‘ਕੈਪਟਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦੇ ਜਾਖੜ ਦੇ ਬਿਆਨ ਨਾਲ ਕਾਂਗਰਸ ਵਿਚ ਘਮਾਸਾਨ’

02/25/2021 4:27:48 PM

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਬੀਤੇ ਬੁੱਧਵਾਰ ਨੂੰ ਪੰਜਾਬ ਦੇ ਸਥਾਨਕ ਸਰਕਾਰਾਂ ਚੋਣ ਨਤੀਜੇ ਆਉਣ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ‘ਕੈਪਟਨ ਫਾਰ-2022’ ਮੁਹਿੰਮ ਛੇੜਨਾ ਪਾਰਟੀ ਵਿਚ ਵਿਰੋਧੀ ਗੁਟਾਂ ਨੂੰ ਰਾਸ ਨਹੀਂ ਆਇਆ ਹੈ। ਕੈਪਟਨ-ਜਾਖੜ ਗੁਟ ਦੇ ਵਿਰੋਧੀ ਨੇਤਾਵਾਂ ਨੇ ਇਸ ਨੂੰ ਪਾਰਟੀ ਹਾਈਕਮਾਨ ਦੇ ਅਧਿਕਾਰ ਖੇਤਰ ’ਚ ਸਿੱਧੇ ਦਖ਼ਲ ਕਰਾਰ ਦਿੱਤਾ ਹੈ। ਉਨ੍ਹਾਂ ਦੀ ਦਲੀਲ਼ ਹੈ ਕਿ ਕਾਂਗਰਸ ਪਾਰਟੀ ਵਿਚ ਕਿਸੇ ਵੀ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਐਲਾਨ ਸਿਰਫ਼ ਪਾਰਟੀ ਹਾਈਕਮਾਨ ਹੀ ਕਰਦੀ ਹੈ। ਹੁਣ ਹਾਈਕਮਾਨ ਕੋਲ ਵੀ ਇਸ ਦੀ ਸ਼ਿਕਾਇਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਉਸ ਨੂੰ ਨਜ਼ਰਅੰਦਾਜ ਕਰਕੇ ਪੰਜਾਬ ਵਿਚ ਸੰਗਠਨ ਅਲੱਗ ਦਿਸ਼ਾ ਵਿਚ ਆਜ਼ਾਦ ਰੂਪ ਤੋਂ ਕੰਮ ਕਰਨ ਵਿਚ ਲੱਗਾ ਹੈ। ਜਾਖੜ ਅਤੇ ਕੈਪਟਨ ਅਮਰਿੰਦਰ ਦੀ ਜੁਗਲਬੰਦੀ ਕਿਸੇ ਤੋਂ ਲੁਕੀ ਨਹੀਂ ਹੈ। ਦੋਵਾਂ ਨੇਤਾਵਾਂ ਦਾ ਆਪਸੀ ਤਾਲਮੇਲ ਅਜਿਹਾ ਹੈ ਕਿ ਹਾਲ ਹੀ ’ਚ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਂਦੇ ਹੀ ਜਾਖੜ ਨੇ ਕੈਪਟਨ ਅਤੇ ਮੁੱਖ ਮੰਤਰੀ ਨੇ ਜਾਖੜ ਦੀ ਅਗਵਾਈ ਦੀ ਤਰੀਫ਼ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ। ਹਾਲਾਂਕਿ ਜਾਖੜ ਦੇ ਬਿਆਨ ਤੋਂ ਬਾਅਦ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਇਹ ਕਹਿੰਦਿਆਂ ਇਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਤਾਂ ਕਾਂਗਰਸ ਦੀ ਪਰੰਪਰਾ ਹੈ ਕਿ ਅਮੂਮਨ ਉਸੇ ਦੀ ਅਗਵਾਈ ਵਿਚ ਚੋਣ ਲੜੀ ਜਾਂਦੀ ਹੈ ਜੋ ਸਿਟਿੰਗ ਸੀ. ਐੱਮ. ਹੁੰਦਾ ਹੈ। ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਜਾਖੜ ਨੇ ਕੈਪਟਨ ਅਮਰਿੰਦਰ ਨੂੰ ਸਾਲ 2022 ਵਿਚ ਦੁਬਾਰਾ ਮੁੱਖ ਮੰਤਰੀ ਬਣਾਉਣ ਦਾ ਬਿਆਨ ਬੇਵਜ੍ਹਾ ਨਹੀਂ ਦਾਗਿਆ ਸੀ, ਸਗੋਂ ਇਸ ਦੇ ਪਿੱਛੇ ਹਾਈਕਮਾਨ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਚੱਲ ਰਹੀ ਮੁਲਾਕਾਤਾਂ ਦਾ ਸਿਲਸਿਲਾ ਅਹਿਮ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬੀ ਗਾਇਕੀ ’ਚ ਵੱਡੀ ਪਛਾਣ ਬਣਾਉਣ ਵਾਲੇ ਸਰਦੂਲ ਸਿਕੰਦਰ ਦਾ ਅਜਿਹਾ ਰਿਹਾ ਸਫ਼ਰ

