ ਪਈ ਸੀ ਅਤੇ ਬਾਅਦ ਵਿਚ ਜਾਂਚ ਸ਼ੁਰੂ ਹੋਈ ਅਤੇ 22 ਮੁਲਜ਼ਮਾਂ, ਜਿਨ੍ਹਾਂ ਵਿਚ ਪੁਲਸ ਅਧਿਕਾਰੀ ਅਤੇ ਆਮ ਨਾਗਰਿਕ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਹਾਲੇ ਜ਼ਮਾਨਤ ’ਤੇ ਹਨ।

ਇਹ ਵੀ ਪੜ੍ਹੋ : ਮਜੀਠੀਆ ਖ਼ਿਲਾਫ਼ ਲੱਗੀਆਂ ਧਾਰਾਵਾਂ 'ਤੇ ਰੰਧਾਵਾ ਦਾ ਖ਼ੁਲਾਸਾ, ਵੱਡੇ ਬਾਦਲ ਨੂੰ ਵੀ ਦਿੱਤਾ ਜਵਾਬ
ਕੌਮੀ ਸੁਰੱਖਿਆ ਅਤੇ ਪੰਜਾਬ ਭਲਾਈ ਦਾ ਏਜੰਡਾ ਪਹਿਲਾਂ
ਕੈਪਟਨ ਨੇ ਕਿਹਾ ਕਿ ਕੌਮੀ ਸੁਰੱਖਿਆ ਅਤੇ ਪੰਜਾਬ ਦੀ ਭਲਾਈ ਉਨ੍ਹਾਂ ਦੇ ਏਜੰਡੇ ’ਤੇ ਪਹਿਲਾਂ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਅਗਲੀ ਪੀ. ਐੱਲ. ਸੀ.-ਭਾਜਪਾ ਸਰਕਾਰ ਇਸ ’ਤੇ ਸਫਲਤਾ ਪੂਰਵਕ ਕਾਰਜ ਕਰੇਗੀ। ਦੋਵੇਂ ਪਾਰਟੀਆਂ ਚੋਣਾਂ ਵਿਚ ਸਫ਼ਲਤਾ ਯਕੀਨੀ ਕਰਨ ਲਈ ਤਾਲਮੇਲ ਨਾਲ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦਾ ਉਦਯੋਗਿਕ ਸ਼ਹਿਰ ਦੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਕਾਫ਼ਲੇ ਦੀ ਅਗਵਾਈ ਕਰ ਰਹੀਆਂ ਕਾਰਾਂ ਦੇ ਅੱਗੇ ਮੋਟਰਸਾਈਕਲ ਰੈਲੀ ਚੱਲ ਰਹੀ ਸੀ, ਜਿਸ ਵਿਚ ਅਣਗਿਣਤ ਨੌਜਵਾਨ ਸ਼ਾਮਲ ਹੋਏ। ਉਨ੍ਹਾਂ ਦਾ ਲੋਕਾਂ ਵਲੋਂ ਖੁੱਲ੍ਹੇ ਦਿਲੋਂ ਸਵਾਗਤ ਕੀਤਾ ਗਿਆ ਅਤੇ ਰਾਹ ਵਿਚ ਫੁੱਲ ਬਰਸਾਏ ਗਏ। ਕੈਪਟਨ ਅਮਰਿੰਦਰ ਨੇ ਰਾਜਪੁਰਾ ਸ਼ਹਿਰ ਦੇ ਨਾਲ ਆਪਣੀਆਂ ਭਾਵਨਾਵਾਂ ਜੁੜੀਆਂ ਹੋਣ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ. ਮਹਾਰਾਜਾ ਯਾਦਵਿੰਦਰ ਸਿੰਘ ਨੇ ਬਹਾਵਲਪੁਰ ਤੋਂ ਰਿਫ਼ਿਊਜ਼ੀਆਂ ਨੂੰ ਇੱਥੇ ਬਸਾਇਆ ਸੀ ਅਤੇ ਉਨ੍ਹਾਂ ਦੀ ਮਾਂ ਸਵ. ਰਾਜਮਾਤਾ ਮਹਿੰਦਰ ਕੌਰ ਇੱਥੇ ਰਿਫਿਊਜ਼ੀਆਂ ਨੂੰ ਦੇਖਣ ਆਉਂਦੇ ਸਨ ਅਤੇ ਉਨ੍ਹਾਂ ਨਾਲ ਉਹ ਵੀ ਕੈਂਪਾਂ ਦਾ ਦੌਰਾ ਕਰਦੇ ਸਨ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਛੁੱਟੀ ਆਏ ਫ਼ੌਜੀ ਸਮੇਤ 3 ਨੌਜਵਾਨਾਂ ਦੀ ਮੌਤ, ਚਕਨਾਚੂਰ ਹੋ ਗਈ ਕਾਰ

ਇਸ ਦੌਰਾਨ ਸਥਾਨਕ ਵਿਧਾਇਕ ਦੀ ਸ਼ਹਿ ’ਤੇ ਕੀਤੀ ਗਈ ਧੱਕੇਸ਼ਾਹੀ ਅਤੇ ਦਰਜ ਕੀਤੇ ਗਏ ਝੂਠੇ ਕੇਸਾਂ ਸਬੰਧੀ ਸ਼ਿਕਾਇਤਾਂ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਯਕੀਨੀ ਕਰਨਗੇ ਕਿ ਉਸ ਨੂੰ (ਵਿਧਾਇਕ ਨੂੰ) ਜਵਾਬਦੇਹ ਬਣਾਇਆ ਜਾਵੇ। ਇਸ ਸਰਕਾਰ ਦਾ ਸਮਾਂ ਪੂਰਾ ਹੋ ਚੁੱਕਿਆ ਹੈ ਅਤੇ ਕੁੱਝ ਦਿਨਾਂ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਨਾ ਤਾਂ ਵਿਧਾਇਕ ਅਤੇ ਨਾ ਹੀ ਸਰਕਾਰ ਨਜ਼ਰ ਆਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਅਤੇ ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਨੂੰ ਖੁੱਲ੍ਹੇ ਦਿਲੋਂ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਕੌਮੀ ਸੁਰੱਖਿਆ ਅਤੇ ਪੰਜਾਬ ਵਿਚ ਚੰਗਾ ਸ਼ਾਸਨ ਦੀ ਰਹੀ ਹੈ। ਉਨ੍ਹਾਂ ਨੇ ਦੁਸ਼ਮਣ ਦੇਸ਼ ਦੇ ਗਲਤ ਇਰਾਦਿਆਂ ਖ਼ਿਲਾਫ਼ ਵੀ ਚਿਤਾਵਨੀ ਦਿੱਤੀ, ਜੋ ਲਗਾਤਾਰ ਇੱਥੇ ਹਾਲਾਤ ਬਿਗਾੜਨ ਲਈ ਹਥਿਆਰ ਭੇਜ ਰਿਹਾ ਹੈ। ਉਨ੍ਹਾਂ ਨੇ ਪੰਜਾਬ ਪੁਲਸ ਅਤੇ ਵੱਖ-ਵੱਖ ਕੇਂਦਰੀ ਸੁਰੱਖਿਆ ਏਜੰਸੀਆਂ ਵਿਚਕਾਰ ਨਜ਼ਦੀਕੀ ਤਾਲਮੇਲ ਦੀ ਲੋੜ ’ਤੇ ਵੀ ਜ਼ੋਰ ਦਿੱਤਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News