ਕੈਪਟਨ ਵੱਲੋਂ ਜੰਮੂ ''ਚ ਪੰਜਾਬ ਰੋਡਵੇਜ਼ ਦੀ ਬੱਸ ''ਤੇ ਗ੍ਰਨੇਡ ਹਮਲੇ ਦੀ ਨਿਖੇਧੀ

03/08/2019 8:42:34 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ ਬੱਸ ਸਟੈਂਡ ਵਿਖੇ ਸ਼ੱਕੀ ਅੱਤਵਾਦੀਆਂ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ 'ਤੇ ਕੀਤੇ ਬੁਝਦਿਲਾਨਾ ਗ੍ਰਨੇਡ ਹਮਲੇ ਦੀ ਤਿੱਖੀ ਆਲੋਚਨਾ ਕੀਤੀ ਹੈ ਅਤੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਯਕੀਨੀ ਬਣਾਉਣ ਵਾਸਤੇ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ ਨੂੰ ਜੰਮੂ-ਕਸ਼ਮੀਰ ਦੇ ਆਪਣੇ ਹਮਰੁਤਬਾ ਨਾਲ ਤਾਲਮੇਲ ਕਰਨ ਲਈ ਕਿਹਾ ਹੈ।
ਇਹ ਹਮਲਾ ਪਠਾਨਕੋਟ ਡੀਪੂ ਦੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀ.ਬੀ. 06 ਕਿਉ 9565 'ਤੇ ਕੀਤਾ ਗਿਆ। ਇਹ ਬੱਸ ਜੰਮੂ ਤੋਂ ਅੰਮ੍ਰਿਤਸਰ ਜਾਣ ਵਾਲੀ ਸੀ। ਇਸ ਹਮਲੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ ਵਿਅਕਤੀ ਪੰਜਾਬ ਨਾਲ ਸਬੰਧਤ ਹੈ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਦੱਸਿਆ ਕਿ ਹਰਜੀਤ ਸਿੰਘ ਪੁੱਤਰ ਜਗੀਰ ਸਿੰਘ, ਵਾਸੀ ਪਿੰਡ ਰਾਏ ਚੱਕ, ਡੇਰਾ ਬਾਬਾ ਨਾਨਕ, ਪੁਲਸ ਜ਼ਿਲਾ ਬਟਾਲਾ ਨਾਲ ਸਬੰਧਤ ਹੈ। ਉਸ ਦੀ ਸੱਜੀ ਲੱਤ 'ਤੇ ਸੱਟ ਲੱਗੀ ਹੈ ਪਰ ਉਹ ਖਤਰੇ ਤੋਂ ਬਾਹਰ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਹਰਜੀਤ ਸਿੰਘ ਨਾਲ ਸੰਪਰਕ ਬਣਾਉਣ ਅਤੇ ਉਸ ਦੇ ਇਲਾਜ ਵਾਸਤੇ ਹਰ ਸੰਭਵ ਮਦਦ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਸਨ।
ਇਸ ਘਿਨਾਉਣੇ ਗ੍ਰਨੇਡ ਹਮਲੇ 'ਤੇ ਗੁੱਸਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਘਾਟੀ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਨਿੰਦਣਯੋਗ ਹੈ ਅਤੇ ਸਭਨਾ ਵੱਲੋਂ ਇਸ ਵਿਰੁੱਧ ਲੜਾਈ ਦਿੱਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਇਨ੍ਹਾਂ ਘਿਨਾਉਣੇ ਇਰਾਦਿਆਂ 'ਚ ਸਫ਼ਲ ਹੋਣ ਦੀ ਆਗਿਆ ਨਹੀ ਦਿੱਤੀ ਜਾਣੀ ਚਾਹੀਦੀ। ਮੁੱਖ ਮੰਤਰੀ ਨੇ ਇਸ ਹਮਲੇ 'ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ, ਜਿਸ ਦੀ ਸ਼ਨਾਖਤ ਉਤਰਾਖੰਡ ਦੇ ਹਰਿਦਵਾਰ ਨਾਲ ਸਬੰਧਤ 17 ਸਾਲਾ ਮੁਹੰਮਦ ਸ਼ਾਰਿਕ ਵੱਜੋਂ ਹੋਈ ਹੈ।


Babita

Content Editor

Related News