ਪੰਜਾਬ ''ਚ ਲੱਗੇ ਕਰਫਿਊ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਅਹਿਮ ਜਾਣਕਾਰੀ
Monday, Mar 23, 2020 - 08:46 PM (IST)
ਜਲੰਧਰ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਰੂ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ 'ਚ ਕਰਫਿਊ ਲਗਾ ਦਿੱਤਾ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀ ਲੋਕਾਂ ਨੂੰ ਅਹਿਮ ਜਾਣਕਾਰੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਪੰਜਾਬ ਉਸੇ ਤਰ੍ਹਾਂ ਹੀ ਚੱਲ ਰਿਹਾ ਸੀ, ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਹੈ, ਲੋਕ ਲਾਕਡਾਊਨ ਨੂੰ ਕੁੱਝ ਸਮਝਦੇ ਨਹੀਂ ਹਨ ਅਤੇ ਘਰਾਂ 'ਚੋਂ ਬਾਹਰ ਆ ਰਹੇ ਹਨ ਤੇ ਗਲੀਆਂ ਮੁਹੱਲਿਆਂ 'ਚ ਘੁੰਮ ਰਹੇ ਹਨ, ਜੋ ਕਿ ਨਹੀਂ ਹੋਣਾ ਚਾਹੀਦਾ। ਜਿਸ ਕਾਰਨ ਹਾਲਾਤ ਕਾਫੀ ਵਿਗੜ ਸਕਦੇ ਹਨ। ਉਨ੍ਹਾਂ ਕਿਹਾ ਕਿ ਚੀਨ ਤੇ ਇਟਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਚੁਕੀ ਹੈ ਸੋ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ 'ਚ ਵੀ ਕੋਈ ਅਜਿਹੀ ਕਿਸਮ ਦੀ ਚੀਜ਼ ਹੋਵੇ। ਇਸ ਕਰਕੇ ਮੈਨੂੰ ਲਾਕਡਾਊਨ ਨੂੰ ਸਫਲ ਕਰਨ ਲਈ ਕਰਫਿਊ ਲਗਾਉਣਾ ਪਿਆ।
ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਜੋ ਆਮ ਤੌਰ 'ਤੇ ਕਰਦੇ ਹਨ, ਉਸ ਲਈ ਅਸੀਂ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕ ਮਹੀਨੇ ਤਕ ਕਿਸੇ ਵੀ ਜਗ੍ਹਾ 'ਤੇ ਜਾਣ ਦੀ ਲੋੜ ਨਹੀਂ ਹੈ। ਮੇਰੀ ਜ਼ਿੰਮੇਵਾਰੀ ਪੰਜਾਬ ਹੈ, ਤੁਸੀਂ ਮੈਨੂੰ ਪੰਜਾਬ ਦਾ ਪ੍ਰਬੰਧ ਸੌਂਪਿਆ ਹੈ ਅਤੇ ਫਿਰ ਇਹ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਪੰਜਾਬ 'ਚ ਇਹ ਬਿਮਾਰੀ ਨੂੰ ਆਉਣ ਨਾ ਦੇਵਾ। ਇਸ ਦੌਰਾਨ ਉਨ੍ਹਾਂ ਜ਼ਰੂਰਤਾਂ ਨੂੰ ਲੈ ਕੇ ਕਈ ਕਦਮ ਚੁੱਕੇ ਗਏ ਹਨ, ਜੋ ਕੰਮ ਤੁਸੀਂ ਆਮ ਤੌਰ 'ਤੇ ਕਰਦੇ ਹੋ। ਜਿਵੇਂ ਕਿ ਲੋਕਲ ਬਾਡੀ, ਪਾਣੀ, ਬਿਜਲੀ ਦਾ ਬਿੱਲ ਅਤੇ ਹੋਰ ਅਜਿਹੇ ਕਈ ਕੰਮ ਜੋ ਪੰਜਾਬ ਦੇ ਲੋਕ ਕਰਦੇ ਹਨ। ਇਨ੍ਹਾਂ ਬਿੱਲਾਂ ਦੀਆਂ ਅਦਾਇਗੀ ਦੀ ਮਿਤੀ ਅੱਗੇ ਵਧਾ ਦਿੱਤੀ ਗਈ ਹੈ। ਜਿਸ ਕਾਰਨ ਤੁਹਾਨੂੰ ਇਕ ਮਹੀਨਾ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਲੋਕਾਂ ਨੂੰ ਘੁੰਮਣ ਅਤੇ ਘਰੋਂ ਬਾਹਰ ਨਾ ਆਉਣ ਦਿੱਤਾ ਜਾਵੇ। ਕੈਪਟਨ ਨੇ ਕਿਹਾ ਕਿ ਜੇਕਰ ਕਿਸੇ ਨੂੰ ਬਾਹਰ ਜਾਣਾ ਪਵੇ ਤਾਂ ਉਸ ਨੂੰ ਆਪਣੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਨਾ ਪਵੇਗਾ, ਜੋ ਇਕ ਨੰਬਰ ਦੇਣਗੇ, ਉਸ ਨੰਬਰ 'ਤੇ ਗੱਲ ਕਰਨ ਤੋਂ ਬਾਅਦ ਤੁਹਾਨੂੰ ਇਜਾਜ਼ਤ ਮਿਲੇਗੀ। ਇਸ ਦੌਰਾਨ ਜਿਹੜੇ ਪੰਜਾਬ ਦੇ ਗਰੀਬ ਲੋਕ ਹਨ ਉਨ੍ਹਾਂ ਵਾਸਤੇ ਅਸੀਂ ਕੁੱਝ ਕਦਮ ਚੁੱਕੇ ਹਨ। ਬੁਢਾਪਾ ਪੈਨਸ਼ਨਾਂ ਅਸੀਂ ਦੇ ਚੁਕੇ ਹਾਂ ਅਤੇ ਉਹ ਬੈਂਕ ਅਕਾਊਂਟਾਂ 'ਚ ਜਮਾ ਹੋ ਜਾਣਗੇ ਤਾਂ ਜੋ ਕਿਸੇ ਕਿਸਮ ਕਿਸੇ ਨੂੰ ਤਕਲੀਫ ਨਾ ਹੋਵੇ। ਜਿਹੜੇ ਰਜਿਸਟਰ ਕੰਸਟਰਕਸ਼ਨ ਵਰਕਰ ਹਨ। ਉਨ੍ਹਾਂ ਨੂੰ ਅਸੀਂ 3000 ਹਜ਼ਾਰ ਰੁਪਏ ਦੇ ਰਹੇ ਹਾਂ ਅਤੇ ਇਹ ਰੁਪਏ ਪਹਿਲੀ ਅਪ੍ਰੈਲ ਨੂੰ ਮਿਲ ਜਾਣਗੇ ਤਾਂ ਜੋ ਉਹ ਆਪਣਾ ਵੀ ਗੁਜਾਰਾ ਕਰ ਲੈਣ, ਕਿਉਂਕਿ ਸਾਰੀਆਂ ਇੰਡਸਟਰੀਆਂ ਬੰਦ ਹਨ।
ਇਹ ਵੀ ਕੀਤੀ ਅਪੀਲ
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਖੋ ਮੇਰੇ ਵੀਰੋ ਤੇ ਭੈਣੋਂ ਦੁਨੀਆ ਦੇ ਵਿਚ ਇਹ ਬਹੁਤ ਭਿਆਨਕ ਬਿਮਾਰੀ ਹੈ। ਇਕ ਪ੍ਰਬੰਧ ਸਰਕਾਰ ਨੂੰ ਸਾਡੇ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਕਰਨਾ ਪਵੇਗਾ ਕਿ ਇਹ ਲੜਾਈ ਸਾਨੂੰ ਆਪਣੀ ਜਾਨ ਦੀ ਲੜਾਈ ਸਮਝ ਕੇ ਲੜਨੀ ਪਵੇਗੀ। ਆਪਾਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ,ਆਪਣੇ ਆਪ ਨੂੰ ਬਚਾਉਣਾ ਹੈ ਅਤੇ ਆਪਣੇ ਪੰਜਾਬ ਨੂੰ ਬਚਾਉਣਾ। ਇਸ ਕਾਰਨ ਹੀ ਮੈਨੂੰ ਇਹ ਸਖ਼ਤ ਕਦਮ ਚੁੱਕਣੇ ਪਏ ਹਨ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਇਸ ਕਦਮ 'ਚ ਮੇਰਾ ਸਾਥ ਦਿਓਂਗੇ ਅਤੇ ਆਪਣੇ ਆਪਣੇ ਘਰਾਂ 'ਚ ਰਹੋਗੇ।