ਦਰਅਸਲ, ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿਚ ਸਰਗਰਮ ਭਾਗੀਦਾਰੀ ਅਤੇ ਉਨ੍ਹਾਂ ਦੀ ਪਸੰਦੀਦਾ ਭੂਮਿਕਾ ਹੁਣ ਤੱਕ ਕਾਂਗਰਸ ਹਾਈਕਮਾਨ ਤੈਅ ਨਹੀਂ ਕਰ ਸਕੀ ਹੈ। ਜੂਨ-2019 ਵਿਚ ਪੰਜਾਬ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਤੋਂ ਸਿੱਧੂ ਪੰਜਾਬ ਅਤੇ ਕਾਂਗਰਸ ਵਿਚ ਹਮਲਾਵਰ ਹਨ। ਲਗਭਗ 20 ਮਹੀਨੇ ਦੌਰਾਨ ਰਾਹੁਲ-ਪਿ੍ਰਯੰਕਾ ਗਾਂਧੀ ਨਾਲ ਕਈ ਦੌਰ ਦੀਆਂ ਬੈਠਕਾਂ ਅਤੇ ਹਾਲ ਹੀ ਵਿਚ ਸੋਨੀਆ ਗਾਂਧੀ ਨਾਲ ਮੁਲਾਕਾਤ ਦੇ ਬਾਵਜੂਦ ਪਾਰਟੀ ਵਿਚ ਸਿੱਧੂ ਦੇ ਭਵਿੱਖ ਅਤੇ ਰਾਜ ਸਰਕਾਰ ਵਿਚ ਉਨ੍ਹਾਂ ਦੀ ਸਨਮਾਨ ਸਹਿਤ ਵਾਪਸੀ ਨੂੰ ਲੈ ਕੇ ਹਾਈਕਮਾਨ ਦੁਵਿਧਾ ਵਿਚ ਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਵਿਚ ਕੈ. ਅਮਰਿੰਦਰ ਦੀ ਚੱਲੀ ਤਾਂ ਸੰਗਠਨ ਵਿਚ ਪਾਰਟੀ ਹਾਈਕਮਾਨ ਆਪਣੀ ਮਨਮਰਜ਼ੀ ਕਰੇਗੀ। ਭਾਵ ਡਿਪਟੀ ਸੀ.ਐੱਮ. ਬਣਾਉਣ ਵਿਚ ਕੈਪਟਨ ਦੀ ਆਨਾਕਾਨੀ ਤੋਂ ਪ੍ਰਦੇਸ਼ ਪ੍ਰਧਾਨ ਦੀ ਨਿਯੁਕਤੀ ਦਾ ਫੈਸਲਾ ਹਾਈਕਮਾਨ ਖੁਦ ਕਰ ਸਕਦੀ ਹੈ। ਸਿੱਧੂ ਨੂੰ ਡਿਪਟੀ ਸੀ.ਐੱਮ. ਜਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਦੀਆਂ ਅਟਕਲਾਂ ਕਈ ਦਿਨ ਤੋਂ ਚੱਲ ਰਹੀਆਂ ਹਨ। ਜਾਖੜ ਵੀ ਜਾਣਦੇ ਹਨ ਕਿ ਕੈ. ਅਮਰਿੰਂਦਰ ਕਿਸੇ ਵੀ ਸੂਰਤ ਵਿਚ ਸਿੱਧੂ ਨੂੰ ਡਿਪਟੀ ਸੀ.ਐੱਮ. ਨਹੀਂ ਬਣਾਉਣਗੇ। ਅਜਿਹੇ ਵਿਚ ਉਨ੍ਹਾਂ ਦੀ ਪ੍ਰਧਾਨਗੀ ਨੂੰ ਲੈ ਕੇ ਹਾਈਕਮਾਨ ਦੇ ਨਾਲ ਕੋਈ ਸਮਝੌਤਾ ਹੋ ਸਕਦਾ ਹੈ। ਧਿਆਨਯੋਗ ਹੈ ਕਿ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਵੀ ਜਾਖੜ ਦੇ ਹੀ ਅਹੁਦੇ ਦੀ ਕੁਰਬਾਨੀ ਦਿੱਤੀ ਗਈ ਸੀ। ਉਦੋਂ ਹਾਈਕਮਾਨ ’ਤੇ ਦਬਾਅ ਬਣਾ ਕੇ ਕੈ. ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਖੋਹੀ ਸੀ, ਪਰ ਹਾਈਕਮਾਨ ਨੇ ਸੁਨੀਲ ਜਾਖੜ ਵਲੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਲੈ ਕੇ ਚਰਣਜੀਤ ਸਿੰਘ ਚੰਨੀ ਨੂੰ ਸੌਂਪ ਦਿੱਤਾ ਸੀ। ਉਦੋਂ ਕਿਹਾ ਗਿਆ ਸੀ ਕਿ ਕੈਪਟਨ ਅਮਰਿੰਦਰ ਨੇ ਸੁਨੀਲ ਜਾਖੜ ਨੂੰ ਇਸ ਦੇ ਬਦਲੇ ਵਿਚ ਰਾਜ ਸਭਾ ਭੇਜਣ ਦੀ ਗੱਲ ਹਾਈਕਮਾਨ ਨੂੰ ਕੀਤੀ ਸੀ ਪਰ ਜਦੋਂ ਚੋਣਾਂ ਹੋਈਆਂ ਤਾਂ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਰਾਜ ਸਭਾ ਪਹੁੰਚ ਗਏ।

ਇਹ ਵੀ ਪੜ੍ਹੋ : ‘ਅੰਦੋਲਨ ਕਰ ਰਹੇ ਪੰਜਾਬ ਦੇ 2 ਕਿਸਾਨਾਂ ਦੀ ਮੌਤ’

ਹੁਣ ਫੇਰ ਅਜਿਹੀ ਹੀ ਸ਼ੰਕਾ ਜਾਖੜ ਖੇਹਮੇ ਨੂੰ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸਿੱਧੂ ਨੂੰ ਡਿਪਟੀ ਸੀ.ਐੱਮ. ਬਣਾਏ ਜਾਣ ਦੀ ਬਜਾਏ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਲਈ ਕੈਪਟਨ ਰਾਜੀ ਹੋ ਸਕਦੇ ਹਨ। ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਸੰਗਠਨ ਵਿਚ ਮੁੱਖ ਮੰਤਰੀ ਤੋਂ ਘੱਟ ਨਹੀਂ ਹੈ। ਜੇਕਰ ਸਿੱਧੂ ਨੂੰ ਪ੍ਰਧਾਨਗੀ ਮਿਲੀ ਤਾਂ ਉਹ ਮੁੱਖ ਮੰਤਰੀ ਦੇ ਸਮਾਂਤਰ ਸੰਗਠਨ ਚਲਾਉਣ ਤੋਂ ਪਿੱਛੇ ਨਹੀਂ ਹਟਣਗੇ। ਹਾਲਾਂਕਿ ਕੈਪਟਨ ਸੂਬੇ ਦੇ ਸਮਾਜਿਕ ਤਾਣੇ-ਬਾਣੇ ਦਾ ਹਵਾਲਾ ਦੇ ਕੇ ਮੌਜੂਦਾ ਸਿਸਟਮ ਨੂੰ ਠੀਕ ਦੱਸਦੇ ਹਨ, ਜਿਸ ਵਿਚ ਮੁੱਖ ਮੰਤਰੀ ਜੱਟ ਸਿੱਖ ਹੈ ਤਾਂ ਪ੍ਰਦੇਸ਼ ਪ੍ਰਧਾਨ ਹਿੰਦੂ ਹੈ। ਉਹ ਤਾਂ ਇਹ ਵੀ ਕਹਿ ਚੁੱਕੇ ਹਨ ਕਿ ਸਿੱਧੂ ਪਾਰਟੀ ਵਿਚ ਨਵੇਂ ਹਨ ਅਤੇ ਉਨ੍ਹਾਂ ਤੋਂ ਪੁਰਾਣੇ ਕਈ ਸਮਰਥਾਵਾਨ ਨੇਤਾ ਪਾਰਟੀ ਵਿਚ ਹਨ। ਸਿੱਧੂ ਨੂੰ ਡਿਪਟੀ ਸੀ.ਐੱਮ. ਬਣਾਏ ਜਾਣ ਦੀ ਚਰਚਾ ਤਾਂ 2017 ਦੀਆਂ ਚੋਣਾਂ ਦੇ ਨਾਲ ਹੀ ਚੱਲ ਪਈ ਸੀ ਪਰ ਹਾਲਾਤ ਨੇ ਅਜਿਹੀ ਕਰਵਟ ਲਈ ਕਿ ਸਿੱਧੂ ਨੂੰ ਮੰਤਰੀ ਦਾ ਅਹੁਦਾ ਵੀ ਗਵਾਉਣਾ ਪੈ ਗਿਆ। ਹਾਲਾਂਕਿ ਇਹ ਹਾਲਾਤ ਵੀ ਸਿੱਧੂ ਨੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਵਿਚ ਬਿਆਨਬਾਜ਼ੀ ਕਰਕੇ ਖੁਦ ਪੈਦਾ ਕੀਤੇ ਸਨ। ਉਨ੍ਹਾਂ ਦੇ ਅਕਸ ਨੂੰ ਪਾਰਟੀ ਕਈ ਚੋਣਾਂ ਵਿਚ ਭੁਨਾ ਚੁੱਕੀ ਹੈ ਅਤੇ ਅੱਗੇ ਵੀ ਹਾਈਕਮਾਨ ਦਾ ਇਰਾਦਾ ਅਜਿਹਾ ਹੀ ਹੈ, ਪਰ ਕੈਪਟਨ ਦਾ ਰਵੱਈਆ ਇਸ ਦੇ ਆੜੇ ਆ ਰਿਹਾ ਹੈ। ਉਹ ਸਿੱਧੂ ਨੂੰ ਉਨ੍ਹਾਂ ਵਿਭਾਗਾਂ ਦੇ ਮੰਤਰੀ ਦੇ ਤੌਰ ’ਤੇ ਹੀ ਆਪਣੀ ਕੈਬਨਿਟ ਵਿਚ ਵਾਪਸ ਲੈਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਠੁਕਰਾ ਕੇ ਸਿੱਧੂ ਨੇ ਅਸਤੀਫ਼ਾ ਦਿੱਤਾ ਸੀ, ਪਰ ਸੂਤਰਾਂ ਮੁਤਾਬਿਕ ਹਾਈਕਮਾਨ ਦੇ ਨਾਲ ਬੈਠਕ ਵਿਚ ਸਿੱਧੂ ਨੇ ਸਥਾਨਕ ਸਰਕਾਰਾਂ ਆਦਿ ਉਹੀ ਪੁਰਾਣੇ ਵਿਭਾਗ ਵਾਪਸ ਮੰਗੇ ਸਨ, ਜੋ 2019 ਦੇ ਫੇਰਬਦਲ ਵਿਚ ਉਨ੍ਹਾਂ ਤੋਂ ਖੋਹੇ ਗਏ ਸਨ।

ਇਹ ਵੀ ਪੜ੍ਹੋ : ਸਕੱਤਰ ਐਜੂਕੇਸ਼ਨ ਦੀ ਸਖ਼ਤੀ : ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਕਰਵਾਉਣੀ ਹੋਵੇਗੀ ਕੋਵਿਡ-19 ਜਾਂਚ

‘ਪੰਜਾਬ ਵਿਚ ਇਸ ਸਮੇਂ ਕੈਪਟਨ ਦੇ ਕੱਦ ਦੇ ਬਰਾਬਰ ਕੋਈ ਨੇਤਾ ਨਹੀਂ’
ਦਰਅਸਲ, ਪੰਜਾਬ ਵਿਚ ਇਸ ਸਮੇਂ ਨਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਇਕਲੌਤੇ ਨੇਤਾ ਹਨ, ਜਿਨ੍ਹਾਂ ਦੇ ਕੱਦ ਦਾ ਵੀ ਕੋਈ ਵੀ ਨੇਤਾ ਇਸ ਵੇਲੇ ਪਾਰਟੀ ’ਚ ਨਹੀਂ ਹੈ। ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਛੱਡ ਦਿਓ ਤਾਂ ਕਾਂਗਰਸ ਪਾਰਟੀ ਵਿਚ ਕੋਈ ਵੀ ਅਜਿਹਾ ਨੇਤਾ ਨਹੀਂ ਹੈ, ਜੋ ਜਨਤਕ ਤੌਰ ’ਤੇ ਕੈਪਟਨ ਦੀ ਮੁਖਾਲਫ਼ਤ ਕਰਦਾ ਹੋਵੇ। ਹਾਂ ਦਰਜਨਭਰ ਅਸੰਤੁਸ਼ਟ ਵਿਧਾਇਕ ਜ਼ਰੂਰ ਹਨ ਜੋ ਅਹੁਦੇ ਨਾ ਮਿਲਣ ਕਾਰਣ ਨਾਰਾਜ਼ ਹਨ ਪਰ ਕਿਸੇ ਨੇ ਵੀ ਕੈਪਟਨ ਖਿਲਾਫ਼ ਖੁੱਲ੍ਹ ਕੇ ਬੋਲਣ ਤੋਂ ਗੁਰੇਜ ਹੀ ਕੀਤਾ ਹੈ। ਇਹੀ ਵਜ੍ਹਾ ਹੈ ਕਿ ਸਿੱਧੂ ਪਾਰਟੀ ਵਿਚ ਅਲੱਗ-ਥਲੱਗ ਪੈ ਗਏ।

