ਮੁੱਖ ਮੰਤਰੀ ਚੰਨੀ ਦਾ ਕੇਜਰੀਵਾਲ ''ਤੇ ਤੰਜ, ਕਿਹਾ-‘ਆਪ’ ਈਸਟ ਇੰਡੀਆ ਕੰਪਨੀ ਦਾ ਆਧੁਨਿਕ ਅਵਤਾਰ
Sunday, Dec 19, 2021 - 02:06 PM (IST)
ਹੁਸ਼ਿਆਰਪੁਰ (ਘੁੰਮਣ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ (ਆਪ) ਨੂੰ ਈਸਟ ਇੰਡੀਆ ਕੰਪਨੀ ਦਾ ਆਧੁਨਿਕ ਅਵਤਾਰ ਕਰਾਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਐਂਡ ਕੰਪਨੀ ਦਾ ਇਕੋ-ਇਕ ਉਦੇਸ਼ ਸੂਬੇ ਦੀ ਦੌਲਤ ਲੁੱਟਣਾ ਹੈ। ਬੀਤੇ ਦਿਨ ਇਥੇ ਸਥਾਨਕ ਰੌਸ਼ਨ ਗਰਾਊਂਡ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਲੀਡਰਸ਼ਿਪ ਨੇ ਪੰਜਾਬ ਦੀ ਦੌਲਤ ’ਤੇ ਨਜ਼ਰ ਰੱਖੀ ਹੋਈ ਹੈ, ਜਿਸ ਕਾਰਨ ਇਸ ਦੀ ਲੀਡਰਸ਼ਿਪ ਲੋਕਾਂ ਨੂੰ ਸਬਜ਼ਬਾਗ ਦਿਖਾ ਰਹੀ ਹੈ। ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਪੰਜਾਬੀਆਂ ਦੇ ਸਾਹਮਣੇ ਆਪਣੇ ਝੂਠ ਦੇ ਪੁਲੰਦੇ ਨੂੰ ਖੋਲ੍ਹਣ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਬਾਰੇ ਦਿੱਲੀ ਵਾਸੀਆਂ ਨੂੰ ਸਸਤੀ ਬਿਜਲੀ ਅਤੇ ਪੈਟਰੋਲ ਦਾ ਆਨਲਾਈਨ ਐਲਾਨ ਕਰਨ ਦੀ ਹਿੰਮਤ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਲੀਡਰਸ਼ਿਪ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮਾਣਮੱਤਾ ਪੰਜਾਬੀ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਰਾਜ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਵਾਅਦੇ ਸੂਬੇ ਤੋਂ ਦੂਜੇ ਰਾਜ ਵਿਚ ਆਪਣੀ ਇੱਛਾ ਅਨੁਸਾਰ ਵੱਖੋ-ਵੱਖਰੇ ਹੁੰਦੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਕਪੂਰਥਲਾ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦਾ ਸੰਗਤ ਨੇ ਲਾਇਆ ਸੋਧਾ
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਮੇਰਾ ਇਕੋ-ਇਕ ਉਦੇਸ਼ ਹੈ। ਸੂਬੇ ਦੇ ਲੋਕ ਜਾਣਦੇ ਹਨ ਕਿ ਪੂਰੇ ਉੱਤਰੀ ਖੇਤਰ ਵਿਚ ਪੰਜਾਬ ’ਚ ਪੈਟਰੋਲ ਅਤੇ ਡੀਜ਼ਲ ਸਭ ਤੋਂ ਸਸਤਾ ਹੈ ਅਤੇ ਇਸੇ ਤਰ੍ਹਾਂ ਪੂਰੇ ਦੇਸ਼ ਵਿਚ ਬਿਜਲੀ ਦੇ ਰੇਟ ਵੀ ਸਭ ਤੋਂ ਸਸਤੇ ਹਨ।
ਆਪਣੇ ਸੰਬੋਧਨ ਵਿਚ ਸਾਬਕਾ ਸੰਸਦ ਮੈਂਬਰ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਸੂਬੇ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੱਟੜ ਖੇਤੀ ਕਾਨੂੰਨਾਂ ਦੇ ਸਮਰਥਕਾਂ ਵੱਲੋਂ ਅੱਤਵਾਦੀ ਕਰਾਰ ਦਿੱਤਾ ਗਿਆ ਹੈ। ਹੁਣ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵਿਧਾਇਕ ਸੁੰਦਰ ਸ਼ਾਮ ਅਰੋਡ਼ਾ ਨੇ ਮੁੱਖ ਮੰਤਰੀ ਅਤੇ ਸੁਨੀਲ ਜਾਖਡ਼ ਦਾ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਸੁੰਦਰ ਸ਼ਾਮ ਅਰੋਡ਼ਾ ਤੇ ਸ਼੍ਰੀਮਤੀ ਇੰਦੂ ਬਾਲਾ, ਜ਼ਿਲਾ ਕਾਂਗਰਸ ਪ੍ਰਧਾਨ ਕੁਲਦੀਪ ਨੰਦਾ, ਮੇਅਰ ਸੁਰਿੰਦਰ ਕੁਮਾਰ, ਪੱਛਡ਼ੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਸਰਵਣ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਕੇਸ਼ ਮਰਵਾਹਾ ਅਤੇ ਹੋਰ ਕਈ ਆਗੂ ਤੇ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ’ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਮਾਹੌਲ ਬਣਿਆ ਤਣਾਅਪੂਰਨ