ਪੰਜਾਬ ਦੇ ਭੱਖ਼ਦੇ ਮੁੱਦੇ ਵਿਸਰੇ, ਕੈਪਟਨ ਅਤੇ ਸਿੱਧੂ ਦੀ ਲੜਾਈ ਦੇ ਹਰ ਪਾਸੇ ਚਰਚੇ

Sunday, Jul 18, 2021 - 10:43 AM (IST)

ਬਾਘਾ ਪੁਰਾਣਾ (ਚਟਾਨੀ): ਕੁਰਸੀਆਂ ਅਤੇ ਅਹੁਦੇ ਬਚਾਉਣ ਅਤੇ ਬਹਾਲ ਰੱਖਣ ’ਚ ਮਸ਼ਰੂਫ਼ ਹੋਏ ਪੰਜਾਬ ਦੇ ਮੁੱਖ ਮੰਤਰੀ, ਮੰਤਰੀ ਅਤੇ ਹੋਰ ਆਗੂਆਂ ਨੂੰ ਹੁਣ ਪੰਜਾਬ ਦੇ ਭਖਦੇ ਅਤੇ ਅਹਿਮ ਮੁੱਦਿਆਂ ਦਾ ਚੇਤਾ ਅਸਲੋਂ ਵਿੱਸਰ ਚੁੱਕਾ ਹੈ। ਬੇਅਦਬੀ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਬੇਰੋਜ਼ਗਾਰੀ, ਮਹਿੰਗਾਈ ਆਦਿ ਨੂੰ ਸੂਬੇ ਦੇ ਅਹਿਮ ਮੁੱਦੇ ਗਰਦਾਨਣ ਅਤੇ ਇਨ੍ਹਾਂ ਨੂੰ ਹੱਲ ਕਰਨ ’ਚ ਮੁੱਖ ਮੰਤਰੀ ਦੀ ਨਾ ਅਹਿਲੀਅਤ ਦਰਸਾਉਣ ਵਾਲੇ ਨਵਜੋਤ ਸਿੰਘ ਸਿੱਧੂ ਵੀ ਕੁਰਸੀ ਦੇ ਲਾਲਚ ਵਿਚ ਉਲਝੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਸਿੱਖ ਜਥੇਬੰਦੀਆਂ ਦੀ ਸਿਆਸੀ ਪਾਰਟੀਆਂ ਨੂੰ ਚਿਤਾਵਨੀ- ਬੇਅਦਬੀ ਦੀਆਂ ਘਟਨਾਵਾਂ ’ਤੇ ਨਾ ਕਰਨ ਰਾਜਨੀਤੀ

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖੇਮੇ ਦੇ ਮੰਤਰੀ, ਵਿਧਾਇਕ ਅਤੇ ਓਧਰ ਨਵਜੋਤ ਸਿੰਘ ਸਿੱਧੂ ਦੀ ਲਾਬੀ ਦੀ ਇਕ ਲੱਤ ਦਿੱਲੀ ਅਤੇ ਇਕ ਪੰਜਾਬ ਵਿਚ ਹੋਣ ਕਰਕੇ ਲੋਕਾਂ ਨੂੰ ਹੁਣ ਮਸਲਿਆਂ ਦੇ ਹੱਲ ਦੀ ਉਮੀਦ ਮੱਧਮ ਹੋਈ ਜਾਪ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਦਿੱਲੀਵਾਲੀ ਹਾਈਕਮਾਨ ਨੇ ਕੈਪਟਨ ਨੂੰ 18 ਨੁਕਾਤੀ ਪ੍ਰੋਗਰਾਮ ਦੇ ਕੇ ਪੰਜਾਬ ਦੇ ਇਹ ਸਾਰੇ ਮਸਲੇ ਚੋਣਾਂ ਤੋਂ ਪਹਿਲਾਂ-ਪਹਿਲਾਂ ਹੱਲ ਕਰ ਦੇਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ, ਜਦਕਿ ਦੂਜੇ ਪਾਸੇ ਪੰਜਾਬ ਦੇ ਆਗੂਆਂ ਦੇ ਕਾਟੋ-ਕਲੇਸ਼ ਨੂੰ ਲਟਕਾਇਆ ਜਾ ਰਿਹਾ ਹੈ। ਸੂਝਵਾਨ ਲੋਕਾਂ ਅਤੇ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਕ ਸੱਤਾਧਾਰੀ ਪਾਰਟੀ ਦੇ ਅਜਿਹੇ ਸਿਆਸੀ ਕਲੇਸ਼ ’ਚੋਂ ਕੁਰਸੀ ਦੇ ਭੁੱਖੇ ਆਗੂ ਤਾਂ ਭਾਵੇਂ ਕਿਤੇ ਨਾ ਕਿਤੇ ਕੁਝ ਲੱਭ ਲੈਣ, ਪਰ ਇਸ ਘਮਾਸਾਨ ’ਚੋਂ ਜੋ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਹੈ ਉਸ ਦੀ ਪੂਰਤੀ ਇਸੇ ਲਈ ਅਸੰਭਵ ਕਹੀ ਜਾ ਸਕਦੀ ਹੈ ਕਿਉਂਕਿ ਸਰਕਾਰ ਦੀ ਮਿਆਦ ਦੇ ਆਖ਼ਰੀ ਪੜਾਅ ਵਿਚ ਹੱਲ ਹੋਣ ਵਾਲੀਆਂ ਮੁਸ਼ਕਲਾਂ ਅਤੇ ਲਟਕੇ ਵਿਕਾਸ ਕੰਮ ਜਿਵੇਂ ਦੇ ਤਿਵੇਂ ਲਟਕੇ ਰਹਿ ਸਕਦੇ ਹਨ।

