ਸੁਖਬੀਰ ਚੋਣਾਂ ''ਚ ਇਕ ਹੋਰ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ : ਅਮਰਿੰਦਰ

Monday, Oct 21, 2019 - 01:12 PM (IST)

ਸੁਖਬੀਰ ਚੋਣਾਂ ''ਚ ਇਕ ਹੋਰ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ : ਅਮਰਿੰਦਰ

ਜਲੰਧਰ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਵਲੋਂ ਕਾਂਗਰਸ ਸਰਕਾਰ ਖਿਲਾਫ ਝੂਠੀ ਬਿਆਨਬਾਜ਼ੀ ਕਰਨ ਨੂੰ ਲੈ ਕੇ ਲੰਮੇ ਹੱਥੀ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਹੋ ਰਹੀਆਂ ਉਪ ਚੋਣਾਂ 'ਚ ਜਨਤਾ ਹੱਥੋਂ ਇਕ ਹੋਰ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਪੰਜਾਬ 'ਚ ਕਾਂਗਰਸ ਦੀ ਚੋਣਾਂ 'ਚ ਇਕ ਹੋਰ ਸਪੱਸ਼ਟ ਜਿੱਤ ਨੂੰ ਲੈ ਕੇ ਆਤਮ-ਵਿਸ਼ਵਾਸ ਨਾਲ ਭਰੇ ਲਹਿਜ਼ੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਹੋਰ ਕੁਝ ਵੀ ਨਹੀਂ ਸਗੋਂ ਉਨ੍ਹਾਂ ਦੇ ਅੰਦਰ ਪਾਈ ਜਾ ਰਹੀ ਘਬਰਾਹਟ ਦੀ ਨਿਸ਼ਾਨੀ ਹੈ। ਸੁਖਬੀਰ ਵਲੋਂ ਸੂਬੇ 'ਚ ਕਾਂਗਰਸ ਦੇ ਸ਼ਾਸਨਕਾਲ 'ਚ ਕੋਈ ਵੀ ਵਿਕਾਸ ਕੰਮ ਨਾ ਹੋਣ ਦੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੂਰਾ ਪੰਜਾਬ ਜਾਣਦਾ ਹੈ ਕਿ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਸ਼ਾਸਨਕਾਲ 'ਚ ਕੁਝ ਵੀ ਨਹੀਂ ਕੀਤਾ ਅਤੇ ਪੰਜਾਬ ਨੂੰ ਮਾੜੇ ਸ਼ਾਸਨ ਤੋਂ ਇਲਾਵਾ ਕੁਝ ਨਹੀਂ ਦਿੱਤਾ।

ਮੁੱਖ ਮੰਤਰੀ ਨੇ ਸੁਖਬੀਰ ਨੂੰ ਕਿਹਾ ਕਿ ਤੁਹਾਨੂੰ ਤਾਂ ਵਿਕਾਸ ਸ਼ਬਦ ਦਾ ਅਰਥ ਵੀ ਪਤਾ ਨਹੀਂ, ਜਦ ਕਿ ਕਾਂਗਰਸ ਸਰਕਾਰ ਨੇ ਆਪਣੇ ਢਾਈ ਸਾਲਾਂ ਦੇ ਸ਼ਾਸਨਕਾਲ 'ਚ ਅਕਾਲੀ-ਭਾਜਪਾ ਗੱਠਜੋੜ ਵਲੋਂ ਇਕ ਦਹਾਕੇ 'ਚ ਕਰਵਾਏ ਗਏ ਕੰਮਾਂ ਨਾਲੋਂ ਵੀ ਕਿਤੇ ਵੱਧ ਕੰਮ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਨੇਤਾ ਜਿੰਨਾ ਮਰਜ਼ੀ ਸਰਕਾਰ ਖਿਲਾਫ ਕੂੜ ਪ੍ਰਚਾਰ ਕਰ ਲੈਣ ਪਰ ਪੰਜਾਬ ਦੀ ਜਨਤਾ ਅਕਾਲੀਆਂ ਦੇ ਝੂਠ 'ਚ ਫਸਣ ਵਾਲੀ ਨਹੀਂ ਹੈ। ਇਸ ਲਈ 2017 ਤੋਂ ਬਾਅਦ ਲਗਾਤਾਰ ਜਨਤਾ ਨੇ ਅਕਾਲੀਆਂ ਨੂੰ ਸਬਕ ਸਿਖਾਇਆ ਹੈ। ਕੈਪਟਨ ਨੇ ਸੁਖਬੀਰ ਵਲੋਂ ਉਪ ਚੋਣਾਂ ਦੇ ਨਤੀਜਿਆਂ ਨੂੰ ਸਰਕਾਰ ਦੀ ਕਾਰਗੁਜ਼ਾਰੀ 'ਤੇ ਰੈਫਰੈਂਡਮ ਕਹਿਣ 'ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਅਕਾਲੀ ਹਰੇਕ ਚੋਣ ਨੂੰ ਹੀ ਰੈਫਰੈਂਡਮ ਕਹਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਆਪਣੇ ਕੰਮਾਂ ਪ੍ਰਤੀ ਰੈਫਰੈਂਡਮ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਨਤਾ ਉਨ੍ਹਾਂ ਦੇ ਨਾਲ ਹੈ, ਜਦ ਕਿ ਅਕਾਲੀਆਂ ਨੂੰ ਦੂਜੇ ਪਾਸੇ ਆਪਣਾ ਸਟੈਂਡ ਸਾਬਿਤ ਕਰਨ ਲਈ ਰੈਫਰੈਂਡਮ ਦੀ ਜ਼ਰੂਰਤ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਜਨਤਾ ਤੋਂ 5 ਸਾਲਾਂ 'ਚ ਆਪਣੇ ਚੋਣ ਵਾਅਦੇ ਪੂਰੇ ਕਰਨ ਲਈ ਸਮਰਥਨ 2017 'ਚ ਮੰਗਿਆ ਸੀ ਅਤੇ ਸਰਕਾਰ ਨੇ ਅਜੇ ਅੱਧਾ ਕਾਰਜਕਾਲ ਪੂਰਾ ਕੀਤਾ ਹੈ, ਇਸ ਦੌਰਾਨ ਜ਼ਿਆਦਾਤਰ ਚੋਣ ਵਾਅਦੇ ਪੂਰੇ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ 2022 'ਚ ਜਦੋਂ ਆਪਣਾ ਕਾਰਜਕਾਲ ਪੂਰਾ ਕਰੇਗੀ ਤਾਂ ਉਸ ਵੇਲੇ ਉਸ ਨੂੰ ਰੈਫਰੈਂਡਮ ਦੀ ਮੁੜ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਨਾਂਹ-ਪੱਖੀ ਚੋਣ ਏਜੰਡਾ ਜਨਤਾ ਨੂੰ ਆਪਣੇ ਨਾਲ ਨਹੀਂ ਜੋੜ ਸਕਿਆ।


author

Anuradha

Content Editor

Related News