ਸਰਕਾਰ ਬਨਣ ਦੇ ਕੁਝ ਮਹੀਨਿਆਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਦੂਜੀ ਵਾਰ ਦਿੱਤਾ ਨਵਜੋਤ ਸਿੱਧੂ ਨੂੰ ਝਟਕਾ

Wednesday, Jul 05, 2017 - 07:22 PM (IST)

ਸਰਕਾਰ ਬਨਣ ਦੇ ਕੁਝ ਮਹੀਨਿਆਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਦੂਜੀ ਵਾਰ ਦਿੱਤਾ ਨਵਜੋਤ ਸਿੱਧੂ ਨੂੰ ਝਟਕਾ

ਚੰਡੀਗੜ੍ਹ : ਕੈਪਟਨ ਦੀ ਵਜ਼ਾਰਤ ਵਿਚ ਕਦੇ ਨੰਬਰ ਦੋ ਦੀ ਕੁਰਸੀ ਮੰਗਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਚਾਰ ਮਹੀਨੇ ਅੰਦਰ ਹੀ ਦੂਸਰੀ ਵਾਰ ਝਟਕਾ ਦਿੱਤਾ ਹੈ। ਸਰਕਾਰ ਬਨਣ ਤੋਂ ਪਹਿਲਾਂ ਕੈਪਟਨ ਨੇ ਹੀ ਸਿੱਧੂ ਦੇ ਨੰਬਰ ਦੋ ਬਨਣ ਦੀ ਰਾਹ ਰੋਕ ਦਿੱਤੀ ਸੀ। ਇਸ ਕਾਰਨ ਸਿੱਧੂ ਪਾਰਟੀ 'ਚ ਨੰਬਰ ਤਿੰਨ 'ਤੇ ਬਣੇ ਪਰ ਉਦੋਂ ਤੋਂ ਹੀ ਦੋਵੇਂ ਆਗੂਆਂ ਵਿਚਾਲੇ ਮਤਭੇਦਾਂ ਦੀ ਗੱਲ ਸਾਹਮਣੇ ਆ ਰਹੀ ਹੈ।
ਕਾਂਗਰਸ ਦੇ ਸੱਤਾ 'ਚ ਆਉਣ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਨੇ ਇਹ ਕਹਿ ਕੇ ਹਾਊਸਿੰਗ ਡਿਵਲਪਮੈਂਟ ਵਿਭਾਗ ਦੀ ਮੰਗ ਕੀਤੀ ਸੀ ਕਿ ਇਸ ਵਿਭਾਗ ਦਾ ਸਿੱਧਾ ਸੰਬੰਧ ਸਥਾਨਕ ਸਰਕਾਰਾਂ ਬਾਰੇ ਵਿਭਾਗ ਨਾਲ ਹੈ, ਜਿਸ ਨੂੰ ਮੁੱਖ ਮੰਤਰੀ ਨੇ ਆਪਣੇ ਕੋਲ ਰੱਖਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸੰਬੰਧ 'ਚ ਕੋਈ ਪ੍ਰਤੀਕਿਰਿਆ ਨਾ ਦੇਣ ਕਾਰਨ ਸਿੱਧੂ ਨੂੰ ਯੂ-ਟਰਨ ਲੈਣਾ ਪਿਆ। ਹੁਣ ਕੈਪਟਨ ਨੇ ਇਕ ਵਾਰ ਕੇਬਲ ਮਾਮਲੇ ਵਿਚ ਸਿੱਧੂ ਨੂੰ ਝਟਕਾ ਦਿੱਤਾ ਹੈ। ਦਰਅਸਲ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਫਾਸਟ ਵੇਅ ਕੇਬਲ ਕੰਪਨੀ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਸਰਕਾਰ ਨੂੰ 680 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ।
ਇਸ 'ਤੇ ਸਿੱਧੂ ਨੇ ਨਵੀਂ ਪਾਲਿਸੀ ਲਿਆਉਣ ਦੀ ਗੱਲ ਕਹੀ ਸੀ। ਇਸ ਨਵੀਂ ਪਾਲਿਸੀ ਤਹਿਤ ਤਾਰ ਪਾਉਣ ਦੀ ਮਨਜ਼ੂਰੀ ਨਾ ਲੈਣ ਵਾਲੇ ਕੇਬਲ ਆਪਰੇਟਰਾਂ ਨੂੰ ਭਾਰੀ ਜ਼ੁਰਮਾਨਾ ਲਗਾਇਆ ਜਾਣਾ ਸੀ। ਦੋ ਦਿਨ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਸਿੱਧੂ ਦੀ ਮੰਗ ਨੂੰ ਖਾਰਜ ਕਰ ਦਿੱਤਾ ਕਿ ਕੋਈ ਕੇਬਲ ਪਾਲਿਸੀ ਨਹੀਂ ਆਉਣ ਵਾਲੀ ਹੈ। ਮੁੱਖ ਮੰਤਰੀ ਦੇ ਇਸ ਸਟੈਂਡ ਤੋਂ ਇਸ ਗੱਲ ਦੇ ਸਪੱਸ਼ਟ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਦੋਵਾਂ ਆਗੂਆਂ ਵਿਚ ਕੁਝ ਠੀਕ ਨਹੀਂ ਹੈ।


Related News