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦੇ ਦੋ ਉੱਪ ਮੰਤਰੀ ਬਣਾਉਣ ਦੇ ਬਿਆਨ 'ਤੇ ਜਥੇਦਾਰ ਦਾਦੂਵਾਲ ਨੇ ਚੁੱਕੇ ਸਵਾਲ

ਨਵਜੋਤ ਸਿੰਘ ਸਿੱਧੂ ਉਪਰ ਵੀ ਲੋਕ ਹੁਣ ਇਹ ਕਹਿ ਕੇ ਉਂਗਲਾਂ ਧਰਨ ਲੱਗੇ ਹਨ ਕਿ ਉਨ੍ਹਾਂ ਦੀ ਲੜਾਈ ਅਸਲ ਮੁੱਦਿਆਂ ਦੀ ਬਜਾਏ ਵੱਡੀ ਕੁਰਸੀ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਲੋਕਾਂ ਦਾ ਤਾਂ ਇਹ ਵੀ ਸਵਾਲ ਹੈ ਕਿ ਜੇਕਰ ਉਨ੍ਹਾਂ ਨੂੰ ਉਨ੍ਹਾਂ (ਸਿੱਧੂ) ਦੀ ਇੱਛਾ ਮੁਤਾਬਕ ਅਹੁਦਾ ਮਿਲ ਵੀ ਜਾਵੇ ਤਾਂ ਉਨ੍ਹਾਂ ਕੋਲ ਅਜਿਹੀ ਕਿਹੜੀ ਤਾਕਤ ਆ ਜਾਵੇਗੀ, ਜਿਸ ਨਾਲ ਉਹ ਸੱਭੇ ਲਟਕਦੇ ਹੋਏ ਮਸਲੇ ਹੱਲ ਕਰਵਾਉਣ ਜਾਂ ਕਰਵਾ ਸਕਣ ਦੇ ਸਮਰੱਥ ਹੋ ਜਾਣਗੇ। ਪੰਜਾਬ ਦੇ ਲੋਕ ਦੀ ਭਲਾਈ ਦੀ ਭਲਾਈ ਤਾਂ ਇਸੇ ਗੱਲ ਵਿਚ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਆਪਣੀ ਜਿੱਤ ਨੂੰ ਛੱਡ ਕੇ ਮਸਲੇ ਉਲਝਾਉਣ ਦੀ ਬਜਾਏ ਨਿਪਟਾਉਣ ਵੱਲ ਆਪਣਾ ਧਿਆਨ ਕੇਂਦਰਿਤ ਕਰਨ ਅਤੇ ਦਿੱਲੀ ਵਾਲੀ ਹਾਈਕਮਾਨ ਵੀ ਆਪਣੀ ਤਾਕਤ ਦਾ ਇਸਤੇਮਾਲ ਕਰ ਕੇ ਅਜਿਹੀ ਘੁਰਕੀ ਮਾਰੇ ਕੇ ਦੋਨੋਂ ਧਿਰਾਂ ਇਸ ਮੁੱਦੇ ’ਤੇ ਚੂੰ ਤੱਕ ਨਾ ਕਰਨ। ਵਿਸ਼ਲੇਸ਼ਕ ਕਹਿੰਦੇ ਨੇ ਕਿ ਜੇਕਰ ਹਾਈਕਮਾਨ ਨੇ ਇਸ ਮਾਮਲੇ ਵਿਚ ਸਖਤ ਰੁਖ਼ ਨਾ ਅਪਣਾਇਆ ਤਾਂ ਕਾਂਗਰਸ ਨੂੰ ਪੰਜਾਬੀਆਂ ਅੰਦਰ ਨਾ ਪੂਰਾ ਹੋਣ ਵਾਲੇ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਬੇਅੰਤ ਕੌਰ ਦੇ ਘਰ ਪੁੱਜੇ ਨਕਲੀ ਇਮੀਗ੍ਰੇਸ਼ਨ ਅਫ਼ਸਰ, ਕਿਹਾ ਦਿਓ ਪੈਸੇ ਨਹੀਂ ਤਾਂ ਕਰ ਦਿਆਂਗੇ ਡਿਪੋਰਟ (ਵੀਡੀਓ)

