ਕੈਪਟਨ ਸਰਕਾਰ ਦੇ ਦਾਅਵਿਆਂ ਬਾਰੇ ਕੀ ਕਹਿੰਦੇ ਹਨ ਵਿਰੋਧੀ ਦਲਾਂ ਦੇ ਆਗੂ

09/17/2019 2:03:47 PM

ਜਲੰਧਰ (ਬਿਊਰੋ) : ਕੈਪਟਨ ਸਰਕਾਰ ਨੂੰ ਪੰਜਾਬ 'ਚ ਸੱਤਾ 'ਚ ਆਏ ਢਾਈ ਸਾਲਾਂ ਦਾ ਸਮਾਂ ਬੀਤ ਗਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਕੋਲ ਰਾਜ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਨਿਭਾਉਣ ਲਈ ਫੁਰਸਤ ਨਹੀਂ ਹੈ। ਵਾਅਦੇ ਤਾਂ ਦੂਰ ਕੈਪਟਨ ਕੋਲ ਆਪਣੇ ਮੰਤਰੀਆਂ ਨੂੰ ਮਿਲਣ ਤਕ ਦਾ ਸਮਾਂ ਨਹੀਂ ਹੈ। ਇਹ ਗੱਲ ਕਹੀ ਹੈ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ। ਕੈਪਟਨ ਸਰਕਾਰ ਦੀ ਢਾਈ ਸਾਲਾਂ ਦੀ ਕਾਰਗੁਜ਼ਾਰੀ 'ਤੇ ਸੁਖਬੀਰ ਬਾਦਲ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਜਿਹੜੇ ਲੋਕ ਗੁਰੂ ਮਹਾਰਾਜ ਨਾਲ ਦਗਾ ਕਮਾ ਸਕਦੇ ਹਨ, ਪ੍ਰਦੇਸ਼ ਦੀ ਜਨਤਾ ਸਾਹਮਣੇ ਗੁਰੂ ਮਹਾਰਾਜ ਦੇ ਚਰਨਾਂ ਦੀ ਝੂਠੀ ਕਸਮ ਖਾ ਸਕਦੇ ਹਨ, ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੋ ਸਕਦੀ ਹੈ। ਇਹ ਸਭ ਦੇ ਸਾਹਮਣੇ ਹੈ। ਕੈਪਟਨ ਸਰਕਾਰ ਦਾ ਦੂਜਾ ਧੋਖਾ ਕਿਸਾਨਾਂ ਨੂੰ ਦਿੱਤੇ ਕਰਜ਼ਿਆਂ ਦੀ ਮੁਕੰਮਲ ਮੁਆਫੀ ਦੇ ਮਾਮਲੇ ਦੇ ਵਾਅਦੇ ਤੋਂ ਮੁਕਰਨਾ ਹੈ। ਤੀਜਾ ਧੋਖਾ ਦਲਿਤ ਭਾਈਚਾਰੇ ਨਾਲ ਹੈ, ਕਿਥੇ ਹਨ ਮੁਫਤ ਪਲਾਟ ਅਤੇ ਮਕਾਨ? ਕਿਥੇ ਹੈ ਗਰੀਬਾਂ ਨੂੰ ਕੰਮ ਸ਼ੁਰੂ ਕਰਨ ਲਈ ਦਿੱਤੇ ਜਾਣ ਵਾਲਾ 5 ਲੱਖ ਰੁਪਏ ਦਾ ਬਿਨਾਂ ਵਿਆਜ ਕਰਜ਼ਾ? ਇਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ।

