ਮੁੱਖ ਮੰਤਰੀ ਜੀ ਨੂੰ ਕਹਿ ਕੇ ਪਾਕਿ ਤੋਂ ਆ ਰਹੇ ਚਮੜੇ ਵਾਲੇ ਪਾਣੀ ਦਾ ਕਰਵਾਇਆ ਜਾਵੇਗਾ ਹੱਲ : ਰਣਇੰਦਰ ਸਿੰਘ

10/19/2019 11:49:23 PM

ਜਲਾਲਾਬਾਦ,(ਸੇਤੀਆ,ਸੁਮਿਤ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਉਮੀਂਦਵਾਰ ਰਮਿੰਦਰ ਆਵਲਾ ਦੇ ਹੱਕ 'ਚ ਚੋਣ ਪ੍ਰਚਾਰ ਦੇ ਆਖਿਰੀ ਦਿਨ ਵਿਧਾਇਕ ਦਵਿੰਦਰ ਘੁਬਾਇਆ ਨਾਲ ਮਿਲਕੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਉਧਰ ਸਰਹੱਦੀ ਲੋਕਾਂ ਨੇ ਵੀ ਰਣਇੰਦਰ ਸਿੰਘ ਤੇ ਦਵਿੰਦਰ ਘੁਬਾਇਆ ਦਾ ਤੈਅ ਦਿਲੀ ਨਾਲ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੰਵਲ ਧੂੜੀਆ, ਮਦਨ ਕਾਠਗੜ੍ਹ, ਬਲਕਾਰ ਸਿੰਘ, ਕੇਵਲ ਕ੍ਰਿਸ਼ਨ ਅਤੇ ਹੋਰ ਆਗੂ ਮੌਜੂਦ ਸਨ।  ਇਸ ਮੌਕੇ ਸਰਹੱਦੀ ਲੋਕਾਂ ਨੇ ਪਾਕਿਸਤਾਨ ਤੋਂ ਚਮੜੇ ਵਾਲੇ ਪਾਣੀ ਆਉਣ ਦੀ ਸ਼ਿਕਾਇਤ ਕੀਤੀ ਤੇ ਦੱਸਿਆ ਕਿ ਪਾਕਿਸਤਾਨ ਤੋਂ ਆ ਰਹੇ ਚਮੜੇ ਵਾਲੇ ਪਾਣੀ ਦੇ ਕਾਰਣ ਜਿੱਥੇ ਲੋਕ ਚਰਮ ਰੋਗ ਦੇ ਸ਼ਿਕਾਰ ਹਨ, ਉਥੇ ਹੀ ਇਹ ਪਾਣੀ ਹੋਰ ਵੀ ਭਿਆਨਕ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ। ਉਧਰ ਰਣਇੰਦਰ ਸਿੰਘ ਨੇ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਖੁੱਦ ਮੁੱਖ ਮੰਤਰੀ ਨੂੰ ਕਹਿਣਗੇ ਤੇ ਅਜਿਹਾ ਪ੍ਰੋਜੈਕਟ ਲਿਆਂਦਾ ਜਾਵੇਗਾ, ਜਿਸ ਨਾਲ ਚਮੜੇ ਵਾਲਾ ਪਾਣੀ ਭਾਰਤ ਦੇ ਖੇਤਰ ਨੂੰ ਪ੍ਰਭਾਵਿਤ ਨਾ ਕਰ ਸਕੇ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ਦੇ ਵਿਕਾਸ ਤੇ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪਹਿਲ ਕਦਮੀ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਨੇ ਸਰਹੱਦੀ ਪਿੰਡ ਲੱਧੂਵਾਲਾ, ਸੁਖੇਰਾ ਬੋਦਲਾ, ਲਮੋਚੜ ਕਲਾਂ, ਘੁਬਾਇਆ, ਭੰਬਾਵੱਟੂ ਉਤਾੜ, ਭੰਬਾ ਵੱਟੂ ਹਿਠਾੜ, ਜੱਲਾ ਲੱਖੇ ਕੇ ਹਿਠਾੜ, ਢਾਣੀ ਬਚਨ ਸਿੰਘ, ਚੱਕ ਖੀਵਾ, ਟਾਹਲੀਵਾਲਾ, ਚੱਕ ਬਜੀਦਾ, ਗਹਿਲੇ ਵਾਲਾ, ਜੋਧਾ ਭੈਣੀ, ਫੱਤੂਵਾਲਾ, ਹਜ਼ਾਰਾ ਰਾਮ ਸਿੰਘ ਵਾਲਾ, ਮੋਹਰ ਸਿੰਘ ਵਾਲਾ, ਬੱਘੇਕੇ ਉਤਾੜ, ਹਿਠਾੜ, ਆਲਮ ਕੇ, ਸੰਤੋਖ ਸਿੰਘ ਵਾਲਾ, ਪ੍ਰਭਾਤ ਸਿੰਘ ਵਾਲਾ ਉਤਾੜ, ਢੰਡੀ ਕਦੀਮ-ਢਾਣੀ ਨੱਥਾ ਸਿੰਘ, ਢੰਡੀ ਖੁਰਦ-ਢਾਣੀ ਫੂਲਾ ਸਿੰਘ, ਮੋਹਕਮ ਅਰਾਈਆ ਦਾ ਦੌਰਾ ਕਰਕੇ ਲੋਕਾਂ ਨੂੰ ਰਮਿੰਦਰ ਆਵਲਾ ਦੇ ਹੱਕ 'ਚ ਫਤਵਾ ਦੇਣ ਦੀ ਅਪੀਲ ਕੀਤੀ।


Related News