ਕਾਂਗਰਸ ਦੇ ਕਾਟੋ-ਕਲੇਸ਼ ’ਤੇ ਵਿਰੋਧੀ ਵਜਾ ਰਹੇ ਹਨ ਕੱਛਾਂ
ਕਾਂਗਰਸ ’ਚ ਪਿਛਲੇ ਕਈ ਮਹੀਨਿਆਂ ਤੋਂ ਛਿੜੇ ਘਮਾਸਾਨ ਨੂੰ ਭਾਵੇਂ ਅਕਾਲੀ ਦਲ, ਆਪ ਅਤੇ ਸੰਯੁਕਤ ਅਕਾਲੀ ਦੇ ਆਗੂ ਇਸ ਨੂੰ ਪੰਜਾਬ ਦੇ ਲੋਕਾਂ ਲਈ ਬੇਹੱਦ ਘਾਤਕ ਦੱਸ ਰਹੇ ਹਨ, ਪਰੰਤੂ ਅਸਲ ਵਿਚ ਉਹ ਅੰਦਰੋਂ ਅੰਦਰੀਂ ਡਾਹਢੇ ਖੁਸ਼ ਹਨ। ਅਜਿਹੇ ਆਗੂਆਂ ਦਾ ਖੁਸ਼ੀ ’ਚ ਖੀਵੇ ਹੋਣ ਦਾ ਵੱਡਾ ਕਾਰਣ ਹੈ ਕਿ ਜੇਕਰ ਸੱਤਾਧਾਰੀ ਪਾਰਟੀ ਅੰਦਰੋਂ ਅੰਦਰੀਂ ਖੱਖੜੀਆਂ ਕਰੇਲੇ ਹੋਵੇਗੀ ਤਾਂ ਹੀ ਇਨ੍ਹਾਂ ਵਿਰੋਧੀਆਂ ਨੂੰ ਸਿਆਸੀ ਤੌਰ ’ਤੇ ਫਾਇਦਾ ਹੋਵੇਗਾ। ਵੈਸੇ ਉਕਤ ਪਾਰਟੀਆਂ ਨੂੰ ਲੋਕਾਂ ਦੇ ਮਸਲਿਆਂ ਦੇ ਲਟਕਣ ਉਲਝਣ ਜਾਂ ਹੱਲ ਨਾ ਹੋਣ ਪ੍ਰਤੀ ਕੋਈ ਲੈਣਾ ਦੇਣਾ ਨਹੀਂ। ਵਿਰੋਧੀ ਤਾਂ ਇਹੀ ਚਾਹੁੰਦੇ ਹਨ ਕਿ ਕਾਂਗਰਸ ਦਾ ਇਹ ਕਾਟੋ-ਕਲੇਸ਼ ਹੱਲ ਹੀ ਨਾ ਹੋਵੇ ਅਤੇ ਉਨ੍ਹਾਂ (ਵਿਰੋਧੀਆਂ) ਨੂੰ ਚੁਣਾਵੀ ਮੁੱਦਾ ਮਿਲਿਆ ਰਹੇ।

