ਕਰਜ਼ਾ ਮੁਆਫ ਕਰਕੇ ਕੈਪਟਨ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ : ਅਜਨਾਲਾ
Wednesday, Jan 30, 2019 - 06:59 PM (IST)

ਅਜਨਾਲਾ (ਵਰਿੰਦਰ) : ਸੂਬੇ ਦੀ ਕੈਪਟਨ ਸਰਕਾਰ ਨੇ ਜੋ ਵਾਅਦੇ ਚੋਣਾਂ ਤੋਂ ਪਹਿਲਾਂ ਸੂਬੇ ਦੀ ਜਨਤਾ ਨਾਲ ਕੀਤੇ ਸਨ, ਉਹ ਪੂਰੇ ਕਰ ਵਿਖਾਏ ਹਨ ਅਤੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਦੇ ਕਰਜ਼ੇ ਮੁਆਫ ਕਰਕੇ ਦਿੱਤਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਜਨਾਲਾ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਸਰਕਾਰੀ ਕਾਲਜ ਅਜਨਾਲਾ 'ਚ ਪੰਜਾਬ ਸਰਕਾਰ ਵਲੋਂ ਕਿਸਾਨੀ ਕਰਜ਼ ਮੁਆਫ਼ ਕਰਨ ਲਈ ਰੱਖੇ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਆਪਣੇ ਸੰਬੋਧਨ 'ਚ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਸਰਕਾਰ ਪੰਜਾਬ ਦੇ ਛੋਟੇ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਕਰਜ਼ਾ ਮੁਆਫ ਕਰ ਚੁੱਕੀ ਹੈ ਅਤੇ ਭਵਿੱਖ 'ਚ ਵੀ ਇਹ ਸਕੀਮ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਹੋ ਰਹੇ ਵਿਕਾਸ ਕਾਰਜਾਂ ਅਤੇ ਕਿਸਾਨੀ ਕਰਜ਼ੇ ਮੁਆਫ ਕਰਨਾ ਹੀ ਉਨ੍ਹਾਂ ਦਾ ਮੁੱਖ ਏਜੰਡਾ ਹੋਣਗੇ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਮੁਕਾਬਲੇ ਦੂਜੀਆਂ ਪਾਰਟੀਆਂ ਨਾ ਦੇ ਬਰਾਬਰ ਹਨ ਅਤੇ ਅਕਾਲੀ-ਭਾਜਪਾ ਗੱਠਜੋੜ ਦਾ ਪੰਜਾਬ ਅੰਦਰੋਂ ਬਿਸਤਰਾ ਗੋਲ ਹੋ ਚੁੱਕਾ ਹੈ ਤੇ ਟਕਸਾਲੀ ਅਜੇ ਆਪਣੇ ਲਈ ਪਹਿਚਾਣ ਲੱਭ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੂਸਰੇ ਗੇੜ ਤਹਿਤ ਤਹਿਸੀਲ ਅਜਨਾਲਾ ਦੇ 1980 ਕਿਸਾਨਾਂ ਦੇ 15 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਹਨ ਜਿੰਨਾਂ ਦੇ ਪ੍ਰਮਾਣ ਪੱਤਰ ਕਿਸਾਨਾਂ ਨੂੰ ਦੇ ਦਿੱਤੇ ਗਏ ਹਨ। ਇਸ ਮੌਕੇ ਕੰਵਰਪ੍ਰਤਾਪ ਸਿੰਘ ਅਜਨਾਲਾ, ਐੱਸ.ਡੀ.ਐਮ ਅਜਨਾਲਾ ਡਾ. ਰੱਜਤ ਓਬਰਾਏ, ਸੰਯੁਕਤ ਰਜਿਸਟਰਾਰ ਸਹਿਕਾਰੀ ਸੰਭਾਵਾਂ ਜਲੰਧਰ ਡਵੀਜ਼ਨ ਭੁਪਿੰਦਰ ਸਿੰਘ ਵਾਲੀਆ, ਜ਼ਿਲਾ ਮੈਨੇਜਰ ਹਰਜਿੰਦਰ ਸਿੰਘ, ਏ. ਆਰ ਬਲਵਿੰਦਰ ਸਿੰਘ, ਨੰਬਰਦਾਰ ਯੂਨੀਅਨ ਪ੍ਰਧਾਨ ਸੁਰਜੀਤ ਸਿੰਘ ਗੰ੍ਰਥਗੜ, ਮੈਨੇਜਰ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।