ਕੈਪਟਨ ਨੇ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਕੇ ਝੂਠ ਨੂੰ ਸੱਚ ਸਾਬਤ ਕਰਨ ਦਾ ਯਤਨ ਕੀਤਾ : ਚੰਦੂਮਾਜਰਾ

03/22/2021 5:21:30 PM

ਦੇਵੀਗੜ੍ਹ (ਨੌਗਾਵਾਂ)- ਪੰਜਾਬ ਦੀ ਕੈਪਟਨ ਸਰਕਾਰ ਜੋ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਬਣੀ ਸੀ, ਨੇ ਆਪਣੇ ਚਾਰ ਸਾਲਾਂ ਵਿੱਚ ਵਾਅਦੇ ਤਾਂ ਪੂਰੇ ਕੀ ਕਰਨੇ ਸਨ ਸਗੋਂ ਉਲਟੇ ਕੰਮ ਵਧੇਰੇ ਹੋਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਤਿਹਾਸਿਕ ਪਿੰਡ ਘੜਾਮ ਵਿਖੇ ਸਮਾਗਮ ਉਪਰੰਤ ਪੱਤਰਾਕਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਚਾਰ ਸਾਲ ਬੀਤ ਜਾਣ ’ਤੇ ਜੋ ਰਿਪੋਰਟ ਕਾਰਡ ਬੀਤੇ ਦਿਨੀਂ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਉਹ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਹੈ। ਉਨ੍ਹਾ ਕਿਹਾ ਕਿ 87 ਫੀਸਦੀ ਵਾਅਦੇ ਪੂਰੇ ਕਰ ਲਏ ਗਏ ਹਨ ਪਰ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਫੀਸਦੀ ਵੀ ਪੂਰੇ ਨਹੀਂ ਕੀਤੇ।

ਕਿਸਾਨਾਂ ਦਾ ਮੁਕੰਮਲ ਕਰਜ਼ਾ ਮੁਆਫ ਤਾ ਕੀ ਕਰਨਾ ਸੀ ਸਗੋਂ ਕਿਸਾਨਾਂ ਸਿਰ 1 ਲੱਖ 26 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਨੌਕਰੀਆਂ ਤਾਂ ਕੀ ਦੇਣੀਆਂ ਸੀ ਸਗੋਂ ਪਹਿਲੀਆਂ ਨੌਕਰੀਆਂ ਵੀ ਖੋਹੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਵਿਚੋਂ ਨਸ਼ਾ ਖਤਮ ਤਾਂ ਕੀ ਕਰਨਾ ਸੀ ਸਗੋਂ ਇਸ ਸਰਕਾਰ ਨੇ ਸਮਗਲਰਾਂ ਦੀ ਖੁੱਲ੍ਹ ਕੇ ਸਰਪ੍ਰਸਤੀ ਕੀਤੀ ਅਤੇ ਸ਼ਰੇਆਮ ਨਜਾਇਜ਼ ਨਸ਼ੇ ਵਿਕਵਾਏ। ਪ੍ਰੋ. ਚੰਦੂਮਾਜਰਾ ਨੇ ਅੱਗੇ ਕਿਹਾ ਕਿ ਕੈਪਟਨ ਨੇ ਨਾਜਾਇਜ਼ ਮਾਈਨਿੰਗ ਨੂੰ ਖਤਮ ਕਰਨ ਦੀ ਗੱਲ ਕਹੀ ਸੀ ਪਰ ਇਹ ਖਤਮ ਤਾਂ ਕੀ ਕਰਨਾ ਸੀ ਸਗੋਂ ਪਹਿਲਾਂ ਨਾਲੋਂ ਵੀ ਇਹ ਧੰਦਾ ਵੱਧ ਫੁੱਲ ਕੇ ਚੱਲਿਆ।

ਇਸ ਤੋਂ ਇਲਾਵਾ ਪੰਜਾਬ ਵਿਚ ਜੰਗਲ ਦੀ ਲੱਕੜ ਦੀ ਚੋਰੀ ਵੀ ਧੜੱਲੇ ਨਾਲ ਚੱਲੀ। ਇਸ ਲਈ ਇਸ ਸਰਕਾਰ ਨੂੰ ਪੰਜਾਬ ਹਿਤੈਸ਼ੀ ਨਹੀਂ ਕਿਹਾ ਜਾ ਸਕਦਾ ਸਗੋਂ ਪੰਜਾਬ ਵਿਰੋਧੀ ਕਿਹਾ ਜਾਵੇ ਤਾਂ ਬਿਹਤਰ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਜਥੇ. ਜਰਨੈਲ ਸਿੰਘ ਕਰਤਾਰਪੁਰ, ਤਰਸੇਮ ਸਿੰਘ ਕੋਟਲਾ, ਡਾ: ਯਸ਼ਪਾਲ ਖੰਨਾ, ਵਰਿੰਦਰ ਡਕਾਲਾ ਪੀ.ਏ., ਗੁਰਦੀਪ ਸਿੰਘ ਦੇਵੀਨਗਰ, ਪ੍ਰਕਾਸ਼ ਸਿੰਘ ਸਰੋਆ, ਅੰਗਰੇਜ ਸਿੰਘ ਘਡ਼ਾਮ, ਅਮਰਜੀਤ ਸਿੰਘ ਤੇ ਭੂਪਿੰਦਰ ਸਿੰਘ ਫਰਾਂਸਵਾਲਾ, ਮਹਿੰਦਰ ਸਿੰਘ ਪੰਜੇਟਾ, ਰਾਜ ਕੁਮਾਰ ਸੈਣੀ, ਕੁਲਵੰਤ ਸਿੰਘ, ਸੋਨੀ ਬਾਵਾ, ਜੋਬਨ ਸੰਧੂ ਆਦਿ ਵੀ ਮੌਜੂਦ ਸਨ।


Gurminder Singh

Content Editor

Related News