ਇਹ ਵੀ ਪੜ੍ਹੋ: ਸਿੱਧੂ ਦੇ ਅਹੁਦੇ ਨੂੰ ਲੈ ਕੇ ਕਾਂਗਰਸ ’ਚ ਚੱਲ ਰਹੀ ਖਿੱਚੋਤਾਣ ’ਤੇ ਹਰਸਿਮਰਤ ਬਾਦਲ ਦਾ ਤੰਜ

ਸਿੱਧੂ ਤਲਾਸ਼ ਸਕਦੇ ਨੇ ਨਵਾਂ ਰਾਹ
ਭਾਵੇਂ ਦਿੱਲੀ ਦਰਬਾਰ ’ਚੋਂ ਪ੍ਰਿਯੰਕਾ ਅਤੇ ਰਾਹੁਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਥਾਪੜਾ ਮਿਲਿਆ ਸੁਣਿਆ ਜਾ ਰਿਹਾ ਹੈ, ਪਰ ਸੂਤਰਾਂ ਦੀ ਮੰਨੀਏ ਤਾਂ ਆਖਰੀ ਫੈਸਲਾ ਸੋਨੀਆ ਗਾਂਧੀ ਦੀ ਮੋਹਰ ਨਾਲ ਹੀ ਹੁੰਦਾ ਹੈ। ਦਿੱਲੀ ਤੋਂ ਜਾਣਕਾਰੀ ਅਨੁਸਾਰ ਅਤੇ ਸੋਸ਼ਲ ਮੀਡੀਏ ’ਤੇ ਵਾਇਰਲ ਹੋ ਰਿਹਾ ਪ੍ਰਚਾਰ ਤਾਂ ਇਹੀ ਕਹਿੰਦਾ ਹੈ। ਇਸ ਲਈ ਮਸਲੇ ਉਪਰ ਹੁਣ ਸੋਨੀਆ ਗਾਂਧੀ ਵੀ ਸਖ਼ਤ ਸਟੈਂਡ ਲੈਣ ਦੇ ਮੂਡ ਵਿਚ ਹੈ, ਪਰ ਸੋਨੀਆ ਦੀ ਸਖਤੀ ਸਿੱਧੂ ਖਿਲਾਫ਼ ਜਾ ਸਕਦੀ ਹੈ। ਹੁਣ ਤੱਕ ਤਾਂ ਇਹੀ ਵੇਖਿਆ ਸੁਣਿਆ ਗਿਆ ਹੈ ਕਿ ਕੈਪਟਨ ਨਾਲੋਂ ਨਵਜੋਤ ਸਿੱਧੂ ਦਾ ਰਵੱਈਆ ਅੜੀਅਲ ਅਤੇ ਸਖ਼ਤ ਹੈ, ਜੋ ਹੁਣ ਦੋ ਟੁੱਕ ਫੈਸਲਾ ਲੈਣ ਉਪਰ ਉਤਾਰੂ ਹੋਣ ਦੇ ਕਿਨਾਰੇ ਉਪਰ ਹੈ, ਪਰੰਤੂ ਜਿਵੇਂ ਕੈਪਟਨ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਵਿਚ ਦੁਫੇੜ ਪੈਣ ਦੀ ਚੇਤਾਵਨੀ ਦਿੱਤੀ ਹੈ ਉਸੇ ਤਰ੍ਹਾਂ ਸਿੱਧੂ ਵੀ ਕੈਪਟਨ ਚੱਲਿਆ ਕਾਰਤੂਸ ਦਰਸਾ ਕੇ 2022 ਲਈ ਪ੍ਰਭਾਵਸ਼ਾਲੀ ਚਿਹਰਾ ਹੋਣ ਦੀ ਬਜਾਏ ਨੁਕਸਾਨ ਦੇਹ ਚਿਹਰਾ ਆਖ਼ ਰਿਹਾ ਹੈ। ਕਾਂਗਰਸ ਨੇ ਜੇਕਰ ਸਿੱਧੂ ਨੂੰ ਨਜ਼ਰ ਅੰਦਾਜ਼ ਕੀਤਾ ਤਾਂ ਨਵਜੋਤ ਵੱਲੋਂ ਕਿਸੇ ਨਵੇਂ ਸਿਆਸੀ ਰਾਹ ਉਪਰ ਤੁਰਨਾ ਸਪੱਸ਼ਟ ਹੈ, ਜੋ ਕਾਂਗਰਸ ਲਈ ਘਾਟੇਵੰਦ ਸਾਬਤ ਹੋਵੇਗਾ ਅਤੇ ਆਪ ਜਾਂ ਸੰਯੁਕਤ ਅਕਾਲੀ ਦਲ ਲਈ ਨਵਜੋਤ ਸਿੰਧੂ ਸੋਨੇ ਉਪਰ ਸੁਹਾਗਾ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ: ਤਪਾ ਮੰਡੀ ਦਾ ਫ਼ੌਜੀ ਨੌਜਵਾਨ ਅਰੁਣਾਚਲ ਪ੍ਰਦੇਸ਼ ’ਚ ਸੜਕ ਹਾਦਸੇ ’ਚ ਹੋਇਆ ਸ਼ਹੀਦ

