''ਆਪ'' ਦੀਆਂ ਸੱਜ-ਵਿਆਹੀਆਂ ਨੂੰ ਕੈਪਟਨ ਦਾ ਆਸ਼ੀਰਵਾਦ ਮਿਲਣ ''ਤੇ ਖਹਿਰਾ ''ਔਖੇ''
Saturday, Feb 23, 2019 - 06:09 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਲਾਂਭੇ ਹੋ ਕੇ ਵੱਖਰੀ ਪਾਰਟੀ ਬਨਾਉਣ ਵਾਲੇ ਸੁਖਪਾਲ ਖਹਿਰਾ ਨੇ 'ਆਪ' ਦੀਆਂ ਨਵ-ਵਿਆਹੀਆਂ ਜੋੜੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਆਸ਼ੀਰਵਾਦ ਲੈਣ 'ਤੇ ਸਵਾਲ ਖੜ੍ਹੇ ਕੀਤੇ ਹਨ। ਖਹਿਰਾ ਨੇ ਕਿਹਾ ਕਿ ਸ਼ਗਨ ਤਾਂ ਲੋਕ ਘਰ ਜਾ ਕੇ ਦੇ ਕੇ ਆਉਂਦੇ ਹਨ ਪਰ 'ਆਪ' ਵਿਧਾਇਕਾਂ ਬਲਜਿੰਦਰ ਕੌਰ ਅਤੇ ਰੁਪਿੰਦਰ ਰੂਬੀ ਖੁਦ ਮੁੱਖ ਮੰਤਰੀ ਦੇ ਘਰ ਹੀ ਸ਼ਗਨ ਲੈਣ ਪਹੁੰਚ ਗਈਆਂ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰਾਜਨੀਤੀ ਅਤੇ ਵਿਵਸਥਾ ਬਦਲਣ ਦੀ ਗੱਲ ਕਰ ਰਹੀ ਸੀ ਪਰ 'ਆਪ' ਦੀਆਂ ਇਹ ਵਿਧਾਇਕਾਂ ਹੀ ਪੰਜਾਬ ਦੇ ਸਭ ਤੋਂ ਵੱਧ ਕਰੱਪਟ ਲੀਡਰ ਕੋਲੋਂ 51000 ਰੁਪਏ ਦਾ ਸ਼ਗਨ ਲੈ ਕੇ ਆਈਆਂ ਹਨ।
ਖਹਿਰਾ ਨੇ ਕਿਹਾ ਕਿ ਵਿਧਾਇਕਾ ਬਲਜਿੰਦਰ ਕੌਰ ਵਲੋਂ ਆਪਣੇ ਸਾਥੀਆਂ ਵਿਧਾਇਕਾਂ ਨੂੰ ਤਾਂ ਸੱਦਾ ਦਿੱਤਾ ਨਹੀਂ ਗਿਆ ਜਦਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਖਾਸ ਤੌਰ 'ਤੇ ਸੱਦਾ ਪੱਤਰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੇਜਰੀਵਾਲ ਮਜੀਠੀਆ ਤੋਂ ਮੁਆਫੀ ਮੰਗਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੀ ਵਿਧਾਇਕਾ ਮਜੀਠੀਆ ਨੂੰ ਵਿਆਹ ਵਿਚ ਸ਼ਿਰਕਤ ਕਰਨ ਲਈ ਖਾਸ ਸੱਦਾ ਪੱਤਰ ਭੇਜਦੀ ਹੈ। ਇਸ ਤੋਂ ਇਨ੍ਹਾਂ ਲੀਡਰਾਂ ਵਿਚਾਲੇ ਮਿਲੀ ਭੁਗਤ ਦਾ ਪਰਦਾ ਵੀ ਫਾਸ਼ ਹੋ ਗਿਆ ਹੈ। ਇਸ ਦੌਰਾਨ ਖਹਿਰਾ ਨੇ ਸਾਫ ਕੀਤਾ ਕਿ ਬਲਜਿੰਦਰ ਕੌਰ ਵਲੋਂ ਉਨ੍ਹਾਂ ਨੂੰ ਵਿਆਹ ਦਾ ਕੋਈ ਵੀ ਸੱਦਾ ਪੱਤਰ ਨਹੀਂ ਭੇਜਿਆ ਗਿਆ ਸੀ।