ਵਿਧਾਇਕਾਂ ਨੂੰ ਮੰਤਰੀ ਰੈਂਕ ਦਿੱਤੇ ਜਾਣ ''ਤੇ ਅਕਾਲੀ ਔਖੇ, ਕੈਪਟਨ ''ਤੇ ਕੱਢੀ ਭੜਾਸ
Wednesday, Sep 11, 2019 - 06:47 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਛੇ ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਕਰਕੇ ਤੇ ਕੈਬਨਿਟ ਤੇ ਰਾਜ ਮੰਤਰੀਆਂ ਦਾ ਦਰਜਾ ਦੇ ਕੇ ਸਰਕਾਰੀ ਖ਼ਜ਼ਾਨੇ 'ਤੇ ਵਾਧੂ ਬੋਝ ਪਾਉਣ ਲਈ ਕਾਂਗਰਸ ਸਰਕਾਰ 'ਤੇ ਵੱਡੇ ਹਮਲਾ ਬੋਲਿਆ ਹੈ। ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣੇ ਛੇ ਸਲਾਹਕਾਰਾਂ ਦੀ ਨਿਯੁਕਤੀ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਨਿਯਮਾਂ ਮੁਤਾਬਕ 15 ਫੀਸਦੀ ਵਿਧਾਇਕਾਂ ਨੂੰ ਹੀ ਕੈਬਨਿਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਰੈਂਕ ਦਿੱਤਾ ਜਾ ਸਕਦਾ ਹੈ, ਜਦਕਿ ਮੁੱਖ ਮੰਤਰੀ ਨੇ ਨਿਯਮਾਂ ਦੀ ਉਲੰਘਣਾ ਕਰਕੇ ਇਹ ਨਿਯੁਕਤੀਆਂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਕਾਂਗਰਸ ਸਰਕਾਰ ਵੱਲੋਂ ਸਮਾਜ ਦੇ ਸਾਰੇ ਵਰਗਾਂ ਨੂੰ ਸਹੂਲਤਾਂ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ, ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਦੇ ਖਜ਼ਾਨੇ 'ਤੇ ਵਾਧੂ ਬੋਝ ਪਾ ਰਹੇ ਹਨ। ਕ ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣੀ ਡਿੱਗ ਰਹੀ ਸਰਕਾਰ ਬਚਾਉਣ ਲਈ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਨਿਯੁਕਤੀਆਂ ਨਾਲ ਸਰਕਾਰ ਅੰਦਰ ਸਿਆਸੀ ਨਿਯੁਕਤੀਆਂ ਦੀ ਗਿਣਤੀ 26 ਹੋ ਗਈ ਹੈ, ਜਿਨ੍ਹਾਂ ਵਿਚ 12 ਸਲਾਹਕਾਰ, ਚਾਰ ਸਿਆਸੀ ਸਕੱਤਰ, 9 ਵਿਸ਼ੇਸ਼ ਕਾਰਜ ਵਾਹਕ ਅਧਿਕਾਰੀ ਤੇ ਇਕ ਮੁੱਖ ਸੰਸਦੀ ਸਲਾਹਕਾਰ ਸ਼ਾਮਲ ਹੈ।
ਇਸ ਦੇ ਨਾਲ ਹੀ ਅਕਾਲੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਸਪੀਕਰ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ ਤੋਂ ਟੁੱਟ ਚੁੱਕੇ 8 ਵਿਧਾਇਕਾਂ 'ਤੇ ਵੀ ਜਲਦ ਫੈਸਲਾ ਲੈਣ ਲਈ ਕਿਹਾ ਹੈ। ਦੋ ਵਿਧਾਇਕ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਕੁੱਝ ਵਿਧਾਇਕ ਵੱਖਰਾ ਧੜਾ ਬਣਾ ਚੁੱਕੇ ਹਨ ਤੇ ਚੋਣਾਂ ਵੀ ਲੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਇਨ੍ਹਾਂ ਵਿਧਾਇਕਾਂ 'ਤੇ ਜਲਦ ਤੋਂ ਜਲਦ ਕੋਈ ਫੈਸਲਾ ਲੈਣਾ ਚਾਹੀਦਾ ਹੈ।