ਕੈਪਟਨ ਅਮਰਿੰਦਰ ਸਿੰਘ ਦੀ ਮਾਨਸਾ ਫੇਰੀ ਦੌਰਾਨ ਟਕਸਾਲੀ ਕਾਂਗਰਸੀਆਂ ਨੂੰ ਨੇੜੇ-ਤੇੜੇ ਨਹੀਂ ਦਿੱਤਾ ਫਟਕਣ
Friday, Aug 11, 2017 - 05:39 PM (IST)

ਮਾਨਸਾ(ਜੱਸਲ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਨਸਾ ਫੇਰੀ ਦੌਰਾਂਨ ਬਠਿੰਡਾ ਅਤੇ ਮਾਨਸਾ ਜ਼ਿਲੇ ਦੇ ਕਈ ਟਕਸਾਲੀ ਕਾਂਗਰਸੀਆਂ ਨੂੰ ਨੇੜੇ-ਤੇੜੇ ਵੀ ਫਟਕਣ ਨਹੀ ਦਿੱਤਾ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੋਲ ਰੋਸ ਦਿਖਾ ਕੇ ਢਿੱਲੇ ਮੂੰਹ ਕਰਕੇ ਘਰਾਂ ਨੂੰ ਵਾਪਸ ਚਲੇ ਗਏ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਸਵਾਸ਼ ਦਿੱਤਾ ਕਿ ਇਸ ਸੰਬੰਧੀ ਜਲਦ ਸੂਚੀ ਤਿਆਰ ਕਰਕੇ ਅਕਾਲੀ ਪੱਖੀਆਂ ਨੂੰ ਚੱਲਦੇ ਕਰ ਦਿੱਤਾ ਜਾਵੇਗਾ।
ਇਸ ਮੌਕੇ ਭਰੇ ਮਨ ਨਾਲ ਇਕ ਟਕਸਾਲੀ ਕਾਂਗਰਸੀ ਆਗੂ ਨੇ ਦੱਸਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦੱਸਣ ਗਏ ਸਨ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਅਕਾਲੀ ਲੀਡਰਾਂ ਅਤੇ ਅਫਸਰ ਹਾਲੇ ਤੱਕ ਬਹੁਤ ਸਾਰੇ ਪ੍ਰਭਾਵਸ਼ਾਲੀ ਅਹੁਦਿਆਂ 'ਤੇ ਅੱਜੇ ਤੱਕ ਕਾਬਜ਼ ਹਨ। ਜਿਸ ਕਰਕੇ ਕੋਈ ਕੰਮਕਾਰ ਨਾ ਹੋਣ ਕਾਂਗਰਸ ਪਾਰਟੀ ਦਾ ਪ੍ਰਭਾਵ ਘੱਟ ਰਿਹਾ ਹੈ। ਉਨ੍ਹਾਂ ਨੂੰ ਚੱਲਦਾ ਕੀਤਾ ਜਾਵੇ ਪਰ ਉਨ੍ਹਾਂ ਦੀ ਪੁੱਛਗਿੱਛ ਨਾ ਹੋਣ ਕਾਰਨ ਉਨ੍ਹਾਂ ਨੂੰ ਮੂੰਹ ਲਮਕਾ ਕੇ ਘਰਾਂ ਨੂੰ ਵਾਪਸ ਹੋਣਾ ਪਿਆ ਹੈ। ਇਸ ਮੌਕੇ ਜ਼ਿਲਾ ਕਾਂਗਰਸ ਪ੍ਰਧਾਨ ਬਿਕਰਮ ਸਿੰਘ ਮੋਫਰ ਅਤੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਨੇ ਵੀ ਟਕਸਾਲੀ ਕਾਂਗਰਸੀ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਸਰਕਾਰੇ ਦਰਬਾਰੇ ਸੁਣਵਾਈ ਲਈ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਹਰ ਸੰਭਵ ਯਤਨ ਕੀਤੇ ਜਾਣਗੇ।