ਸਿੱਧੂ ਨੂੰ ਦਿੱਤਾ ਜਾਏ ਤਾਂ ਕਿਹੜਾ ਅਹੁਦਾ ਦਿੱਤਾ ਜਾਏ? ਉਲਝਣ ਵਿਚ ਹਾਈ ਕਮਾਨ

Sunday, Jul 04, 2021 - 10:25 PM (IST)

ਸਿੱਧੂ ਨੂੰ ਦਿੱਤਾ ਜਾਏ ਤਾਂ ਕਿਹੜਾ ਅਹੁਦਾ ਦਿੱਤਾ ਜਾਏ? ਉਲਝਣ ਵਿਚ ਹਾਈ ਕਮਾਨ

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਖੁੱਲ੍ਹੀ ਲੜਾਈ ਕਾਰਨ ਕਾਂਗਰਸ ਨੂੰ ਕਾਫੀ ਨੁਕਸਾਨ ਪੁੱਜਾ ਹੈ। ਹਾਈ ਕਮਾਨ ਇਸ ਗੱਲ ਨੂੰ ਲੈ ਕੇ ਉਲਝਣ ਵਿਚ ਹੈ ਕਿ ਸਿੱਧੂ ਨੂੰ ਮਨਾਉਣ ਲਈ ਉਨ੍ਹਾਂ ਨੂੰ ਦਿੱਤਾ ਜਾਏ ਤਾਂ ਕਿਹੜਾ ਅਹੁਦਾ ਦਿੱਤਾ ਜਾਏ? ਕੈਪਟਨ-ਸਿੱਧੂ ਦੇ ਇਸ ਝਗੜੇ ਦਾ ਲਾਭ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਜਾ ਹੈ, ਜੋ ਇਕ ਵਾਰ ਮੁੜ ਪੂਰੀ ਤਾਕਤ ਨਾਲ ਵਾਪਸ ਆਇਆ ਹੈ। ਉਸਨੇ ਬਹੁਜਨ ਸਮਾਜ ਪਾਰਟੀ ਨਾਲ ਵੀ ਗੱਠਜੋੜ ਕਰ ਲਿਆ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਅਚਾਨਕ ਹਾਦਸੇ ਦੀ ਸ਼ਿਕਾਰ ਹੋਈ ਪੁਲਸ ਥਾਣੇ ਦੀ ਗੱਡੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਹਾਲਾਤ ’ਤੇ ਦਿੱਲੀ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਹਾਈ ਕਮਾਨ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਜੇ ਉਨ੍ਹਾਂ ਦੇ ਅਸਤੀਫ਼ੇ ਨਾਲ ਸਮੱਸਿਆ ਦਾ ਹੱਲ ਹੁੰਦਾ ਹੈ ਤਾਂ ਉਹ ਅਹੁਦਾ ਛੱਡਣ ਲਈ ਤਿਆਰ ਹਨ ਪਰ ਉਨ੍ਹਾਂ ਵੱਲੋਂ ਅਸਤੀਫਾ ਦੇਣ ਨਾਲ ਸੰਕਟ ਨਹੀਂ ਟਲ ਸਕੇਗਾ ਕਿਉਂਕਿ ਕੈਪਟਨ ਨੂੰ ਸੂਬਾਈ ਕਾਂਗਰਸ ਪ੍ਰਧਾਨ ਦੇ ਰੂਪ ਵਿਚ ਸਿੱਧੂ ਪ੍ਰਵਾਨ ਨਹੀਂ ਹਨ। ਇਕ ਵਿਚਾਰ ਇਹ ਵੀ ਚੱਲ ਰਿਹਾ ਹੈ ਕਿ ਸਿੱਧੂ ਨੂੰ ਮੰਤਰੀ ਦੇ ਅਹੁਦੇ ਦੇ ਨਾਲ ਹੀ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜਾਏ। ਇਹ ਵੀ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਅਕਾਲੀ-ਬਸਪਾ ਗੱਠਜੋੜ ਦੇ ਜਵਾਬ ਵਿਚ ਕਿਸੇ ਦਲਿਤ ਨੂੰ ਸੂਬਾਈ ਕਾਂਗਰਸ ਪ੍ਰਧਾਨ ਦਾ ਅਹੁਦਾ ਸੌਂਪਿਆ ਜਾਏ। ਇਸ ਸਮੇਂ ਕੈਪਟਨ ਵੀ ਸਿੱਧੂ ਦੇ ਮੁੜ-ਵਸੇਬੇ ਦੇ ਵਿਰੁੱਧ ਨਹੀਂ ਹਨ ਕਿਉਂਕਿ ਚੋਣਾਂ ਤਾਂ ਆਖਿਰ ਉਨ੍ਹਾਂ ਦੀ ਹੀ ਲੀਡਰਸ਼ਿਪ ਵਿਚ ਲੜੀਆਂ ਜਾਣੀਆਂ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਉਤਰਣ ਵਾਲੇ ਯਾਤਰੀ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ

