ਕੈਪਟਨ ਵਲੋਂ ਸਨਅਤੀ ਵਿਕਾਸ ਲਈ ''ਗੈਰ-ਖੇਤੀਬਾੜੀ ਗੁਦਾਮ ਯੋਜਨਾ'' ਨੂੰ ਹਰੀ ਝੰਡੀ

Thursday, Jun 20, 2019 - 11:33 AM (IST)

ਕੈਪਟਨ ਵਲੋਂ ਸਨਅਤੀ ਵਿਕਾਸ ਲਈ ''ਗੈਰ-ਖੇਤੀਬਾੜੀ ਗੁਦਾਮ ਯੋਜਨਾ'' ਨੂੰ ਹਰੀ ਝੰਡੀ

ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤੀ ਵਿਕਾਸ ਨੂੰ ਬੜਾਵਾ ਦੇਣ ਵਾਸਤੇ ਪਟਿਆਲਾ ਜ਼ਿਲੇ 'ਚ ਬਨੂੜ-ਤੇਪਲਾ ਸੜਕ 'ਤੇ ਗੈਰ-ਖੇਤੀਬਾੜੀ ਮਕਸਦਾਂ ਲਈ ਗੁਦਾਮ ਸਹੁਲਤਾਂ ਨੂੰ ਹਰੀ ਝੰਡੀ ਦਿੱਤੀ ਹੈ। ਇਸ ਨੂੰ ਬਾਅਦ 'ਚ ਸੂਬੇ ਭਰ 'ਚ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸੂਬੇ 'ਚ ਆਰਥਿਕ ਤੌਰ 'ਤੇ ਪਿੱਛੜੇ ਵਰਗਾਂ (ਈ. ਡਬਲਿਊ. ਐੱਸ.) ਵਾਸਤੇ ਘਰ ਮੁਹੱਈਆ ਕਰਾਉਣ ਬਾਰੇ ਸਕੀਮ ਹੇਠ ਜ਼ਮੀਨ ਦਾ ਕਬਜ਼ਾ ਦੇਣ ਵਾਸਤੇ ਤੇਜ਼ੀ ਲਿਆਉਣ ਲਈ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਆਖਿਆ ਹੈ।

ਇਹ ਹਦਾਇਤਾਂ ਮੁੱਖ ਮੰਤਰੀ ਨੂੰ ਇੱਥੇ ਪੰਜਾਬ ਖੇਤਰੀ ਅਤੇ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਬੋਰਡ ਦੀ 38ਵੀਂ ਮੀਟਿੰਗ ਦੌਰਾਨ ਜਾਰੀ ਕੀਤੀਆਂ। ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਡਿਵੈਲਪਰ ਅਤੇ ਮਕਾਨਾਂ ਦਾ ਨਿਰਮਾਣ ਕਰਨ ਵਾਲੇ ਤੁਰੰਤ ਲੋੜੀਂਦੀ ਜ਼ਮੀਨ ਦਾ ਕਬਜ਼ਾ ਸਬੰਧਤ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਹਵਾਲੇ ਕਰਨ ਜਿਸ ਦੀ ਕਿ ਪਹਿਲਾਂ ਹੀ ਈ. ਡਬਲਿਊ. ਐੱਸ. ਸਕੀਮ ਦੇ ਮਕਸਦ ਲਈ ਲੇਅ-ਆਊਟ ਪਲਾਨ ਵਿਚ ਨਿਸ਼ਾਨਦੇਹੀ ਕੀਤੀ ਹੋਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਖੇਤਰੀ ਤੇ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਐਕਟ 1995 ਦੀ ਧਾਰਾ 76 ਦੇ ਹੇਠ ਏਕੀਕ੍ਰਿਤ ਜੋਨਿੰਗ ਰੈਗੂਲੇਸ਼ਨ 'ਚ ਜ਼ਰੂਰੀ ਸੋਧ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ। ਇਸ ਦੇ ਨਾਲ ਵਪਾਰਕ ਸਰਗਰਮੀਆਂ ਵਿੱਚ ਨਿਵੇਸ਼ ਲਈ ਮਦਦ ਮਿਲੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੋਂ ਇਲਾਵਾ ਗੁਦਾਮ ਸੈਕਟਰ ਨੂੰ ਹੁਲਾਰਾ ਮਿਲੇਗਾ।

ਮੀਟਿੰਗ ਵਿਚ ਹਾਜ਼ਰ ਹੋਰਨਾ ਤੋਂ ਇਲਾਵਾ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ, ਲੋਕ ਨਿਰਮਾਣ ਵਿਭਾਗ ਅਤੇ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਿਸ਼ੇਸ਼ ਮੁੱਖ ਸਕੱਤਰ ਕਰ ਐਮ. ਪੀ. ਸਿੰਘ, ਵਿੱਤ ਕਮਿਸ਼ਨਰ ਮਾਲ ਕਲਪਨਾ ਮਿੱਤਲ ਬਰੂਆ ਅਤੇ ਮੁੱਖ ਮੰਤਰੀ ਦੇ ਛੋਟੇ ਭਰਾ ਮਲਵਿੰਦਰ ਸਿੰਘ ਵੀ ਸ਼ਾਮਲ ਸਨ।


author

Babita

Content Editor

Related News