ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਕਰਨਗੇ ਰੋਡ ਸ਼ੋਅ

10/15/2019 12:25:28 AM

ਜਲੰਧਰ,(ਧਵਨ): ਪੰਜਾਬ 'ਚ 21 ਅਕਤੂਬਰ ਨੂੰ ਹੋਣ ਜਾ ਰਹੀਆਂ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿਚ 15 ਅਕਤੂਬਰ ਤੋਂ ਪੂਰੀ ਤਰ੍ਹਾਂ ਸਿਆਸੀ ਗਰਮਾਇਸ਼ ਆਉਣ ਦੇ ਆਸਾਰ ਪੈਦਾ ਹੋ ਗਏ ਹਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਮੰਗਲਵਾਰ ਤੋਂ ਆਪਣਾ ਰੋਡ ਸ਼ੋਅ ਸ਼ੁਰੂ ਕਰਨ ਜਾ ਰਹੇ ਹਨ। ਕਾਂਗਰਸੀ ਹਲਕਿਆਂ ਅਨੁਸਾਰ ਮੁੱਖ ਮੰਤਰੀ ਕੈਪਟਨ ਦਾਖਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਸਮਰਥਨ ਵਿਚ ਆਪਣੇ ਰੋਡ ਸ਼ੋਅ ਦੀ ਸ਼ੁਰੂਆਤ ਕਰਨਗੇ। ਇਹ ਰੋਡ ਸ਼ੋਅ ਦਾਖਾ ਵਿਚ ਸਵੇਰੇ ਸ਼ੁਰੂ ਹੋਵੇਗਾ ਤੇ ਲਗਭਗ 5 ਘੰਟੇ ਤਕ ਇਸ ਦੇ ਜਾਰੀ ਰਹਿਣ ਦੇ ਆਸਾਰ ਹਨ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਕਾਂਗਰਸੀ ਪਾਰਲੀਮੈਂਟ ਮੈਂਬਰਾਂ, ਮੰਤਰੀਆਂ ਤੇ ਵਿਧਾਇਕਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਕੈਪਟਨ ਦਾ ਪਹਿਲਾ ਰੋਡ ਸ਼ੋਅ ਦਾਖਾ ਵਿਧਾਨ ਸਭਾ ਹਲਕੇ ਦੇ ਅਹਿਮ ਇਲਾਕਿਆਂ 'ਚੋਂ ਲੰਘੇਗਾ। ਕੈਪਟਨ ਖੁੱਲ੍ਹੀ ਬੱਸ 'ਚ ਸਵਾਰ ਹੋ ਕੇ ਰੋਡ ਸ਼ੋਅ ਕਰਨਗੇ।

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਸ਼ਾਹਕੋਟ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਸਮੇਂ ਖੁੱਲ੍ਹੀ ਬੱਸ 'ਚ ਸਵਾਰ ਹੋ ਕੇ ਰੋਡ ਸ਼ੋਅ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨਾਲ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਰਹਿਣਗੇ। ਮੁੱਖ ਮੰਤਰੀ ਵਲੋਂ ਕਿਸੇ ਤਰ੍ਹਾਂ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਨਾਲ-ਨਾਲ ਫਗਵਾੜਾ ਤੇ ਮੁਕੇਰੀਆਂ ਵਿਚ ਵੀ ਰੋਡ ਸ਼ੋਅ ਕੀਤੇ ਜਾਣ ਦੇ ਆਸਾਰ ਹਨ, ਜਿਸ ਦੀ ਰਣਨੀਤੀ ਤਿਆਰ ਹੋ ਚੁੱਕੀ ਹੈ। ਕੈਪਟਨ ਅਜੇ ਤਕ ਚੋਣ ਦੰਗਲ ਤੋਂ ਦੂਰ ਸਨ ਕਿਉਂਕਿ ਕਾਂਗਰਸ ਦੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਜੇ ਤਕ ਆਪਣੇ ਮੰਤਰੀਆਂ, ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨੂੰ ਸੌਂਪੀ ਗਈ ਸੀ। ਹੁਣ ਉਹ ਖੁਦ ਅੱਜ ਤੋਂ ਚੋਣ ਮੁਹਿੰਮ ਵਿਚ ਸਰਗਰਮੀ ਨਾਲ ਸ਼ਾਮਲ ਹੋ ਜਾਣਗੇ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਚੋਣ ਮੁਹਿੰਮ ਸੰਭਾਲੀ ਹੋਈ ਹੈ ਤੇ ਉਨ੍ਹਾਂ ਨਾਲ ਸੀਨੀਅਰ ਕੈਬਨਿਟ ਮੰਤਰੀ ਵੀ ਮੈਦਾਨ ਵਿਚ ਨਿਤਰੇ ਹੋਏ ਹਨ।


Related News