ਇਸ ਸਭ ਦਰਮਿਆਨ ਹਾਈ ਕਮਾਨ ਅਤੇ ਕੈਪਟਨ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਧੂ ਆਪਣੀ ਜ਼ੁਬਾਨ ’ਤੇ ਲਗਾਮ ਲਾਉਣ। ਉਨ੍ਹਾਂ ਕੋਲੋਂ ਪੁੱਛਿਆ ਜਾ ਰਿਹਾ ਹੈ ਸੂਬੇ ਵਿਚ ਬਿਜਲੀ ਸੰਕਟ ਦਾ ਮੁੱਦਾ ਛੇੜਨ ਕੀ ਲੋੜ ਸੀ? ਐਵੇਂ ਹੀ ਵਿਰੋਧੀ ਧਿਰ ਨੂੰ ਇਕ ਮੁੱਦਾ ਦੇ ਦਿੱਤਾ ਗਿਆ ਹੈ। ਜੇ ਸਿੱਧੂ ਨੂੰ ਸੂਬਾਈ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਸੁਨੀਲ ਜਾਖੜ ਨੂੰ ਕਾਂਗਰਸ ਵਰਕਿੰਗ ਕਮੇਟੀ ਵਿਚ ਇਕ ਸੀਨੀਅਰ ਅਹੁਦਾ ਦਿੱਤਾ ਜਾ ਸਕਦਾ ਹੈ। ਫਿਰ ਸਿੱਧੂ ਨਾਲ ਕਈ ਉਪ ਪ੍ਰਧਾਨ ਵੀ ਹੋਣਗੇ। ਜੇ ਸਿੱਧੂ ਨੂੰ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਪ੍ਰਚਾਰ ਕਮੇਟੀ ਵਿਚ 2-3 ਸਹਿ-ਪ੍ਰਧਾਨ ਵੀ ਹੋਣਗੇ।

ਇਹ ਵੀ ਪੜ੍ਹੋ : ਫਿਰ ਬੋਲੇ ਨਵਜੋਤ ਸਿੱਧੂ, 18 ਨੁਕਾਤੀ ਏਜੰਡੇ ਦੀ ਸ਼ੁਰੂਆਤ ਬਾਦਲਾਂ ਦੇ ਕੀਤੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਕੇ ਹੋਵੇ

ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਵਿਰੋਧੀ ਰਹੇ ਨੇਤਾ ਕਾਂਗਰਸ ਲੀਡਰਸ਼ਿਪ ਨਾਲ ਇਸ ਗੱਲ ਨੂੰ ਲੈ ਕੇ ਨਾਖੁਸ਼ ਹਨ ਕਿ ਉਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਵਿਰੁੱਧ ਵਰਤਿਆ, ਜਦੋਂ ਕਿ ਲਾਭ ਸਿੱਧੂ ਨੂੰ ਮਿਲ ਰਿਹਾ ਹੈ। ਇਸ ਕਾਰਨ ਪ੍ਰਤਾਪ ਸਿੰਘ ਬਾਜਵਾ ਵਰਗੇ ਸੀਨੀਅਰ ਨੇਤਾ ਪ੍ਰੇਸ਼ਾਨ ਹਨ। ਉਨ੍ਹਾਂ ਤਾਂ ਰਾਹੁਲ ਗਾਂਧੀ ਨਾਲ ਵੀ ਲੰਬੀ ਗੱਲਬਾਤ ਕੀਤੀ ਸੀ। ਕੈਪਟਨ ਨੂੰ ਵੀ ਉਨ੍ਹਾਂ ਦੇ ਉੱਚੇ ਘੋੜੇ ਤੋਂ ਉਤਾਰ ਕੇ ਦਿੱਲੀ ਵਿਚ 3 ਮੈਂਬਰੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਮਜਬੂਰ ਕੀਤਾ ਗਿਆ। ਇਕ ਵੱਡੇ ਕਾਂਗਰਸੀ ਨੇਤਾ ਨੇ ਇਸ ਸਬੰਧੀ ਕਿਹਾ ਕਿ ਹਾਈ ਕਮਾਨ ਨੇ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪਣ ਦਾ ਵਾਅਦਾ ਤਾਂ ਕਰ ਦਿੱਤਾ ਹੈ ਪਰ ਹੁਣ ਉਸ ਨੂੰ ਆਪਣਾ ਵਾਅਦਾ ਪੂਰਾ ਕਰਨਾ ਔਖਾ ਲੱਗ ਰਿਹਾ ਹੈ।

ਇਹ ਵੀ ਪੜ੍ਹੋ : ਪੰਜ ਪਿਆਰਿਆਂ ਦਾ ਵੱਡਾ ਬਿਆਨ, ਕਿਹਾ ਸੱਤਾ ਲਈ ਸੁਖਬੀਰ ਬਾਦਲ ਨੂੰ ਜੇਲ ਭਿਜਵਾ ਸਕਦੇ ਹਨ ਕੈਪਟਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News