ਮੰਤਰੀਆਂ ਤੇ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਨ ਲਈ ਕੈਪਟਨ ਨੇ ਖੇਡੀ ''ਲੰਚ ਡਿਪਲੋਮੈਸੀ''
Wednesday, May 20, 2020 - 06:07 PM (IST)
ਚੰਡੀਗੜ੍ਹ : ਪੰਜਾਬ 'ਚ ਪਿਛਲੇ ਦਿਨੀਂ ਮੰਤਰੀ ਮੰਡਲ ਅਤੇ ਅਫਸਰਸ਼ਾਹੀ ਵਿਚਾਲੇ ਪੈਦਾ ਹੋਏ ਟਕਰਾਅ ਤੋਂ ਬਾਅਦ ਨਾਰਾਜ਼ ਹੋਏ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਨਾਉਣ ਲਈ ਅੱਜ ਮੁੱਖ ਮੰਤਰੀ ਨੇ ਨਵਾਂ ਦਾਅ ਖੇਡਿਆ। ਮੁੱਖ ਮੰਤਰੀ ਨੇ ਨਾਰਾਜ਼ ਮੰਤਰੀਆਂ-ਵਿਧਾਇਕਾਂ ਅਤੇ ਹੋਰ ਲੀਡਰਾਂ ਨੂੰ ਅੱਜ ਆਪਣੇ ਫਾਰਮ ਹਾਊਸ 'ਤੇ ਦੁਪਹਿਰ ਦੇ ਖਾਣੇ ਲਈ ਸੱਦਿਆ। ਇਹ ਵੀ ਸੂਚਨਾ ਹੈ ਕਿ ਇਸ ਲੰਚ ਦੇ ਨਾਲ-ਨਾਲ ਮੁੱਖ ਮੰਤਰੀ ਨੇ ਵਿਧਾਇਕਾਂ ਨਾਲ ਅਹਿਮ ਮੀਟਿੰਗ ਵੀ ਕੀਤੀ। ਦੱਸ ਦਈਏ ਕਿ ਕੋਵਿਡ-19 ਕਾਰਨ ਜਾਰੀ ਲਾਕਡਾਊਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵਿਧਾਇਕ ਮੁੱਖ ਮੰਤਰੀ ਨਾਲ ਆਹਮੋ-ਸਾਹਮਣੇ ਹੋਏ। ਪਿਛਲੇ ਦੋ ਮਹੀਨਿਆਂ ਤੋਂ ਵਿਧਾਇਕਾਂ ਵਿਚ ਲਗਾਤਾਰ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਸੀ ਅਤੇ ਉਹ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਜ਼ੋਰ ਪਾ ਰਹੇ ਸਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਆਪਣੇ ਸਿੱਸਵਾਂ ਵਾਲੇ ਫਾਰਮਹਾਊਸ 'ਤੇ ਕਾਂਗਰਸ ਵਿਧਾਇਕ ਦਲ (ਸੀ. ਐੱਲ. ਪੀ) ਨੂੰ ਦੁਪਹਿਰ ਦੇ ਖਾਣੇ 'ਤੇ ਸੱਦਿਆ। ਸੂਤਰਾਂ ਮੁਤਾਬਕ ਇਸ ਲੰਚ ਮੀਟਿੰਗ ਦੌਰਾਨ ਕਾਂਗਰਸੀ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਮੁੱਖ ਮੁੱਦੇ ਚੁੱਕੇ, ਜਿਨ੍ਹਾਂ ਦੀ ਗੱਲ ਉਹ ਅਕਸਰ ਕਰਦੇ ਆ ਰਹੇ ਸਨ।
ਇਹ ਵੀ ਪੜ੍ਹੋ : ਗੈਸਟ ਫੈਕਲਟੀ ਲੈਕਚਰਾਰਾਂ ਲਈ ਚੰਗੀ ਖਬਰ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ
ਕੀ ਹੈ ਵਿਵਾਦ
