ਹਾਲ-ਏ-ਰਾਜਿੰਦਰਾ ਹਸਪਤਾਲ  : 1 ਦਿਨ ’ਚ ਹੱਡੀਆਂ ਦੇ 2 ਮਰੀਜ਼ਾਂ ਦੇ ਅਾਪ੍ਰੇਸ਼ਨ ਕੀਤੇ ਖਰਾਬ

Tuesday, Aug 07, 2018 - 02:00 AM (IST)

ਹਾਲ-ਏ-ਰਾਜਿੰਦਰਾ ਹਸਪਤਾਲ  : 1 ਦਿਨ ’ਚ ਹੱਡੀਆਂ ਦੇ 2 ਮਰੀਜ਼ਾਂ ਦੇ ਅਾਪ੍ਰੇਸ਼ਨ ਕੀਤੇ ਖਰਾਬ

ਪਟਿਆਲਾ(ਜੋਸਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਸ਼ਹਿਰ ਦਾ ਰਾਜਿੰਦਰਾ ਹਸਪਤਾਲ ਦਾ ਆਏ ਦਿਨ  ਕਿਸੇ  ਨਾ ਕਿਸੇ  ਗੱਲ  ਨੂੰ   ਲੈ   ਕੇ  ਸੁਰਖੀਅਾਂ  ਬਟੋਰਦਾ  ਜਾ ਰਿਹਾ ਹੈ। ਹਸਪਤਾਲ ਦੇ ਕੁੱਝ ਡਾਕਟਰ ਮਰੀਜ਼ਾਂ ਦੀ ਜਾਨ  ਨਾਲ ਖੇਡ ਰਹੇ ਹਨ। ਉਨ੍ਹਾਂ  ਵਿਚ ਦਹਿਸ਼ਤ ਵਾਲਾ ਮਾਹੌਲ  ਪਾਇਆ  ਜਾ  ਰਿਹਾ  ਹੈ। ਮਿਲੀ  ਜਾਣਕਾਰੀ  ਅਨੁਸਾਰ  ਸ਼ਨੀਵਾਰ ਨੂੰ ਸਰਜਰੀ ਯੂਨਿਟ ਦੇ 2 ਮਰੀਜ਼ਾਂ ਦੇ ਅਾਪ੍ਰੇਸ਼ਨ ਗਲਤ ਕਰ ਦਿੱਤੇ ਗਏ। ਇਹ ਖੁਲਾਸਾ ਉਸ ਸਮੇਂ ਹੋਇਆ ਜਦੋਂ ਮਰੀਜ਼ਾਂ ਦੀਆਂ ਲੱਤਾਂ ਦੇ ਐਕਸ-ਰੇ ਕਰਵਾਏ ਗਏ ਤਾਂ ਸਬੰਧਤ ਡਾਕਟਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਨ੍ਹਾਂ ਵਿਚੋਂ 1 ਮਰੀਜ਼ ਦਾ ਮੁਡ਼ ਅਾਪ੍ਰੇਸ਼ਨ ਬੀਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਹੀ ਦੁਬਾਰਾ ਕਰ ਕੇ ਠੀਕ ਕਰ ਦਿੱਤਾ। ਦੂਜੇ ਮਰੀਜ਼ ਦਾ ਅਾਪ੍ਰੇਸ਼ਨ ਅੱਜ  ਕੀਤਾ ਗਿਆ। ਹੈਰਾਨੀ ਉਸ ਸਮੇਂ ਹੋਈ ਜਦੋਂ ਲੋੜੀਂਦੇ ਮਰੀਜ਼ ਦੀ ਥਾਂ ’ਤੇ ਕਿਸੇ ਹੋਰ ਮਰੀਜ਼ ਨੂੰ ਅਾਪ੍ਰੇਸ਼ਨ ਥੀਏਟਰ ਵਿਚ ਬੁਲਾ ਲਿਆ ਗਿਆ ਅਤੇ ਉਸ ਦੇ ਵਾਰਸਾਂ ਤੋਂ ਸਰਜਰੀ ਦਾ ਸਾਮਾਨ ਵੀ ਮੰਗਵਾ ਲਿਆ। ਕੁੱਝ ਦੇਰ ਬਾਅਦ ਪਤਾ ਲੱਗਾ ਕਿ ਅਾਪ੍ਰੇਸ਼ਨ ਕਰਨ ਵਾਲੇ ਸਟਰੈਚਰ ’ਤੇ ਪਿਆ ਮਰੀਜ਼ ਤਾਂ ਹੋਰ ਹੈ। ਤੁਰੰਤ ਡਾਕਟਰਾਂ ਨੇ ਉਸ ਨੂੰ ਬਾਹਰ ਕੱਢ ਕੇ ਅਸਲੀ ਮਰੀਜ਼ ਨੂੰ ਅੰਦਰ ਲਿਆਂਦਾ। ਉਸ ਦਾ ਮੁਡ਼ ਅਾਪ੍ਰੇਸ਼ਨ ਸ਼ੁਰੂ ਕਰ ਦਿੱਤਾ। ਰਾਜਿੰਦਰਾ ਹਸਪਤਾਲ ਵਿਖੇ ਸਰਜਰੀ ਯੂਨਿਟ ਦੇ ਕਈ ਅਾਪ੍ਰੇਸ਼ਨ ਸ਼ਨੀਵਾਰ ਨੂੰ ਕੀਤੇ ਗਏ। ਇਨ੍ਹਾਂ ਵਿਚੋਂ ਅਮਰੀਕ ਰਾਮ, ਰਮੇਸ਼ ਕੁਮਾਰ ਅਤੇ ਅਮਨਦੀਪ ਸਿੰਘ ਦੀ ਲੱਤ ਦਾ ਵੀ ਅਾਪ੍ਰੇਸ਼ਨ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਜਦੋਂ ਅਾਪ੍ਰੇਸ਼ਨ ਤੋਂ ਬਾਅਦ ਅਗਲੇ ਦਿਨ ਸਾਰਿਆਂ ਦੇ ਐਕਸ-ਰੇ ਕਰਵਾਏ ਗਏ ਤਾਂ ਪਤਾ ਚੱਲਿਆ ਕਿ ਅਮਰੀਕ ਰਾਮ ਅਤੇ ਰਮੇਸ਼ ਕੁਮਾਰ ਦੇ ਅਾਪ੍ਰੇਸ਼ਨ ਠੀਕ ਨਹੀਂ ਹੋਏ। ਡਾਕਟਰਾਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਅਮਰੀਕ ਨੂੰ ਮੁਡ਼ ਅਾਪ੍ਰੇਸ਼ਨ ਥੀਏਟਰ ਵਿਚ ਬੁਲਾਇਆ ਅਤੇ 2 ਘੰਟੇ ਲਾ ਕੇ ਠੀਕ ਕੀਤਾ। ਇਸ ਤੋਂ ਬਾਅਦ ਅੱਜ ਰਮੇਸ਼ ਕੁਮਾਰ ਦਾ ਗਲਤ ਕੀਤਾ ਅਾਪ੍ਰੇਸ਼ਨ ਠੀਕ ਕਰਨਾ ਸੀ ਪਰ ਗਲਤੀ ਨਾਲ ਡਾਕਟਰਾਂ ਨੇ ਅਮਨਦੀਪ ਸਿੰਘ ਨਾਂ ਦੇ ਮਰੀਜ਼ ਨੂੰ ਅਾਪ੍ਰੇਸ਼ਨ ਥੀਏਟਰ ਵਿਚ  ਬੁਲਾ ਲਿਆ। ਉਸ ਦੇ ਵਾਰਸਾਂ ਤੋਂ ਹਜ਼ਾਰਾਂ ਰੁਪਏ ਦਾ ਸਾਮਾਨ ਵੀ ਮੰਗਵਾ ਲਿਆ। ਸੂਤਰਾਂ ਮੁਤਾਬਕ ਅਮਨਦੀਪ ਸਿੰਘ ਨੂੰ ਥੀਏਟਰ ਅੰਦਰ ਸਟਰੈਚਰ ’ਤੇ ਲਿਟਾ ਲਿਆ ਅਤੇ ਕਰੀਬ ਡੇਢ ਘੰਟੇ ਬਾਅਦ ਪਤਾ ਚੱਲਿਆ ਕਿ ਇਹ ਮਰੀਜ਼ ਗਲਤ ਆ ਗਿਆ ਹੈ। ਜਿਸ ਮਰੀਜ਼ ਦਾ ਅਾਪ੍ਰੇਸ਼ਨ ਠੀਕ ਕਰਨਾ ਹੈ, ਉਸ  ਨੂੰ ਲਿਅਾਂਦਾ ਹੀ ਨਹੀਂ ਗਿਆ। ਇਹ ਵੇਖ  ਕੇ ਡਾਕਟਰ ਹੋਰ  ਹੈਰਾਨੀ  ਵਿਚ  ਪੈ ਗਏ। ਉਨ੍ਹਾਂ ਨੇ ਖੁਦ ਵਾਰਡ  ਵਿਚ ਜਾ ਕੇ ਅਸਲੀ ਮਰੀਜ਼ ਰਮੇਸ਼ ਕੁਮਾਰ ਨੂੰ ਲਿਆਂਦਾ ਅਤੇ ਉਸ ਦਾ ਅਾਪ੍ਰੇਸ਼ਨ ਸਹੀ ਕੀਤਾ। ਇਹ ਸਭ ਹੁੰਦਾ ਦੇਖ ਮਰੀਜ਼ਾਂ ਦਾ ਹਸਪਤਾਲ ਹੀ ਨਹੀਂ ਬਲਕਿ ਡਾਕਟਰਾਂ ਤੋਂ ਵੀ ਵਿਸ਼ਵਾਸ ਉੱਠ ਗਿਆ ਹੈ। ਉੱਧਰ ਸਮਾਜ-ਸੇਵੀ ਵਿਕਾਸ ਸ਼ਰਮਾ, ਤੇਜਿੰਦਰ ਵਰਮਾ ਅਤੇ  ਪਰਮਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਡਾਕਟਰਾਂ ਜੋ ਕਿ ਮਰੀਜ਼ਾਂ ਦੀ  ਜਾਨ ਨਾਲ ਖੇਡਦੇ ਹਨ, ਖ਼ਿਲਾਫ਼  ਸਖ਼ਤ ਕਾਰਵਾਈ ਕੀਤੀ ਜਾਵੇ।
 ਪੇਚ ਵੱਡੇ ਪੈ ਗਏ ਸਨ : ਡਾ. ਬਰਾਡ਼ 
 ਉੱਧਰ ਯੂਨਿਟ ਮੁਖੀ ਡਾ. ਭੁਪਿੰਦਰ ਸਿੰਘ ਬਰਾਡ਼ ਦਾ ਕਹਿਣਾ ਹੈ ਕਿ ਮਰੀਜ਼ਾਂ ਦੇ ਅਾਪ੍ਰੇਸ਼ਨ ਦੌਰਾਨ ਪੇਚ ਵੱਡੇ ਪੈ ਗਏ ਸਨ। ਇਹ ਛੋਟੇ ਕਰਨ ਲਈ ਮੁਡ਼ ਅਾਪ੍ਰੇਸ਼ਨ ਥੀਏਟਰ ਬੁਲਾਇਆ ਗਿਆ ਹੈ। ਉਨ੍ਹਾਂ ਇਸ ਮਾਮਲੇ ’ਤੇ ਬਹੁਤੀ ਗੱਲ ਕਰਨ ਤੋਂ ਇਨਕਾਰ ਕੀਤਾ। 


Related News