'ਕੈਪਟਨ' ਨੂੰ ਉਨ੍ਹਾਂ ਦੇ ਘਰ 'ਚ ਘੇਰਨ ਲਈ ਹਾਈਕਮਾਨ ਨੇ ਖਿੱਚੀ ਤਿਆਰੀ
Wednesday, Nov 10, 2021 - 10:32 AM (IST)
ਪਟਿਆਲਾ (ਰਾਜੇਸ਼ ਪੰਜੌਲਾ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਰਾਜਸੀ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ 2022 ਚੋਣਾਂ ’ਚ ਮਜ਼ਬੂਤ ਉਮੀਦਵਾਰ ਦੇਣ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਸ਼ਹਿਰ ਹਿੰਦੂ ਬਹੁ-ਗਿਣਤੀ ਵਾਲਾ ਇਲਾਕਾ ਹੈ। ਇਸ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੇ ਕਿਸੇ ਮਜ਼ਬੂਤ ਹਿੰਦੂ ਚਿਹਰੇ ਨੂੰ 2022 ’ਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਉਤਾਰਿਆ ਜਾਵੇ ਕਿਉਂਕਿ ਅਕਾਲੀ ਦਲ ਨੇ ਵੀ ਹਰਪਾਲ ਜੁਨੇਜਾ ਦੇ ਰੂਪ ’ਚ ਇਕ ਮਜ਼ਬੂਤ ਉਮੀਦਵਾਰ ਮੈਦਾਨ ’ਚ ਉਤਾਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਲੀਡਰਸ਼ਿਪ ਚਾਹੁੰਦੀ ਹੈ ਕਿ ਪੰਜਾਬ ਦੇ ਪੀ. ਡਬਲਿਊ. ਡੀ. ਮੰਤਰੀ ਵਿਜੇਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਪਟਿਆਲਾ ਸ਼ਿਫਟ ਕੀਤਾ ਜਾਵੇ।
ਇਸ ਸਬੰਧੀ ਇੰਟੈਲੀਜੈਂਸ ਅਤੇ ਕਾਂਗਰਸੀ ਲੀਡਰਸ਼ਿਪ ਅਤੇ ਕਾਂਗਰਸ ਰਾਜਨੀਤੀ ਦੇ ਮਾਹਿਰ ਪੱਤਰਕਾਰਾਂ ਤੋਂ ਵੀ ਫੀਡਬੈਕ ਲਈ ਗਈ ਹੈ ਕਿ 2022 ਵਿਚ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੌਣ ਟੱਕਰ ਦੇ ਸਕਦਾ ਹੈ। ਵਿਜੇਇੰਦਰ ਸਿੰਗਲਾ ਪਟਿਆਲਾ ਨਾਲ ਸਬੰਧਿਤ ਹਨ। ਉਨ੍ਹਾਂ ਦੇ ਪਿਤਾ ਸਵ. ਸੰਤ ਰਾਮ ਸਿੰਗਲਾ ਪਟਿਆਲਾ ਤੋਂ ਐੱਮ. ਪੀ. ਰਹਿ ਚੁੱਕੇ ਹਨ। ਪਟਿਆਲਾ ਸ਼ਹਿਰ ’ਚ ਅਗਰਵਾਲ ਸਮਾਜ ਦੀ ਬਹੁ-ਗਿਣਤੀ ਹੈ। ਅਜਿਹੇ ’ਚ ਜੇਕਰ ਵਿਜੇਇੰਦਰ ਸਿੰਗਲਾ ਨੂੰ ਪਟਿਆਲਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਉਹ ਇਹ ਸੀਟ ਜਿੱਤ ਸਕਦੇ ਹਨ। ਬਤੌਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਪੇਡਾ ਦੇ ਚੇਅਰਮੈਨ ਦੇ ਤੌਰ ’ਤੇ ਵੀ ਉਨ੍ਹਾਂ ਪਟਿਆਲਾ ’ਚ ਕਾਫੀ ਕੰਮ ਕੀਤਾ ਹੈ। ਜਿਹੜੇ ਕਾਂਗਰਸੀ ਵਰਕਰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ’ਚ ਸ਼ਾਮਲ ਹੋਣਗੇ, ਵਿਜੇਇੰਦਰ ਸਿੰਗਲਾ ਉਨ੍ਹਾਂ ਵਰਕਰਾਂ ਦੀ ਘਰ ਵਾਪਸੀ ਵੀ ਕਰਵਾ ਸਕਦੇ ਹਨ, ਜਿਸ ਦਾ ਪਾਰਟੀ ਨੂੰ ਵੱਡਾ ਲਾਭ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਸੇਵਾਮੁਕਤ ਮੁਲਾਜ਼ਮਾਂ ਦੀ ਮੁੜ ਨਿਯੁਕਤੀ ਰੱਦ ਕਰਨ ਦੇ ਹੁਕਮ
