ਪਟਿਆਲਾ ਕਾਂਡ ਬਾਰੇ ਮੁੱਖ ਮੰਤਰੀ ਖ਼ਫਾ, ਸਖ਼ਤ ਕਦਮ ਚੁੱਕੇ ਜਾਣ ਦੇ ਆਸਾਰ

11/22/2019 3:04:33 PM

ਜਲੰਧਰ (ਧਵਨ) : ਪਟਿਆਲਾ ਕਾਂਡ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਫ਼ਾ ਹਨ ਅਤੇ ਦੇਸ਼ ਪਰਤਦਿਆਂ ਹੀ ਇਸ ਮਾਮਲੇ 'ਚ ਸਖ਼ਤ ਕ਼ਦਮ ਚੁੱਕੇ ਜਾਣ ਦੇ ਆਸਾਰ ਹਨ। ਇਕ ਐੱਸ. ਡੀ. ਐੱਮ. ਵਿਰੁੱਧ ਰਿਸ਼ਵਤ ਮੰਗਣ ਦਾ ਅਖੌਤੀ ਤੌਰ 'ਤੇ ਇਲਜ਼ਾਮ ਲੱਗਣ ਤੋਂ ਬਾਅਦ ਉਸ ਦਾ ਭਾਵੇਂ ਸਰਕਾਰ ਨੇ ਤੁਰੰਤ ਤਬਾਦਲਾ ਕਰ ਦਿੱਤਾ ਸੀ ਪਰ ਉਸ ਮਾਮਲੇ ਬਾਰੇ ਪੜਤਾਲ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ ਅਤੇ ਰਾਜਿੰਦਰ ਸਿੰਘ ਅਤੇ ਨਿਰਮਲ ਸਿੰਘ ਨੇ ਸਬੰਧਿਤ ਐੱਸ. ਡੀ. ਐੱਮ. ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਜਿਹੜੇ ਵਿਦੇਸ਼ੀ ਦੌਰੇ 'ਤੇ ਹਨ ਅਤੇ ਜਿਨ੍ਹਾਂ ਦੇ ਇਸ ਮਹੀਨੇ ਦੇ ਅਖੀਰ ਤਕ ਦੇਸ਼ ਪਰਤਣ ਦੇ ਆਸਾਰ ਹਨ, ਮਾਮਲੇ ਸਬੰਧੀ ਪੂਰੀ ਨਜ਼ਰ ਰੱਖ ਕੇ ਚੱਲ ਰਹੇ ਹਨ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੱਲ ਅਫ਼ਸਰਸ਼ਾਹੀ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਅਣਦੇਖੀ ਸਹਿਣ ਨਹੀਂ ਕੀਤੀ ਜਾ ਸਕਦੀ।

ਦਿਲਚਸਪ ਗੱਲ ਇਹ ਹੈ ਕਿ ਜਿਸ ਅਧਿਕਾਰੀ ਦਾ ਨਾਂ ਇਸ ਸਾਰੇ ਕਾਂਡ 'ਚ ਸਾਹਮਣੇ ਆਇਆ ਹੈ, ਉਸ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਸਾਲ ਪਹਿਲਾਂ ਵੀ ਬਟਾਲਾ 'ਚ ਤਾਇਨਾਤੀ ਦੌਰਾਨ ਸਖ਼ਤ ਕਾਰਵਾਈ ਕਰਦੇ ਹੋਏ ਉਸ ਨੂੰ ਮੁਅੱਤਲ ਕੀਤਾ ਸੀ। ਉਦੋਂ ਇਸ ਅਧਿਕਾਰੀ ਦੇ ਖ਼ਿਲਾਫ਼ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਿਕਾਇਤ ਕੀਤੀ ਸੀ। ਹੁਣ ਕਾਂਗਰਸ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਟਿਆਲਾ ਨਾਲ ਸਬੰਧਤ ਇਸ ਅਧਿਕਾਰੀ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਹਰਦਿਆਲ ਸਿੰਘ ਨੇ ਇਹ ਸਾਰਾ ਮਾਮਲਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਦੇ ਧਿਆਨ 'ਚ ਵੀ ਲਿਆਂਦਾ ਹੋਇਆ ਹੈ। ਪ੍ਰਨੀਤ ਕੌਰ ਵੀ ਇਸ ਸਾਰੇ ਕਾਂਡ ਨੂੰ ਲੈ ਕੇ ਨਾਰਾਜ਼ ਚੱਲ ਰਹੀ ਹੈ। ਉਹ ਵੀ ਮਾਮਲੇ ਦੀ ਉੱਚ-ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਸਬੰਧਿਤ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਵੀ ਪਤਾ ਲਾਇਆ ਜਾਵੇਗਾ ਕਿ ਸਬੰਧਿਤ ਅਧਿਕਾਰੀ ਦੀ ਤਾਇਨਾਤੀ ਕਿਸ ਤਰ੍ਹਾਂ ਪਟਿਆਲਾ 'ਚ ਹੋ ਗਈ, ਜਦੋਂ ਕਿ ਇਕ ਸਾਲ ਪਹਿਲਾਂ ਉਸ ਦੇ ਖ਼ਿਲਾਫ਼ ਗੰਭੀਰ ਇਲਜ਼ਾਮ ਲੱਗੇ ਸਨ।


Anuradha

Content Editor

Related News