ਬਾਦਲਾਂ ਦੀ ਲੁੱਟ ''ਚ ਭਾਈਵਾਲ ਬਣੇ ਕੈਪਟਨ : ਚੀਮਾ

Wednesday, Jul 10, 2019 - 04:34 PM (IST)

ਰੋਪੜ (ਸੱਜਣ ਸੈਣੀ) : ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਅਨੁਸਾਰ ਬਾਦਲਾਂ ਵੱਲੋਂ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਲਈ ਕੀਤੇ ਨਜਾਇਜ਼ ਐਗਰੀਮੈਂਟ ਰੱਦ ਕਰ ਦਿੰਦੇ ਹਨ ਤਾਂ ਪੰਜਾਬ ਵਿਚ ਵੀ ਬਿਜਲੀ ਇਕ ਤੋਂ ਦੋ ਰੁਪਏ ਯੂਨਿਟ ਮਿਲ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਵਿਰੋਧੀ ਧੀਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਰੂਪਨਗਰ ਵਿਚ ਇਕ ਵਰਕਰ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ। ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਵੱਖ-ਵੱਖ ਨਿੱਜੀ ਬਿਜਲੀ ਕੰਪਨੀਆਂ ਨੂੰ ਲਾਭ ਦੇਣ ਲਈ ਗਲਤ ਤਰੀਕੇ ਨਾਲ ਬਿਜਲੀ ਖਰੀਦਣ ਦੇ ਸਮਝੋਤੇ ਕੀਤੇ ਹਨ, ਇਨ੍ਹਾਂ ਸਮਝੌਤਿਆਂ ਅਨੁਸਾਰ ਪੰਜਾਬ ਦੇ ਲੋਕਾਂ ਨੂੰ 25 ਸਾਲਾਂ ਵਿਚ ਨਿੱਜੀ ਕੰਪਨੀਆਂ ਨੂੰ 70 ਹਜ਼ਾਰ ਕਰੋੜ ਵਾਧੂ ਅਦਾ ਕਰਨੇ ਪੈਣਗੇ।  

ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਇਹ ਸਮਝੋਤੇ ਰੱਦ ਕੀਤੇ ਜਾਣਗੇ ਪਰ ਸਰਕਾਰ ਬਣਨ ਦੇ ਬਾਵਜੂ ਵੀ ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਬਾਦਲਾਂ ਦੀ ਇਸ ਲੁੱਟ ਵਿਚ ਭਾਈਵਾਲ ਬਣ ਗਏ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਬਿਜਲੀ ਅੰਦੋਲਨ ਕਰਨਾ ਪੈ ਰਿਹਾ ਹੈ। 

ਪੰਜਾਬ ਵਿਚ ਚੱਲ ਰਹੀ ਗੈਰਕਾਨੂੰਨੀ ਮਾਈਨਿੰਗ 'ਤੇ ਬੋਲਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਇਕ ਤੇ ਮੰਤਰੀ  ਮਾਈਨਿੰਗ ਮਾਫੀਆਂ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਸ਼ਰੇਆਮ ਗੈਰਕਾਨੂੰਨੀ ਮਾਈਨਿੰਗ ਕਰਵਾ ਰਹੇ ਹਨ ਜਦਕਿ ਪੁਲਸ ਪ੍ਰਸ਼ਾਸਨ ਸੁੱਤਾ ਪਿਆ ਹੈ। 'ਆਪ' ਦੇ ਕਈ ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ 'ਤੇ ਸਪੀਕਰ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਪੁੱਛੇ ਸਵਾਲ 'ਤੇ ਚੀਮਾ ਨੇ ਕਿਹਾ ਕਿ ਸਪੀਕਰ ਜਾਣ ਬੁੱਝ ਕੇ ਆਪਣੀਆਂ ਸ਼ਕਤੀਆਂ ਦਾ ਦੁਰਉਪਯੋਗ ਕਰ ਰਹੇ ਹਨ। ਨਸ਼ਿਆ ਦੇ ਮੁੱਦੇ 'ਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਬੰਦ ਨਹੀਂ ਹੋਇਆ ਸਗੋਂ 2017 ਤੋਂ ਪਹਿਲਾਂ ਬਾਦਲਾਂ ਦੇ ਰਾਜ ਵਿਚ ਨਸ਼ਾ ਵਿਕਦਾ ਸੀ ਤੇ ਹੁਣ ਉਹੀ ਕੰਮ ਕਾਂਗਰਸ ਦੇ ਰਾਜ ਵਿਚ ਚੱਲ ਰਿਹਾ ਹੈ।


Gurminder Singh

Content Editor

Related News