ਅਦਾਲਤ ''ਚ ਪੇਸ਼ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ

07/20/2017 10:59:33 PM

ਲੁਧਿਆਣਾ (ਮਹਿਰਾ)— ਜਾਣਬੁੱਝ ਕੇ ਟੈਕਸ ਵਿਭਾਗ ਤੋਂ ਜਾਣਕਾਰੀ ਛੁਪਾਉਣ ਦੇ ਦੋਸ਼ ਵਿਚ ਟੈਕਸ ਵਿਭਾਗ ਵੱਲੋਂ ਦਾਇਰ ਇਕ ਫੌਜਦਾਰੀ ਸ਼ਿਕਾਇਤ ਕਾਰਨ ਸਥਾਨਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਪਿੰਦਰ ਸਿੰਘ ਦੀ ਅਦਾਲਤ ਵੱਲੋਂ ਤਲਬ ਕੀਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਦਾਲਤ 'ਚ ਪੇਸ਼ ਨਹੀਂ ਹੋਏ। 
ਅਦਾਲਤ ਵੱਲੋਂ ਕੈਪਟਨ ਸਿੰਘ ਦੇ ਸੰਮਨ 18 ਸਤੰਬਰ ਲਈ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ। ਉਥੇ ਟੈਕਸ ਵਿਭਾਗ ਦੇ ਵਕੀਲ ਰਾਕੇਸ਼ ਕੁਮਾਰ ਗੁਪਤਾ ਨੇ ਅੱਜ ਅਦਾਲਤ 'ਚ ਇਕ ਅਰਜ਼ੀ ਦੇ ਕੇ ਕੈਪਟਨ ਸਿੰਘ ਦੇ ਸੰਮਨ ਹੁਣ ਪਟਿਆਲਾ ਭੇਜਣ ਦੀ ਬਜਾਏ ਚੰਡੀਗੜ੍ਹ 'ਚ ਉਨ੍ਹਾਂ ਦੇ ਦਫਤਰ ਜਾਂ ਨਿਵਾਸ 'ਚ ਭੇਜਣ ਦਾ ਫੈਸਲਾ ਕੀਤਾ। ਉਨ੍ਹਾਂ ਅਨੁਸਾਰ ਹੁਣ ਕੈਪਟਨ ਸਿੰਘ ਮੁੱਖ ਮੰਤਰੀ ਬਣ ਚੁੱਕੇ ਹਨ ਅਤੇ ਉਹ ਪਟਿਆਲਾ ਦੀ ਬਜਾਏ ਚੰਡੀਗੜ੍ਹ 'ਚ ਰਹਿੰਦੇ ਹਨ।
ਟੈਕਸ ਵਿਭਾਗ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਥਾਨਕ ਅਦਾਲਤ 'ਚ ਬੀਤੇ ਸਾਲ ਟੈਕਸ ਵਿਭਾਗ ਦੀ ਧਾਰਾ 277 ਅਤੇ ਫੌਜਦਾਰੀ ਦੀ ਧਾਰਾ 176, 177, 181, 186, 187, 193 ਅਤੇ 199 ਦੇ ਤਹਿਤ ਸ਼ਿਕਾਇਤ ਦਾਇਰ ਕੀਤੀ ਸੀ। ਸ਼ਿਕਾਇਤ ਵਿਭਾਗ ਨੇ ਕੈਪਟਨ ਸਿੰਘ 'ਤੇ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਵਿਦੇਸ਼ਾਂ 'ਚ ਕਈ ਚੱਲ, ਅਚੱਲ ਜਾਇਦਾਦਾਂ ਹਨ ਅਤੇ ਉਸ ਨੇ ਵਿਭਾਗ ਨੂੰ ਹਨੇਰੇ 'ਚ ਰੱਖਦੇ ਹੋਏ ਜਰਕੰਧਾ ਟਰੱਸਟ ਦੇ ਜ਼ਰੀਏ ਕਈ ਲਾਭ ਹਾਸਲ ਕੀਤੇ। ਟੈਕਸ ਵਿਭਾਗ ਦੇ ਅਨੁਸਾਰ ਕੈਪਟਨ ਸਿੰਘ ਨੇ ਜਾਣ-ਬੁੱਝ ਕੇ ਇਸ ਸਬੰਧੀ ਆਪਣੇ ਦਸਤਾਵੇਜ਼ ਵੀ ਵਿਭਾਗ ਤੋਂ ਛੁਪਾਏ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕੈਪਟਨ ਸਿੰਘ ਨੇ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਡਿਊਟੀ ਤੋਂ ਰੋਕਣ ਅਤੇ ਅੜਚਨਾਂ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਟੈਕਸ ਵਿਭਾਗ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਬਕਾਇਦਾ ਕੈਪ. ਅਮਰਿੰਦਰ ਸਿੰਘ ਨੂੰ ਇਕ ਨੋਟਿਸ ਵੀ ਭੇਜਿਆ ਸੀ ਅਤੇ ਜਵਾਬ ਦੇਣ ਲਈ ਕਿਹਾ ਸੀ ਪਰ ਕੈਪਟਨ ਸਿੰਘ ਨੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਟੈਕਸ ਵਿਭਾਗ ਵਲੋਂ ਉਪਰੋਕਤ ਸ਼ਿਕਾਇਤ ਵਿਭਾਗ ਦੀ ਅਮਨਪ੍ਰੀਤ ਕੌਰ ਵੱਲੋਂ ਦਾਇਰ ਕੀਤੀ ਗਈ ਹੈ। ਅਦਾਲਤ ਨੇ ਬੀਤੀ ਸੁਣਵਾਈ ਦੇ ਦੌਰਾਨ ਹੀ ਆਪਣਾ ਫੈਸਲਾ ਦਿੰਦੇ ਹੋਏ ਕੈਪਟਨ ਸਿੰਘ ਨੂੰ ਅੱਜ ਲਈ ਅਦਾਲਤ 'ਚ ਤਲਬ ਕਰ ਲਿਆ ਸੀ। ਇਥੇ ਇਹ ਵੀ ਵਰਨਣਯੋਗ ਹੈ ਕਿ ਵਿਭਾਗ ਵੱਲੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਖਿਲਾਫ ਦੋ ਵੱਖ-ਵੱਖ ਸ਼ਿਕਾਇਤਾਂ ਉਪਰੋਕਤ ਅਦਾਲਤ 'ਚ ਦਾਇਰ ਕੀਤੀਆਂ ਹੋਈਆਂ ਹਨ, ਜਿਸ ਵਿਚ ਇਕ ਸ਼ਿਕਾਇਤ 'ਚ ਬਕਾਇਦਾ ਰਣਇੰਦਰ ਸਿੰਘ ਅਦਾਲਤ 'ਚ ਪੇਸ਼ ਵੀ ਹੋ ਚੁੱਕੇ ਹਨ।


Related News