ਸਿੱਧੂ ਲਈ ਘਾਟੇਵੰਦ ਹੋ ਸਕਦੀ ਹੈ ਫੈਸਲਾ ਲੈਣ ’ਚ ਦੇਰੀ
ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਜੇਕਰ ਸਿੱਧੂ ਹੁਣ ਜਲਦ ਕੋਈ ਫੈਸਲਾ ਨਹੀਂ ਲੈਂਦੇ ਤਾਂ ਇਹ ਉਨ੍ਹਾਂ ਲਈ ਘਾਟੇਵੰਦ ਹੋਵੇਗਾ। ਜੇਕਰ ਕਾਂਗਰਸ ਵੱਲੋਂ ਸਿੱਧੂ ਦੀ ਮਰਜ਼ੀ ਅਨੁਸਾਰ ਅਹੁਦਾ ਨਹੀਂ ਦਿੱਤਾ ਜਾਂਦਾ ਤਾਂ ਨਿਰਾਸ਼ ਹੋ ਕੇ ਸਿੱਧੂ ਪਾਰਟੀ ਨੂੰ ਬਾਏ-ਬਾਏ ਕਹਿ ਜਾਂਦੇ ਹਨ ਤਾਂ ਸਪੱਸ਼ਟ ਤੌਰ ’ਤੇ ਸਿੱਧੂ ਦਾ ਸਿਆਸੀ ਵਜਨ ਅਤੇ ਲੋਕਾਂ ਵਿਚ ਬਣੀ ਭੁੱਲ ਨੂੰ ਅਰਸ਼ ਤੋਂ ਫਰਸ਼ ਤੱਕ ਸੁੱਟੇਗੀ। ਅਜਿਹੀ ਸਥਿਤੀ ਵਿਚ ਉਨ੍ਹਾਂ ਉਪਰ ਅਹੁਦੇ ਦੇ ਲਾਲਚੀ ਹੋਣ ਦਾ ਧੱਬਾ ਵੀ ਲੱਗ ਜਾਵੇਗਾ। ਸਿੱਧੂ ਨੂੰ ਸਿਆਸੀ ਪੰਡਿਤਾਂ ਦੀ ਸਲਾਹ ਹੈ ਕਿ ਉਹ ਫੌਰੀ ਤੌਰ ’ਤੇ ਫੈਸਲਾ ਲੈਕੇ ਆਪਣੇ ਵੱਕਾਰ ਨੂੰ ਬਹਾਲ ਕਰਨ।

ਇਹ ਵੀ ਪੜ੍ਹੋ: ਬਦਕਿਸਮਤ ਮਾਂ! ਜੰਜ਼ੀਰਾਂ ਨਾਲ ਬੰਨ੍ਹਣਾ ਪਿਆ ਪੁੱਤਰ, ਬੱਚੇ ਨੂੰ ਨਾਲ ਲੈ ਕੇ ਨੂੰਹ ਵੀ ਤੁਰ ਗਈ ਪੇਕੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Shyna

Content Editor

Related News