ਦਰਅਸਲ ਸ਼ਰਾਬ ਦੇ ਸਰਕਾਰੀ ਮਾਲੀਏ 'ਚ ਘਾਟੇ 'ਤੇ ਉੱਠਿਆ ਸਿਆਸੀ ਵਿਵਾਦ ਮੁੱਖ ਸਕੱਤਰ ਨੂੰ ਨਿਸ਼ਾਨੇ 'ਤੇ ਲੈਣ ਤੋਂ ਬਾਅਦ ਕਾਂਗਰਸੀ ਲੀਡਰਾਂ ਦੇ ਆਪਸੀ ਕਲੇਸ਼ ਤੱਕ ਜਾ ਪਹੁੰਚਿਆ। ਇਸ ਵਿਵਾਦ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਧਮਕਾਉਣ ਦੇ ਵੀ ਦੋਸ਼ ਲਗਾ ਦਿੱਤੇ। ਉਨ੍ਹਾਂ ਕਿਹਾ ਕਿ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਦੂਜੇ ਪਾਸੇ, ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਸਾਹਮਣੇ ਚੰਨੀ ਦੇ ਦੋਸ਼ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੈਨੂੰ ਧਮਕਾਇਆ ਅਤੇ ਆਈ ਏ.ਐੱਸ. ਲਾਬੀ ਦੇ ਵਿਰੋਧ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ। ਚੰਨੀ ਅਨੁਸਾਰ ਬਾਜਵਾ ਨੇ ਕਿਹਾ ਕਿ ਚੀਫ਼ ਸੈਕਟਰੀ ਨਾਲ ਵਿਵਾਦ ਕਰਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਪ੍ਰਦੇਸ਼ ਦੀ ਆਈ. ਏ. ਐੱਸ. ਲਾਬੀ ਖਿਲਾਫ ਹੋ ਜਾਵੇਗੀ। ਆਈ. ਏ. ਐੱਸ. ਦੱਬੇ ਹੋਏ ਮਾਮਲਿਆਂ ਦੀ ਫਾਈਲ ਖੋਲ੍ਹ ਕੇ ਤੁਹਾਨੂੰ ਮੁਸੀਬਤ 'ਚ ਪਾ ਸਕਦੇ ਹਨ। ਚੰਨੀ ਨੇ ਕਿਹਾ ਕਿ ਮੈਂ ਵੀ ਕਹਿ ਦਿੱਤਾ ਕਿ ਜੇਕਰ ਕੋਈ ਪਰਚਾ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਦਰਜ ਕਰਵਾ ਦੇਵੇ ਪਰ ਦਬਾਅ ਦੀ ਰਾਜਨੀਤੀ ਨਹੀਂ ਸਹਾਂਗੇ। ਉਧਰ, ਕਿਹਾ ਜਾ ਰਿਹਾ ਹੈ ਕਿ ਬਾਜਵਾ ਨੇ ਦੱਬੇ ਹੋਏ ਮਾਮਲਿਆਂ ਰਾਹੀਂ ਚੰਨੀ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਦੇ ਵਿਵਾਦ ਵੱਲ ਇਸ਼ਾਰਾ ਕੀਤਾ ਹੈ। ਕੁੱਝ ਸਮਾਂ ਪਹਿਲਾਂ ਇਕ ਮਹਿਲਾ ਆਈ. ਏ. ਐੱਸ. ਨੇ ਇਲਜ਼ਾਮ ਲਾਇਆ ਸੀ ਕਿ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਇਕ ਇਤਰਾਜ਼ਯੋਗ ਮੈਸੇਜ ਭੇਜਿਆ ਸੀ। ਇਹ ਮਾਮਲਾ ਕਾਫ਼ੀ ਦਿਨ ਤੱਕ ਸੁਰਖੀਆਂ 'ਚ ਰਿਹਾ ਸੀ ਪਰ ਮੁੱਖ ਮੰਤਰੀ ਨੇ ਦਖਲ ਦੇ ਕੇ ਮਾਮਲੇ ਨੂੰ ਸੁਲਝਾ ਲਿਆ ਸੀ। ਉਧਰ ਬਾਜਵਾ ਨੇ ਕਿਹਾ ਕਿ ਉਨ੍ਹਾਂ ਖਿਲਾਫ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬੇਹੱਦ ਅਫਸੋਸਜਨਕ ਹੈ।
ਇਹ ਵੀ ਪੜ੍ਹੋ : ਦੋ ਮਹੀਨਿਆਂ ਬਾਅਦ ਗੁਰੂ ਨਗਰੀ ''ਚ ਸ਼ੁਰੂ ਹੋਈ ਬੱਸ ਸੇਵਾ