ਕੈਪਟਨ ਅਮਰਿੰਦਰ ਸਿੰਘ ਵੱਲੋਂ ''ਮਿਸ਼ਨ ਯੋਧੇ'' ਮੁਹਿੰਮ ਨੂੰ ਹੋਰ 2 ਮਹੀਨੇ ਵਧਾਉਣ ਦਾ ਫੈਸਲਾ

Saturday, Jul 18, 2020 - 08:35 PM (IST)

ਕੈਪਟਨ ਅਮਰਿੰਦਰ ਸਿੰਘ ਵੱਲੋਂ ''ਮਿਸ਼ਨ ਯੋਧੇ'' ਮੁਹਿੰਮ ਨੂੰ ਹੋਰ 2 ਮਹੀਨੇ ਵਧਾਉਣ ਦਾ ਫੈਸਲਾ

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕਤਾ ਲਈ ਚਲਾਈ ਗਈ 'ਮਿਸ਼ਨ ਯੋਧੇ' ਮੁਹਿੰਮ ਨੂੰ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਇਸ ਮੁਹਿੰਮ ਨੂੰ ਹੋਰ 2 ਮਹੀਨੇ ਲਈ ਵਧਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੇ ਪੜਾਅ ਵਜੋਂ ਡਾਇਮੰਡ ਸਰਟੀਫਿਕੇਟ ਦਾ ਐਲਾਨ ਕੀਤਾ।
ਆਪਣੇ ਹਫਤਾਵਾਰੀ 'ਕੈਪਟਨ ਨੂੰ ਸਵਾਲ' ਫੇਸਬੁੱਕ ਲਾਈਵ ਸੈਸ਼ਨ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ 'ਮਿਸ਼ਨ ਫਤਹਿ' ਤਹਿਤ 15 ਜੂਨ ਤੋਂ 15 ਜੁਲਾਈ ਤੱਕ ਮਹੀਨਾ ਭਰ ਚੱਲੇ ਮੁਕਾਬਲੇ ਦੇ 7 ਜੇਤੂਆਂ ਨੂੰ ਵੀ ਵਧਾਈ ਦਿੱਤੀ। ਇਨ੍ਹਾਂ ਜੇਤੂਆਂ ਵਿੱਚ ਨੇਹਾ (ਬਠਿੰਡਾ), ਮੀਨਾ ਦੇਵੀ (ਅੰਮ੍ਰਿਤਸਰ), ਮਨਿੰਦਰ ਸਿੰਘ (ਸ੍ਰੀ ਮੁਕਤਸਰ ਸਾਹਿਬ), ਜਸਬੀਰ ਸਿੰਘ (ਗੁਰਦਾਸਪੁਰ), ਗੁਰਸੇਵਕ ਸਿੰਘ (ਕਪੂਰਥਲਾ), ਮਨਬੀਰ ਸਿੰਘ (ਫਾਜ਼ਿਲਕਾ) ਤੇ ਬਲਵਿੰਦਰ ਕੌਰ (ਲੁਧਿਆਣਾ) ਸ਼ਾਮਲ ਹਨ।
ਕੋਵਿਡ ਬਾਰੇ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਵਾਲੇ ਜੇਤੂਆਂ ਨੂੰ ਵਧਾਈਆਂ ਦਿੰਦਿਆਂ ਮੁੱਖ ਮੰਤਰੀ ਨੇ ਹੋਰਨਾਂ ਲੋਕਾਂ ਨੂੰ ਵੀ ਦੋ ਮਹੀਨਿਆਂ ਲਈ ਵਧਾਏ 'ਮਿਸ਼ਨ ਯੋਧੇ' ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਜਾ ਰਹੇ ਰੋਕਥਾਮ ਉਪਾਵਾਂ ਬਾਰੇ ਸੰਵੇਦਨਸ਼ੀਲ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ 100 ਮਿਸ਼ਨ ਯੋਧਿਆਂ ਨੂੰ 16 ਜੁਲਾਈ ਤੱਕ ਮੁਕਾਬਲਾ ਜਿੱਤਣ ਲਈ ਗੋਲਡ ਸਰਟੀਫਿਕੇਟ ਦਿੱਤਾ ਜਾ ਚੁੱਕਾ ਹੈ। ਇਸ ਮੁਕਾਬਲੇ ਵਿੱਚ 3.2 ਲੱਖ ਲੋਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇਸ ਵਧਾਈ ਹੋਈ ਮੁਹਿੰਮ ਵਿੱਚ ਗੋਲਡ ਸਰਟੀਫਿਕੇਟ ਜੇਤੂ ਹੋਰ ਗੋਲਡ, ਸਿਲਵਰ ਜਾਂ ਬਰੌਂਜ (ਸੋਨੇ, ਚਾਂਦੀ ਤੇ ਕਾਂਸੀ) ਸਰਟੀਫਿਕੇਟ ਜਿੱਤਣ ਲਈ ਯੋਗ ਨਹੀਂ ਹੋਣਗੇ ਪਰ ਉਹ ਡਾਇਮੰਡ ਸਰਟੀਫਿਕੇਟ ਜਿੱਤਣ ਲਈ ਇਸ ਮੁਕਾਬਲੇ ਵਿੱਚ ਅੱਗੇ ਹਿੱਸਾ ਲੈ ਸਕਣਗੇ।
ਸੂਬਾ ਸਰਕਾਰ ਨੇ ਜਾਗਰੂਕਤਾ ਮੁਹਿੰਮ ਤਹਿਤ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਹੜੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ, ਦਾਨੀ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਚਲਾਈਆਂ ਜਾ ਰਹੀਆਂ ਹਨ। ਮੁਹਿੰਮ ਦਾ ਟੀਚਾ ਮਾਸਕ ਪਹਿਨਣ, ਹੱਥ ਧੋਣ, ਸਮਾਜਿਕ ਵਿੱਥ ਦੀ ਪਾਲਣਾ, ਵੱਡਿਆਂ ਦੀ ਸੰਭਾਲ ਕਰਨ, ਆਪਣੇ ਇਲਾਕੇ ਵਿੱਚ ਬਾਹਰੀ ਲੋਕਾਂ ਦੇ ਦਾਖਲੇ 'ਤੇ ਚੌਕਸੀ ਰੱਖਣੀ, ਮਹਾਂਮਾਰੀ ਤੋਂ ਪੀੜਤ ਮਰੀਜਾਂ ਨੂੰ ਲੱਭਣ ਲਈ ਕੋਵਾ ਐਪ ਦੀ ਵਰਤੋਂ ਕਰਨੀ ਅਤੇ ਉਨ੍ਹਾਂ ਕੋਲੋਂ ਸੁਰੱਖਿਅਤ ਵਿੱਥ ਬਣਾਏ ਰੱਖਣ ਲਈ ਜਾਗਰੂਕ ਕਰਨਾ ਹੈ।


author

Bharat Thapa

Content Editor

Related News