ਸੋਸ਼ਲ ਮੀਡੀਆ 'ਤੇ ਨਗਰ ਕੀਰਤਨ ਦੀਆਂ ਤਸਵੀਰਾਂ ਪਾ ਕੇ ਘਿਰੇ ਕੈਪਟਨ

Friday, Aug 02, 2019 - 09:59 AM (IST)

ਸੋਸ਼ਲ ਮੀਡੀਆ 'ਤੇ ਨਗਰ ਕੀਰਤਨ ਦੀਆਂ ਤਸਵੀਰਾਂ ਪਾ ਕੇ ਘਿਰੇ ਕੈਪਟਨ

ਜਲੰਧਰ (ਜ. ਬ.) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਸ੍ਰੀ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਤੋਂ ਬਾਅਦ ਕੈਪਟਨ ਖੁਦ ਇਸ ਮਾਮਲੇ 'ਤੇ ਘਿਰਦੇ ਹੋਏ ਨਜ਼ਰ ਆਏ। ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਨਾਲ ਲਿਖਿਆ ਕਿ ਉਹ ਨਗਰ ਕੀਰਤਨ ਨਾਲ ਪਾਕਿ ਤੋਂ ਆਈ ਸਾਰੀ ਸੰਗਤ ਦਾ ਵਾਹਗਾ ਸਰਹੱਦ 'ਤੇ ਪਹੁੰਚਣ 'ਤੇ ਸਵਾਗਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਸਮਾਰੋਹਾਂ 'ਚ ਸ਼ਾਮਲ ਹੋਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਪਰ ਕੈਪਟਨ ਦੀ ਇਸ ਫੇਸਬੁੱਕ ਪੋਸਟ ਦੇ ਹੇਠਾਂ ਕੈਪਟਨ ਦੀ ਪੋਸਟ ਦਾ ਸਵਾਗਤ ਕਰਨ ਵਾਲਿਆਂ ਦੇ ਨਾਲ-ਨਾਲ ਇਸ ਮਾਮਲੇ 'ਚ ਲੋਕਾਂ ਨੇ ਨਾਰਾਜ਼ਗੀ ਭਰੇ ਕੁਮੈਂਟ ਵੀ ਕੀਤੇ।

ਫੇਸਬੁੱਕ ਯੂਜ਼ਰ ਪ੍ਰਿੰਸ ਬਿੰਦਰਾ ਨੇ ਲਿਖਿਆ ਕਿ ਸੀ. ਐੱਮ. ਸਾਹਿਬ ਤੁਸੀਂ ਜਾ ਕੇ ਵੈਲਕਮ ਕਰਨਾ ਜ਼ਰੂਰੀ ਨਹੀਂ ਸਮਝਿਆ। ਇਕ ਹੋਰ ਯੂਜ਼ਰ ਜਸਵੀਰ ਸਿੰਘ ਜਗਦਿਓ ਨੇ ਵੀ ਕੈਪਟਨ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਖੁਦ ਵੀ ਉਥੇ ਪਹੁੰਚੇ ਸੀ ਜਾਂ ਸਿਰਫ ਫੇਸਬੁੱਕ 'ਤੇ ਹੀ ਸਵਾਗਤ ਕਰ ਦਿੱਤਾ। ਯੂਜ਼ਰ ਇੰਦਰ ਨੇ ਕੈਪਟਨ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਉਹ ਖੁਦ ਕਿਥੇ ਸਨ। ਫੇਸਬੁੱਕ ਯੂਜ਼ਰ ਸਰਬਜੀਤ ਸਿੰਘ ਨੇ ਲਿਖਿਆ, ''ਹੱਦ ਹੋ ਗਈ ਪੰਜਾਬ ਦਾ ਸੀ. ਐੱਮ. ਇਸ ਤਰ੍ਹਾਂ ਦਾ ਹੁੰਦਾ, ਅੱਜ ਇੰਨਾ ਵੱਡਾ ਦਿਨ ਸੀ, ਗੁਰੂ ਸਾਹਿਬ ਦਾ ਸਵਾਗਤ ਕਰਨ ਨਹੀਂ ਜਾ ਸਕਿਆ, ਕੈਪਟਨ ਨੂੰ ਆਪਣੀ ਕੁਰਸੀ ਦੀ ਪਈ ਹੈ, ਹੋਰਨਾਂ ਕੰਮਾਂ ਲਈ ਵਿਹਲ ਨਹੀਂ ਹੈਗੀ।''

ਹਾਲਾਂਕਿ ਕੈਪਟਨ ਦੀ ਇਸ ਪੋਸਟ ਹੇਠਾਂ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਪਰ ਕੁਝ ਲੋਕ ਅਜਿਹੇ ਵੀ ਸਨ, ਜੋ ਇਸ ਨਗਰ ਕੀਰਤਨ ਦੇ ਆਯੋਜਨ ਅਤੇ ਇਸ ਦੇ ਪ੍ਰਬੰਧਾਂ ਲਈ ਕੈਪਟਨ ਦੀ ਤਾਰੀਫ ਕਰ ਰਹੇ ਸਨ। ਸੁਖਦੇਵ ਸਿੰਘ ਨੇ ਲਿਖਿਆ ਕਿ ਲੱਖ-ਲੱਖ ਵਧਾਈਆਂ ਕੈਪਟਨ ਸਰਕਾਰ ਨੂੰ, ਜਿਸ ਕਰ ਕੇ ਇਹ ਮੁਮਕਿਨ ਹੋ ਸਕਿਆ, ਬਹੁਤ-ਬਹੁਤ ਮੁਬਾਰਕਾਂ ਜੀ।


author

rajwinder kaur

Content Editor

Related News