ਬੇਅਦਬੀ ਮਾਮਲੇ ''ਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਖਬਰਾਂ ''ਤੇ ਕੈਪਟਨ ਦਾ ਸਪੱਸ਼ਟੀਕਰਨ

Tuesday, Sep 24, 2019 - 06:34 PM (IST)

ਬੇਅਦਬੀ ਮਾਮਲੇ ''ਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਖਬਰਾਂ ''ਤੇ ਕੈਪਟਨ ਦਾ ਸਪੱਸ਼ਟੀਕਰਨ

ਚੰਡੀਗੜ੍ਹ : ਬੇਅਦਬੀ ਮਾਮਲਿਆਂ 'ਤੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਖਬਰਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਫਾਈ ਦਿੱਤੀ ਹੈ। ਮੁੱਖ ਮੰਤਰੀ ਮੁਤਾਬਕ ਉਨ੍ਹਾਂ ਬਾਦਲਾਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਜਦਕਿ ਉਨ੍ਹਾਂ ਨੇ ਇਹ ਨਹੀਂ ਕਿਹਾ ਸੀ ਕਿ ਬੇਅਦਬੀ ਮਾਮਲਿਆਂ 'ਚ ਬਾਦਲ ਦੀ ਕੋਈ ਭੂਮਿਕਾ ਨਹੀਂ ਹੈ, ਮੈਂ ਸਿਰਫ ਇਹ ਕਿਹਾ ਸੀ ਕਿ ਬਾਦਲ ਖੁਦ ਮੌਕੇ 'ਤੇ ਨਹੀਂ ਗਏ ਸਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਬਾਦਲ ਦੀ ਭੂਮਿਕਾ ਨੂੰ ਨਕਾਰਿਆ ਹੈ। 

ਦਰਅਸਲ ਅੰਗਰੇਜ਼ੀ ਅਖਬਾਰ 'ਹਿੰਦੁਸਤਾਨ ਟਾਈਮਜ਼' ਨੂੰ ਦਿੱਤੇ ਇੰਟਰਵਿਊ ਵਿਚ ਸਵਾਲਾਂ ਦੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਦੋਂ ਤਕ ਪੂਰੀ ਜਾਂਚ ਨਾ ਹੋ ਜਾਵੇ ਉਦੋਂ ਤਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਸ ਸਮੇਂ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਗੋਲੀ ਚੱਲੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਤੇ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸੀ, ਹੋ ਸਕਦਾ ਹੈ ਗੋਲੀ ਚਲਾਉਣ ਦੀ ਇਜਾਜ਼ਤ ਮੁੱਖ ਮੰਤਰੀ ਵਲੋਂ ਦਿੱਤੀ ਗਈ ਹੋਵੇ। ਕੈਪਟਨ ਨੇ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਹਾਂ ਤੇ ਗ੍ਰਹਿ ਵਿਭਾਗ ਵੀ ਮੇਰੇ ਕੋਲ ਹੈ, ਜੇਕਰ ਪੁਲਸ ਮੇਰੀ ਜਾਣਕਾਰੀ ਤੋਂ ਬਿਨਾਂ ਫਾਇਰਿੰਗ ਕਰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਮੈਂ ਆਯੋਗ ਗ੍ਰਹਿ ਮੰਤਰੀ ਹਾਂ। 'ਹਿੰਦੁਸਤਾਨ ਟਾਈਮਜ਼' 'ਚ ਛਪੀ ਖਬਰ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਕਿ 'ਜਿੱਥੋਂ ਤਕ ਭਾਗ ਪਹਿਲਾ ਬੇਅਦਬੀ ਦੀ ਗੱਲ ਹੈ ਤਾਂ ਇਸ ਵਿਚ ਬਾਦਲ (ਪ੍ਰਕਾਸ਼ ਸਿੰਘ ਬਾਦਲ) ਸ਼ਾਮਲ ਨਹੀਂ ਹਨ। 

ਇਸ ਇੰਟਰਵਿਊ ਵਿਚ ਮੁੱਖ ਮੰਤਰੀ ਨੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਪਰਿਵਾਰ ਦੀਆਂ ਡੇਰਾ ਸੌਚਾ ਸੌਦਾ ਮੁਖੀ ਨਾਲ ਨਜ਼ਦੀਕੀਆਂ ਦਾ ਮਤਲਬ ਇਹ ਨਹੀਂ ਕਿ ਉਹ ਅਪਰਾਧਿਕ ਮਾਮਲੇ ਵਿਚ ਸ਼ਾਮਲ ਹੋਣ। ਮੁੰਬਈ ਵਿਚ ਸੁਖਬੀਰ ਬਾਦਲ ਦੀ ਡੇਰਾ ਮੁਖੀ ਨਾਲ ਮੁਲਾਕਾਤ ਦੀ ਰਿਪੋਰਟ ਆਈ ਸੀ ਪਰ ਇਹ ਸਿਆਸਤ ਹੈ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਚੋਣਾਂ ਵਿਚ ਡੇਰੇ ਦੀ ਹਿਮਾਇਤ ਲਈ ਮੁਲਾਕਾਤ ਕੀਤੀ ਹੈ ਪਰ ਫਿਰ ਵੀ ਇਸ ਦੀ ਜਾਂਚ ਚੱਲ ਰਹੀ ਹੈ।


author

Gurminder Singh

Content Editor

Related News