ਸੇਵਾ ਮੁਕਤ ਕੈਪਟਨ ਦੇ ਲੜਕੇ ਨੇ ਫਾਹਾ ਲੈ ਕੇ ਕੀਤੀ ਆਤਮ-ਹੱਤਿਆ
Monday, Apr 30, 2018 - 04:24 AM (IST)

ਤਰਨਤਾਰਨ, (ਰਮਨ, ਰਾਜੂ)- ਆਰਮੀ ਦੇ ਸੇਵਾ ਮੁਕਤ ਕੈਪਟਨ ਦੇ ਲੜਕੇ ਨੇ ਆਪਣੀ ਨਵੀਂ ਬਣ ਰਹੀ ਕੋਠੀ 'ਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇਹ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਲੇ ਦੇ ਪਿੰਡ ਸਰਹਾਲੀ ਕਲਾਂ ਦੇ ਨਿਵਾਸੀ ਰਾਣਾ ਸ਼ਿਵ ਰਾਮ ਸਿੰਘ ਫੌਜ 'ਚੋਂ 2016 'ਚ ਬਤੌਰ ਕੈਪਟਨ ਸੇਵਾ ਮੁਕਤ ਹੋਏ। ਉਨ੍ਹਾਂ ਦਾ ਇਕ ਲੜਕਾ ਕੈਨੇਡਾ 'ਚ ਰਹਿੰਦਾ ਹੈ, ਜਦੋਂ ਕਿ ਛੋਟਾ ਲੜਕਾ ਕਮਲਜੀਤ ਸਿੰਘ ਕਮਲ ਗ੍ਰੈਜੂਏਸ਼ਨ ਕਰ ਕੇ ਵਿਦੇਸ਼ ਜਾਣ ਦੀ ਤਿਆਰੀ 'ਚ ਸੀ। ਕਮਲਜੀਤ ਸਿੰਘ ਕਮਲ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਉਸ ਨੇ ਆਪਣੀ ਨਵੀਂ ਬਣ ਰਹੀ ਕੋਠੀ 'ਚ ਜਾ ਕੇ ਫਾਹਾ ਲੈ ਲਿਆ। ਪਿਤਾ ਸਾਬਕਾ ਕੈਪਟਨ ਰਾਣਾ ਸ਼ਿਵ ਰਾਮ ਸਿੰਘ ਨੇ ਘਟਨਾ ਦੇ ਸਬੰਧ 'ਚ ਪੁਲਸ ਨੂੰ ਸੂਚਿਤ ਕੀਤਾ। ਥਾਣਾ ਵੈਰੋਵਾਲ ਮੁਖੀ ਸੋਨਮਦੀਪ ਕੌਰ, ਡਿਊਟੀ ਅਧਿਕਾਰੀ ਏ. ਐੱਸ. ਆਈ. ਬਲਰਾਜ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾਇਆ। ਉਨ੍ਹਾਂ ਦੱਸਿਆ ਕਿ ਆਤਮ-ਹੱਤਿਆ ਦੀ ਵਜ੍ਹਾ ਦਾ ਪਤਾ ਕਰਨ ਲਈ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦਾ ਸੋਮਵਾਰ ਨੂੰ ਪਿੰਡ ਸਰਲੀ ਕਲਾਂ 'ਚ ਅੰਤਿਮ ਸੰਸਕਾਰ ਹੋਵੇਗਾ।
ਸਿਆਸੀ ਸ਼ਖਸੀਅਤਾਂ ਨੇ ਵੀ ਦੁੱਖ ਜਤਾਇਆ : ਮ੍ਰਿਤਕ ਦੇ ਪਰਿਵਾਰ ਦੇ ਨਾਲ ਬਾਬਾ ਬਕਾਲੇ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਕਾਂਗਰਸੀ ਨੇਤਾ ਪਿੰਦਰਜੀਤ ਸਿੰਘ ਸਰਲੀ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ, ਰਵਿੰਦਰ ਸਿੰਘ ਬ੍ਰਹਮਪੁਰਾ, ਮਨਜੀਤ ਸਿੰਘ ਮੰਨਾ ਮੀਆਂਵਿੰਡ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ ਨੇ ਦੁੱਖ ਦਾ ਪ੍ਰਗਟਾਵਾ ਕੀਤਾ।