ਕਾਂਗਰਸ ਦਾ ਇਕ ਵਰਗ ਇਹ ਵੀ ਚਾਹੁੰਦਾ ਹੈ ਕਿ ਪਟਿਆਲਾ ਤੋਂ ਕੈਪਟਨ ਨੂੰ ਸਖ਼ਤ ਟੱਕਰ ਦੇਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਉਤਾਰਨ ਦਾ ਪਾਰਟੀ ਨੂੰ ਵੱਡਾ ਲਾਭ ਮਿਲ ਸਕਦਾ ਹੈ। ਡਾ. ਸਿੱਧੂ ਪਾਰਟੀ ਦੀ ਫਾਇਰਬ੍ਰਾਂਡ ਆਗੂ ਹਨ। ਉਨ੍ਹਾਂ ਦੇ ਬੇਬਾਕ ਭਾਸ਼ਣ ਤੋਂ ਨੌਜਵਾਨ ਵਰਗ ਬੇਹੱਦ ਪ੍ਰਭਾਵਿਤ ਹੈ। ਪਟਿਆਲਵੀਆਂ ਲਈ ਉਹ ਨਵਜੋਤ ਸਿੰਘ ਸਿੱਧੂ ਵਾਂਗ ਹੀ ਇਕ ਸੈਲੀਬ੍ਰਿਟੀ ਹਨ। ਡਾ. ਸਿੱਧੂ ਨੇ ਬਤੌਰ ਡਾਕਟਰ ਲੰਬਾ ਸਮਾਂ ਪਟਿਆਲਾ ਸ਼ਹਿਰ ’ਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਪਟਿਆਲਾ ਦੀ ਹੀ ਜੰਮਪਲ ਹਨ। ਪਟਿਆਲਾ ’ਚ ਉਨ੍ਹਾਂ ਦਾ ਕਾਫੀ ਆਧਾਰ ਹੈ। ਪਿਛਲੇ ਡੇਢ ਸਾਲ ਤੋਂ ਉਹ ਆਪਣੇ ਪਟਿਆਲਾ ਨਿਵਾਸ ’ਚ ਬੈਠ ਕੇ ਕਾਂਗਰਸੀ ਵਰਕਰਾਂ ਨਾਲ ਸੰਪਰਕ ਵੀ ਬਣਾ ਰਹੇ ਹਨ।
ਇਹ ਵੀ ਪੜ੍ਹੋ : CM ਚੰਨੀ ਨੇ ਸਿੱਧੂ ਨਾਲ ਬੈਠਦੇ ਹੀ ਗੁਣਗੁਣਾਇਆ ਗੀਤ, 'ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਵੇ ਟਿਕਟਾਂ ਦੋ ਲੈ ਲਈਂ
ਪਟਿਆਲਾ ਦੀ ਸਿਆਸਤ ਅਤੇ ਪੰਜਾਬ ਦੀ ਰਾਜਨੀਤੀ ਦੇ ਵੱਡੇ ਕਾਂਗਰਸੀ ਆਗੂਆਂ ਨੂੰ ਕਾਂਗਰਸ ਹਾਈਕਮਾਨ ਕੋਲ ਇਹ ਗੱਲ ਪਹੁੰਚਾਈ ਹੈ ਕਿ ਜੇਕਰ ਡਾ. ਨਵਜੋਤ ਕੌਰ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਉਮੀਦਵਾਰ ਉਤਾਰਿਆ ਜਾਂਦਾ ਹੈ ਤਾਂ ਕੈਪਟਨ ਪਟਿਆਲਾ ’ਚ ਹੀ ਘਿਰ ਜਾਣਗੇ, ਜਿਸ ਦਾ ਕਾਂਗਰਸ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਕਾਂਗਰਸ ਦਾ ਇਕ ਵਰਗ ਅਜਿਹਾ ਵੀ ਹੈ, ਜੋ ਹਾਈਕਮਾਨ ਨੂੰ ਇਹ ਤਰਕ ਦੇ ਰਿਹਾ ਹੈ ਕਿ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਹਲਕੇ ਤੋਂ ਪਟਿਆਲਾ ਸ਼ਹਿਰੀ ਹਲਕੇ ’ਚ ਸ਼ਿਫਟ ਕਰ ਦਿੱਤਾ ਜਾਵੇ। ਬ੍ਰਹਮ ਮਹਿੰਦਰਾ ਨੇ 1980 ਵਿਚ ਪਟਿਆਲਾ ਸੀਟ ਜਿੱਤੀ ਸੀ। ਉਸ ਤੋਂ ਬਾਅਦ ਲਗਾਤਾਰ ਕਈ ਵਾਰ ਪਟਿਆਲਾ ਦੇ ਐੱਮ. ਐੱਲ. ਏ. ਰਹੇ। ਬ੍ਰਹਮ ਮਹਿੰਦਰਾ ਦਾ ਵੱਡਾ ਵੋਟ ਬੈਂਕ ਅਤੇ ਉਨ੍ਹਾਂ ਦਾ ਤਾਲਮੇਲ ਪਟਿਆਲਾ ’ਚ ਕਾਫੀ ਮਜ਼ਬੂਤ ਹੈ, ਜਿਸ ਦਾ ਲਾਭ ਪਾਰਟੀ ਨੂੰ ਮਿਲ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