‘ਕੈਪਟਨ ਦੀ ਅਗਵਾਈ ਵਿਚ ਚੋਣ ਲੜਨ ਦੀ ਗੱਲ ਕਹੀ ਸੀ’
ਇਸ ਪੂਰੇ ਮਾਮਲੇ ਵਿਚ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਮੈਨੂੰ ਵੀ ਪਤਾ ਹੈ ਕਿ ਮੁੱਖ ਮੰਤਰੀ ਦਾ ਐਲਾਨ ਕਰਨਾ ਆਲਾਕਮਾਨ ਦਾ ਅਧਿਕਾਰ ਖੇਤਰ ਹੈ। ਕਈ ਸਾਲਾਂ ਤੋਂ ਸੰਗਠਨ ਨਾਲ ਜੁੜਿਆ ਹਾਂ ਅਤੇ ਸੰਸਦ ਅਤੇ ਵਿਧਾਇਕ ਤਕ ਰਹਿ ਚੁੱਕਿਆ ਹਾਂ। ਮੈਨੂੰ ਬਿਹਤਰ ਪਤਾ ਹੈ ਕਿ ਸੰਗਠਨ ਕਿਵੇਂ ਚੱਲਦਾ ਹੈ ਅਤੇ ਮੇਰੀ ਸੀਮਾ ਕੀ ਹੈ। ਵਿਰੋਧੀ ਨੇਤਾ ਮੇਰੇ ਬਿਆਨ ਦੇ ਆਪਣੇ ਤਰੀਕੇ ਨਾਲ ਮਤਲਬ ਕੱਢ ਕੇ ਵਿਰੋਧੀ ਧਿਰ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਨਾ ਕਰਨ, ਤਾਂ ਬਿਹਤਰ ਹੋਵੇਗਾ।

‘ਕੈਪਟਨ ਅਮਰਿੰਦਰ ਸਿੰਘ ਦੇ ਕੱਦ ਤੋਂ ਪਾਰਟੀ ਹਾਈਕਮਾਨ ਵੀ ਵਾਕਿਫ਼’
ਕੈਪਟਨ ਅਮਰਿੰਦਰ ਸਿੰਘ ਦੇ ਕੱਦ ਤੋਂ ਪਾਰਟੀ ਹਾਈਕਮਾਨ ਵੀ ਵਾਕਿਫ਼ ਹੈ ਅਤੇ ਇਸ ਕਾਰਨ ਉਹ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਨ੍ਹਾਂ ’ਤੇ ਕੋਈ ਦਬਾਅ ਬਣਾਉਣ ਦੀ ਹਾਲਤ ਵਿਚ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਧੂ ਤੇਜ਼-ਤਰਾਰ ਅਤੇ ਸਾਫ਼-ਸੁਥਰੇ ਅਕਸ ਵਾਲੇ ਨੇਤਾ ਹਨ ਅਤੇ ਹਾਈਕਮਾਨ ਵੀ ਉਨ੍ਹਾਂ ਵਰਗਾ ਨੇਤਾ ਗੁਆਉਣਾ ਨਹੀਂ ਚਾਹੇਗੀ। ਹੁਣ ਅਮਰਿੰਦਰ ਸਿੰਘ ਅਤੇ ਸਿੱਧੂ ਨੂੰ ਲੈ ਕੇ ਹਾਈਕਮਾਨ ਦੀ ਦੁਵਿਧਾ ਕਿਵੇਂ ਦੂਰ ਹੋਵੇਗੀ, ਇਸ ਦੀ ਕੁੰਜੀ ਵੀ ਅਮਰਿੰਦਰ ਦੇ ਹੀ ਕੋਲ ਹੈ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News