ਨਾ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਨਾ ਹੋਇਆ ਨਸ਼ਿਆਂ ਦਾ ਖਾਤਮਾ
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਵਿਚ ਕਦੇ ਅਜਿਹੀ ਨਿਕੰਮੀ ਸਰਕਾਰ ਨਹੀਂ ਦੇਖੀ। ਉਹ ਈਮਾਨਦਾਰੀ ਨਾਲ ਕਹਿ ਸਕਦੇ ਹਨ ਕਿ ਉਸ ਤੋਂ ਪਹਿਲਾਂ ਪੰਜਾਬੀਆਂ ਨੇ ਕਦੇ ਕੋਈ ਇਹੋ ਜਿਹੀ ਸਰਕਾਰ ਨਹੀਂ ਦੇਖੀ ਜਿਹੜੀ ਆਪਣਾ ਅੱਧਾ ਕਾਰਜਕਾਲ ਪੂਰਾ ਹੋਣ 'ਤੇ ਵੀ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਵਿਚੋਂ ਕਿਸੇ ਇਕ ਨੂੰ ਵੀ ਪੂਰਾ ਕਰਨ ਦਾ ਦਾਅਵਾ ਕਰਦੀ ਹੋਵੇ। ਇਹੋ ਨਹੀਂ, ਤੁਸੀਂ ਕੈਪਟਨ ਦੇ ਮੰਤਰੀਆਂ ਤੇ ਨੇਤਾਵਾਂ ਤੋਂ ਵੀ ਪੁੱਛੋਗੇ ਕਿ ਸਰਕਾਰ ਕਿਸੇ ਇਕ ਵੀ ਵਾਅਦੇ ਨੂੰ ਪੂਰਾ ਕਰਨ ਦਾ ਦਾਅਵਾ ਵੀ ਕਰ ਸਕਦੀ ਹੋਵੇ ਜਿਹੜਾ ਇਨ੍ਹਾਂ ਨੇ ਪੂਰਾ ਕੀਤਾ ਤਾਂ ਉਹ ਕਿਸੇ ਦਾ ਨਾਂ ਨਹੀਂ ਲੈ ਸਕਣਗੇ। ਨਾ ਤਾਂ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ ਅਤੇ ਨਾ ਹੀ ਨਸ਼ੇ ਖਤਮ ਹੋਏ ਹਨ। ਕੰਮ ਕਰਨ ਲਈ ਵਾਲਿਆਂ ਨੂੰ 10 ਲੱਖ ਰੁਪਏ ਦੇਣ ਦਾ ਵਾਅਦਾ ਕਿਥੇ ਗਿਆ?

ਅਸੀਂ ਆਖਰੀ ਸਾਲ 'ਚ ਡੇਢ ਲੱਖ ਨੌਕਰੀਆਂ ਦਿੱਤੀਆਂ ਸਨ
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਆਖਰੀ ਸਾਲ ਵਿਚ ਡੇਢ ਲੱਖ ਨੌਕਰੀਆਂ ਦਿੱਤੀਆਂ ਸਨ, ਜਿਸ ਵਿਚ ਸਿਰਫ ਪੁਲਸ ਵਿਭਾਗ 'ਚ 50 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ। ਤੁਸੀਂ ਰਿਕਾਰਡ ਦੀ ਪੜਤਾਲ ਕਰਵਾ ਸਕਦੇ ਹੋ ਪਰ ਕੈਪਟਨ ਸਰਕਾਰ ਨੇ ਸਭ ਤੋਂ ਵੱਡਾ ਧੋਖਾ ਗਰੀਬਾਂ, ਦਲਿਤ ਪਰਿਵਾਰਾਂ, ਕਿਸਾਨਾਂ ਤੇ ਨੌਜਵਾਨਾਂ ਨਾਲ ਕੀਤਾ ਹੈ। ਕਿਸ ਦਲਿਤ-ਗਰੀਬ ਪਰਿਵਾਰ ਨੂੰ ਪਲਾਟ ਤੇ ਮਕਾਨ ਮਿਲੇ ਹਨ? ਦਲਿਤ ਪਰਿਵਾਰਾਂ ਨੂੰ ਬਾਦਲ ਸਾਹਿਬ ਵਲੋਂ ਮੁਫਤ ਦਿੱਤੀ ਜਾਂਦੀ ਬਿਜਲੀ ਦੇ 300 ਯੂਨਿਟਾਂ 'ਤੇ ਵੀ ਡਾਕਾ ਮਾਰਿਆ ਗਿਆ ਹੈ। ਦਲਿਤ ਬੱਚਿਆਂ ਦੇ ਵਜ਼ੀਫੇ, ਜਿਹੜੇ ਕੇਂਦਰ ਸਰਕਾਰ ਤੋਂ ਆਏ ਸਨ, ਉਨ੍ਹਾਂ ਨੂੰ ਵੀ ਗਾਇਬ ਕਰ ਗਏ ਹਨ। ਕੋਈ ਇਕ ਵਾਅਦਾ ਦੱਸ ਦੇਣ ਜਿਹੜਾ ਇਨ੍ਹਾਂ ਨੇ ਨਿਭਾਇਆ ਹੈ, ਇਕ ਵੀ ਨਹੀਂ।

ਆਮ ਆਦਮੀ ਪਾਰਟੀ ਨੇ ਮੁੱਖ ਵਿਰੋਧੀ ਪਾਰਟੀ ਵਜੋਂ ਕੈਪਟਨ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਲੋਕਾਂ ਦੇ ਭਖਵੇਂ ਮੁੱਦਿਆਂ ਨੂੰ ਲੈ ਕੇ ਪੂਰੀ ਮਜ਼ਬੂਤੀ ਨਾਲ ਮੁਖ ਭੂਮਿਕਾ ਨਿਭਾਈ ਹੈ। ਵਿਰੋਧੀ ਧਿਰ ਦੇ ਕਮਜ਼ੋਰ ਹੋਣ ਦੀ ਗੱਲ ਸਹੀ ਨਹੀਂ ਹੈ। ਨਿਰਸੰਦੇਹ ਮੀਡੀਆ ਵਿਚ ਅਜਿਹੇ ਵਿਚਾਰ ਸਾਡੀਆਂ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਫੈਲਾਉਣ ਦੇ ਯਤਨ ਕੀਤੇ ਜਾਂਦੇ ਹਨ। 'ਆਪ' ਦੇ ਵਿਧਾਇਕਾਂ ਨੇ ਆਪਣੀ ਸਮਰਥਾ ਮੁਤਾਬਕ ਪੂਰਾ ਕੰਮ ਕੀਤਾ ਹੈ ਅਤੇ ਭਵਿੱਖ ਵਿਚ ਵੀ ਵਿਰੋਧੀ ਧਿਰ ਵਜੋਂ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦੀਆਂ ਸਮੱਸਿਆਵਾਂ, ਰੋਜ਼ਗਾਰ, ਮਹਿੰਗੀ ਬਿਜਲੀ ਅਤੇ ਸਰਕਾਰ ਦੇ ਕਈ ਘੋਟਾਲਿਆਂ ਦੇ ਮੁੱਦੇ ਪਾਰਟੀ ਨੇ ਬੜੀ ਮਜ਼ਬੂਤੀ ਨਾਲ ਚੁੱਕੇ ਹਨ। ਪਾਰਟੀ ਵਿਰੋਧੀ ਦਲ ਦੇ ਰੂਪ ਵਿਚ ਆਪਣੀ ਭੂਮਿਕਾ 'ਤੇ ਪੂਰੀ ਤਰ੍ਹਾਂ ਸੰਤੁਸ਼ਟ ਹੈ। -ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੇ ਆਗੂ, ਪੰਜਾਬ ਵਿਧਾਨ ਸਭਾ

ਜਿੰਨਾ ਸਮਾਂ ਵਿਰੋਧੀ ਧਿਰ ਵਜੋਂ ਕਮਾਨ ਮੇਰੇ ਹੱਥਾਂ 'ਚ ਰਹੀ, ਸਰਕਾਰ ਨੂੰ ਵਿਧਾਨ ਸਭਾ ਅੰਦਰ ਤੇ ਬਾਹਰ ਸਾਰੇ ਮੁੱਦਿਆਂ 'ਤੇ ਮਜ਼ਬੂਤੀ ਨਾਲ ਘੇਰਿਆ ਗਿਆ। ਇਸੇ ਦੌਰਾਨ ਮਾਈਨਿੰਗ ਘਪਲੇ ਦੇ ਇਲਜ਼ਾਮਾਂ 'ਚ ਘਿਰਨ ਤੋਂ ਬਾਅਦ ਕੈਪਟਨ ਸਰਕਾਰ ਵਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਅਹੁਦੇ ਤੋਂ ਹਟਾਉਣਾ ਪਿਆ ਜਿਹੜੀ ਕੋਈ ਛੋਟੀ ਗੱਲ ਨਹੀਂ ਸੀ। ਇਸ ਤੋਂ ਮਗਰੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ, ਪ੍ਰਦੂਸ਼ਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਵਰਗੇ ਮੁੱਦੇ ਵੀ ਪੂਰੀ ਮਜ਼ਬੂਤੀ ਨਾਲ ਚੁੱਕ ਕੇ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਗਿਆ। ਇਹ ਦਰੁਸਤ ਹੈ ਕਿ ਆਮ ਆਦਮੀ ਪਾਰਟੀ ਦੀ ਉਪਰਲੀ ਲੀਡਰਸ਼ਿਪ ਵਲੋਂ ਪੈਦਾ ਕੀਤੀ ਗਈ ਗੁੱਟਬੰਦੀ ਕਾਰਣ ਵਿਰੋਧੀ ਧਿਰ ਕਮਜ਼ੋਰ ਹੋਈ। ਇਹ ਪਾਰਟੀ ਵਿਧਾਨ ਸਭਾ ਵਿਚ ਮੁੱਦਿਆਂ ਨੂੰ ਮਜ਼ਬੂਤੀ ਨਾਲ ਚੁੱਕਣ ਵਿਚ ਨਾਕਾਮਯਾਬ ਰਹੀ। -ਸੁਖਪਾਲ ਖਹਿਰਾ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ

ਨਿਰਸੰਦੇਹ ਕੈਪਟਨ ਸਰਕਾਰ ਵਿਧਾਨ ਸਭਾ ਵਿਚ ਭਾਰੀ ਬਹੁਮਤ ਕਾਰਣ ਆਪਣੀ ਮਰਜ਼ੀ ਦੇ ਫੈਸਲੇ ਕਰਵਾਉਣ ਵਿਚ ਸਫਲ ਹੁੰਦੀ ਹੈ ਪਰ ਇਸ ਦੇ ਬਾਵਜੂਦ ਜਦੋਂ ਤਕ ਮੈਂ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ 'ਤੇ ਰਿਹਾ, ਲੋਕਾਂ ਦੇ ਅਹਿਮ ਮੁੱਦਿਆਂ ਨੂੰ ਪੂਰੀ ਤਾਕਤ ਨਾਲ ਚੁੱਕ ਕੇ ਵਿਧਾਨ ਸਭਾ ਵਿਚ ਹਾਕਮ ਧਿਰ ਨੂੰ ਜਵਾਬ ਦੇਣ ਲਈ ਮਜਬੂਰ ਕੀਤਾ। ਮੈਂ ਵਿਰੋਧੀ ਧਿਰ ਦੇ ਆਗੂ ਦਾ ਕਾਰਜ ਸੰਭਾਲਣ ਤੋਂ ਪਹਿਲਾਂ ਹੀ ਪਾਰਟੀ ਦੇ ਵਿਧਾਇਕਾਂ ਨੂੰ ਪੂਰੀ ਤਿਆਰੀ ਕਰਵਾਉਂਦਾ ਸੀ ਅਤੇ ਇਕ-ਇਕ ਸਵਾਲ ਸਬੰਧੀ ਉਨ੍ਹਾਂ ਨੂੰ ਦੱਸਦਾ ਸੀ ਕਿ ਕਿਵੇਂ ਉਨ੍ਹਾਂ ਨੂੰ ਚੁੱਕਣਾ ਹੈ। ਵਿਧਾਨ ਸਭਾ ਵਿਚ ਮੁੱਦਿਆਂ ਨੂੰ ਚੁੱਕਦੇ ਹੋਏ ਪਾਰਟੀ ਦੇ ਵਿਧਾਇਕਾਂ ਨੇ ਨਵੇਂ ਹੋਣ ਦੇ ਬਾਵਜੂਦ ਪ੍ਰਭਾਵਸ਼ਾਲੀ ਢੰਗ ਨਾਲ ਛਾਪ ਛੱਡੀ। ਮੈਂ ਵਿਧਾਨ ਸਭਾ ਵਿਚ ਸਾਰੇ ਮੈਂਬਰਾਂ ਨੂੰ ਬੋਲਣ ਲਈ ਬਰਾਬਰ ਸਮਾਂ ਦਿਵਾਉਣ ਦੀ ਵੀ ਕੋਸ਼ਿਸ਼ ਕੀਤੀ। -ਐੱਚ. ਐੱਸ. ਫੂਲਕਾ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ
 


Anuradha

Content Editor

Related News